ਗਾਜ਼ਾ ’ਤੇ ਇਜ਼ਰਾਇਲੀ ਹਮਲਿਆਂ ’ਚ 40 ਫ਼ਲਸਤੀਨੀ ਹਲਾਕ
ਗਾਜ਼ਾ ’ਚ ਅੱਜ ਇਜ਼ਰਾਇਲੀ ਗੋਲੀਬਾਰੀ ਅਤੇ ਹਵਾਈ ਹਮਲਿਆਂ ਦੌਰਾਨ ਰਾਹਤ ਸਮੱਗਰੀ ਉਡੀਕਦੇ 10 ਲੋਕਾਂ ਸਣੇ ਘੱਟੋ-ਘੱਟ 40 ਫਲਸਤੀਨੀ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੰਜ ਹੋਰਨਾਂ ਦੀ ਮੌਤ ਭੁੱਖਮਰੀ ਕਾਰਨ ਹੋਈ ਹੈ। ਸਥਾਨਕ ਡਾਕਟਰਾਂ ਨੇ ਕਿਹਾ ਕਿ ਅਮਰੀਕਾ ਸਮਰਥਿਤ ਗਾਜ਼ਾ ਹਿਊਮਨਟੇਰੀਅਨ ਫਾਊਂਡੇਸ਼ਨ (ਜੀਐੱਚਐੱਫ) ਨਾਲ ਸਬੰਧਤ ਸਹਾਇਤਾ ਕੇਂਦਰਾਂ ਨੇੜੇ ਦੋ ਵੱਖ-ਵੱਖ ਘਟਨਾਵਾਂ ’ਚ 10 ਵਿਅਕਤੀ ਮਾਰੇ ਗਏ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਮਈ ਮਹੀਨੇ ਜੀਐੱਚਐੱਫ ਦਾ ਸੰਚਾਲਨ ਸ਼ੁਰੂ ਹੋਣ ਮਗਰੋਂ ਐਨਕਲੇਵ ’ਚ ਸਹਾਇਤਾ ਸਮੱਗਰੀ ਲੈਣ ਦੀ ਕੋਸ਼ਿਸ਼ ਦੌਰਾਨ 1,000 ਤੋਂ ਵੱਧ ਲੋਕ ਮਾਰੇ ਗਏ ਹਨ। ਇਨ੍ਹਾਂ ਵਿਚੋਂ ਬਹੁਤਿਆਂ ਨੂੰ ਜੀਐੱਚਐੱਫ ਦੇ ਕੇਂਦਰਾਂ ਨੇੜੇ ਇਜ਼ਰਾਇਲੀ ਬਲਾਂ ਵੱਲੋਂ ਗੋਲੀਆਂ ਮਾਰੀਆਂ ਗਈਆਂ ਹਨ।
ਫਲਸਤੀਨੀ ਨਾਗਰਿਕ ਬਿਲਾਲ ਥਾਰੀ ਨੇ ਕਿਹਾ, ‘‘ਜਿਹੜਾ ਵੀ ਉੱਥੇ ਜਾਂਦਾ ਹੈ, ਉਹ ਜਾਂ ਤਾਂ ਆਟੇ ਦੀ ਥੈਲੀ ਲੈ ਕੇ ਮੁੜਦਾ ਹੈ ਜਾਂ ਫਿਰ ਉਸ ਨੂੰ ਮ੍ਰਿਤਕ ਜਾਂ ਜ਼ਖਮੀ ਵਜੋਂ (ਲਕੜੀ ਦੇ ਸਟਰੇਚਰ ’ਤੇ) ਲਿਜਾਇਆ ਜਾਂਦਾ ਹੈ। ਕੋਈ ਵੀ ਉੱਥੋਂ ਸੁਰੱਖਿਅਤ ਨਹੀਂ ਮੁੜਦਾ।’’ ਉਸ ਨੇ ਕਿਹਾ, ‘‘ਅਸੀਂ ਜੰਗ ਨਹੀਂ ਚਾਹੁੰਦੇ, ਅਸੀਂ ਸ਼ਾਂਤੀ ਚਾਹੁੰਦੇ ਹਾਂ, ਅਸੀਂ ਇਸ ਸੰਤਾਪ ਦਾ ਖਾਤਮਾ ਚਾਹੁੰਦੇ ਹਾਂ। ਅਸੀਂ ਸੜਕਾਂ ’ਤੇ ਨਿਕਲੇ ਹੋਏ ਹਾਂ। ਅਸੀਂ ਸਾਰੇ ਭੁੱਖੇ ਅਤੇ ਮਾੜੀ ਹਾਲਤ ਵਿੱਚ ਹਾਂ। ਔਰਤਾਂ ਵੀ ਸੜਕਾਂ ’ਤੇ ਹਨ। ਆਮ ਵਾਂਗ ਜ਼ਿੰਦਗੀ ਬਿਤਾਉਣ ਲਈ ਸਾਡੇ ਕੋਲ ਕੁਝ ਵੀ ਉਪਲੱਬਧ ਨਹੀਂ ਹੈ।’’
ਅਧਿਕਾਰੀਆਂ ਨੇ ਕਿਹਾ ਕਿ ਐਤਵਾਰ ਨੂੰ ਉੱਤਰੀ ਗਾਜ਼ਾ ਪੱਟੀ ’ਚ ਜ਼ਕੀਮ ਲਾਂਘੇ ’ਤੇ ਯੂਐੱਨ ਦੇ ਸਹਾਇਤਾ ਸਮੱਗਰੀ ਵਾਲੇ ਟਰੱਕਾਂ ਦੀ ਉਡੀਕ ਦੌਰਾਨ ਘੱਟੋ-ਘੱਟ 13 ਫਲਸਤੀਨੀ ਮਾਰੇ ਗਏ ਸਨ। ਦੂਜੇ ਪਾਸੇ ਐਤਵਾਰ ਤੇ ਸੋਮਵਾਰ ਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਬਾਰੇ ਇਜ਼ਰਾਈਲ ਨੇ ਤੁਰੰਤ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ।
ਹਮਾਸ ਵੱਲੋਂ ਇਜ਼ਰਾਇਲੀ ਬੰਦੀਆਂ ਲਈ ਰੈੱਡ ਕਰਾਸ ਸਹਾਇਤਾ ਨੂੰ ਸਹਿਮਤੀ
ਗਾਜ਼ਾ: ਹਮਾਸ ਨੇ ਗਾਜ਼ਾ ਵਿੱਚ ਇਜ਼ਰਾਇਲੀ ਬੰਦੀਆਂ ਨੂੰ ਰੈੱਡ ਕਰਾਸ ਦੀ ਕੌਮਾਂਤਰੀ ਕਮੇਟੀ (ਆਈਸੀਆਰਸੀ) ਵੱਲੋਂ ਸਹਾਇਤਾ ਮੁਹੱਈਆ ਕਰਵਾਉਣ ਨੂੰ ਸਹਿਮਤੀ ਦਿੱਤੀ ਹੈ। ‘ਅਲ ਜ਼ਜ਼ੀਰਾ’ ਦੀ ਖ਼ਬਰ ਮੁਤਾਬਕ ਹਮਾਸ ਨੇ ਇਹ ਸਹਿਮਤੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਜਨੇਵਾ ਆਧਾਰਿਤ ਸੰਗਠਨ ਨੂੰ ਅਪੀਲ ਕਰਨ ਮਗਰੋਂ ਦਿੱਤੀ ਹੈ। ਨੇਤਨਯਾਹੂ ਨੇ ਲੰਘੇ ਦਿਨ ਆਈਸੀਆਰਸੀ ਦੇ ਇਜ਼ਰਾਈਲ ਸਬੰਧੀ ਡੈਲੀਗੇਟ ਦੇ ਮੁਖੀ ਜੂਲੀਅਨ ਲਾਰਸਨ ਨਾਲ ਗੱਲ ਕਰਕੇ ਗਾਜ਼ਾ ’ਚ ਹਾਲੇ ਤੱਕ ਬੰਦੀ ਬਣਾ ਕੇ ਰੱਖੇ ਲੋਕਾਂ ਲਈ ਖਾਣਾ ਤੇ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਸੀ। -ਏਐੱਨਆਈ