ਮਲੇਸ਼ੀਆ ਨੇੜੇ ਕਿਸ਼ਤੀ ਡੁੱਬਣ ਕਾਰਨ 7 ਮਿਆਂਮਾਰ ਪ੍ਰਵਾਸੀਆਂ ਦੀ ਮੌਤ; 13 ਨੂੰ ਬਚਾਇਆ
ਮਲੇਸ਼ੀਆ ਵਿੱਚ ਬਚਾਅ ਕਰਮਚਾਰੀਆਂ ਨੇ ਇੱਕ ਕਿਸ਼ਤੀ ਦੇ ਡੁੱਬਣ ਤੋਂ ਬਾਅਦ ਮਿਆਂਮਾਰ ਦੇ ਸੱਤ ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ 13 ਲੋਕਾਂ ਨੂੰ ਜ਼ਿੰਦਾ ਬਚਾਇਆ ਹੈ।
ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਕਿਸ਼ਤੀ ਵਿੱਚ ਦਰਜਨਾਂ ਲੋਕ ਸਵਾਰ ਸਨ।
ਮਲੇਸ਼ੀਅਨ ਮੈਰੀਟਾਈਮ ਇਨਫੋਰਸਮੈਂਟ ਏਜੰਸੀ ਦੇ ਐਡਮ ਰੋਮਲੀ ਮੁਸਤਫਾ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ, ਇਹ ਜਹਾਜ਼ ਮਿਆਂਮਾਰ ਦੇ ਰਖਾਈਨ ਰਾਜ ਦੇ ਬੁੱਥੀਡੌਂਗ ਸ਼ਹਿਰ ਤੋਂ ਲਗਭਗ 300 ਲੋਕਾਂ ਨੂੰ ਲੈ ਕੇ ਰਵਾਨਾ ਹੋਇਆ ਸੀ।
ਪੁਲੀਸ ਅਤੇ ਸਮੁੰਦਰੀ ਏਜੰਸੀ ਦਾ ਮੰਨਣਾ ਹੈ ਕਿ ਜਦੋਂ ਜਹਾਜ਼ ਮਲੇਸ਼ੀਆ ਦੇ ਨੇੜੇ ਪਹੁੰਚਿਆ ਤਾਂ ਯਾਤਰੀਆਂ ਨੂੰ ਤਿੰਨ ਛੋਟੀਆਂ ਕਿਸ਼ਤੀਆਂ ਵਿੱਚ ਵੰਡ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਵਿੱਚੋਂ ਇੱਕ ਕਿਸ਼ਤੀ ਵੀਰਵਾਰ ਨੂੰ ਦੱਖਣੀ ਥਾਈਲੈਂਡ ਦੇ ਤਾਰੂਤਾਓ ਟਾਪੂ ਨੇੜੇ ਡੁੱਬ ਗਈ ਸੀ, ਅਤੇ ਕੁਝ ਪੀੜਤ ਮਲੇਸ਼ੀਆ ਦੇ ਉੱਤਰੀ ਟਾਪੂ ਲੈਂਗਕਾਵੀ ਤੱਕ ਵਹਿ ਗਏ।
ਹਾਦਸੇ ਦਾ ਸਹੀ ਸਮਾਂ ਅਤੇ ਜਗ੍ਹਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਬਾਕੀ ਦੋ ਕਿਸ਼ਤੀਆਂ ਦਾ ਕੀ ਬਣਿਆ, ਇਸ ਬਾਰੇ ਵੀ ਕੋਈ ਸਪੱਸ਼ਟਤਾ ਨਹੀਂ ਹੈ।
ਸਥਾਨਕ ਮੀਡੀਆ ਨੇ ਕੇਦਾਹ ਰਾਜ ਦੇ ਪੁਲੀਸ ਮੁਖੀ ਦੇ ਹਵਾਲੇ ਨਾਲ ਦੱਸਿਆ ਕਿ ਬਚਾਏ ਗਏ ਲੋਕਾਂ ਵਿੱਚੋਂ ਕੁਝ ਰੋਹਿੰਗਿਆ ਮੁਸਲਮਾਨ ਸਨ, ਜਿਨ੍ਹਾਂ ਨੂੰ ਮਿਆਂਮਾਰ ਵਿੱਚ ਦਹਾਕਿਆਂ ਤੋਂ ਅਤਿਆਚਾਰ ਦਾ ਸਾਹਮਣਾ ਕਰਨਾ ਪਿਆ ਹੈ।
ਰੋਮਲੀ ਨੇ ਚੇਤਾਵਨੀ ਦਿੱਤੀ ਕਿ ਸਰਹੱਦ ਪਾਰ ਦੇ ਗਿਰੋਹ (Cross-border syndicates) ਖ਼ਤਰਨਾਕ ਸਮੁੰਦਰੀ ਰਸਤਿਆਂ ਦੀ ਵਰਤੋਂ ਕਰਕੇ ਪ੍ਰਵਾਸੀਆਂ ਦਾ ਸ਼ੋਸ਼ਣ ਕਰਨ ਵਿੱਚ ਤੇਜ਼ੀ ਨਾਲ ਸਰਗਰਮ ਹੋ ਰਹੇ ਹਨ।
UNHCR (ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ) ਦੇ ਬੁਲਾਰੇ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ ਲਗਭਗ 5,200 ਰੋਹਿੰਗਿਆ ਸ਼ਰਨਾਰਥੀ ਖ਼ਤਰਨਾਕ ਸਮੁੰਦਰੀ ਯਾਤਰਾਵਾਂ ’ਤੇ ਨਿਕਲੇ ਹਨ, ਜਿਨ੍ਹਾਂ ਵਿੱਚੋਂ ਲਗਭਗ 600 ਦੇ ਲਾਪਤਾ ਜਾਂ ਮਰਨ ਦੀ ਖ਼ਬਰ ਹੈ।
