ਬੋਇੰਗ ਕੰਪਨੀ ਦੇ 3200 ਕਰਮਚਾਰੀ ਹੜਤਾਲ ’ਤੇ
ਬੋਇੰਗ ਲੜਾਕੂ ਜਹਾਜ਼ ਬਣਾਉਣ ਵਾਲੇ ਕਰਮਚਾਰੀ ਅੱਜ ਅੱਧੀ ਰਾਤ ਨੂੰ ਹੜਤਾਲ ’ਤੇ ਚਲੇ ਗਏ। ਇੰਟਰਨੈਸ਼ਨਲ ਐਸੋਸੀਏਸ਼ਨ ਆਫ ਮਸ਼ੀਨਿਸਟਸ ਐਂਡ ਏਅਰੋਸਪੇਸ ਵਰਕਰਜ਼ ਯੂਨੀਅਨ ਨੇ ਐਤਵਾਰ ਨੂੰ ਦੱਸਿਆ ਕਿ ਸੇਂਟ ਲੂਈ, ਸੇਂਟ ਚਾਰਲਸ, ਮਿਸੂਰੀ ਅਤੇ ਮਸਕਾਊਟਾ (ਇਲੀਨੋਇਸ) ਵਿੱਚ ਸਥਿਤ ਬੋਇੰਗ ਪਲਾਂਟਾਂ ਵਿੱਚ ਕੰਮ ਕਰਦੇ ਲਗਪਗ 3,200 ਕਰਮਚਾਰੀਆਂ ਨੇ ਬੋਇੰਗ ਨਾਲ ਸੋਧੇ ਹੋਏ ਚਾਰ ਸਾਲਾ ਕਿਰਤ ਸਮਝੌਤੇ ਨੂੰ ਅਸਵੀਕਾਰ ਕਰਨ ਦੇ ਪੱਖ ਵਿੱਚ ਵੋਟ ਪਾਈ ਹੈ। ਇਹ ਵੋਟਿੰਗ ਪਿਛਲੇ ਹਫ਼ਤੇ ਸੰਕਟ ਨਾਲ ਜੂਝ ਰਹੀ ਕੰਪਨੀ ਦੀ ਪਿਛਲੀ ਪੇਸ਼ਕਸ਼ ਨੂੰ ਰੱਦ ਕੀਤੇ ਜਾਣ ਮਗਰੋਂ ਹੋਈ। ਇਸ ਪੇਸ਼ਕਸ਼ ਵਿੱਚ ਚਾਰ ਸਾਲਾਂ ਵਿੱਚ 20 ਫ਼ੀਸਦ ਤਨਖਾਹ ਵਧਾਉਣ ਦੀ ਤਜਵੀਜ਼ ਸੀ। ਯੂਨੀਅਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ, ‘‘ਬੋਇੰਗ ਦੇ 200 ਉੱਚ ਕੁਸ਼ਲਤਾ ਵਾਲੇ ਆਈਏਐੱਮ ਯੂਨੀਅਨ ਮੈਂਬਰ ਅੱਧੀ ਰਾਤ ਨੂੰ ਹੜਤਾਲ ’ਤੇ ਚਲੇ ਗਏ...।’’ ਮੱਧ-ਪੱਛਮੀ ਖੇਤਰ ਲਈ ਯੂਨੀਅਨ ਦੇ ਜਨਰਲ ਸਕੱਤਰ ਸੈਮ ਸਿਸੀਨੇਲੀ ਨੇ ਬਿਆਨ ਵਿੱਚ ਕਿਹਾ, ‘‘ਆਈਏਐੱਮ ਡਿਸਟ੍ਰਿਕਟ 837 ਦੇ ਮੈਂਬਰ ਅਜਿਹੇ ਜਹਾਜ਼ ਅਤੇ ਰੱਖਿਆ ਸਿਸਟਮ ਬਣਾਉਂਦੇ ਹਨ, ਜੋ ਸਾਡੇ ਦੇਸ਼ ਨੂੰ ਸੁਰੱਖਿਅਤ ਰੱਖਦੇ ਹਨ। ਉਹ ਅਜਿਹੇ ਸਮਝੌਤੇ ਦੇ ਹੱਕਦਾਰ ਹਨ ਜੋ ਉਨ੍ਹਾਂ ਦੇ ਪਰਿਵਾਰਾਂ ਨੂੰ ਸੁਰੱਖਿਅਤ ਰੱਖੇ।’’
ਬੋਇੰਗ ਏਅਰ ਡੌਮੀਨੈਂਸ ਦੇ ਵਾਈਸ ਚੈਅਰਮੈਨ ਤੇ ਜਨਰਲ ਮੈਨੇਜਰ ਡੈਨ ਗਿਲੀਅਨ ਨੇ ਕਿਹਾ, ‘‘ਅਸੀਂ ਨਿਰਾਸ਼ ਹਾਂ ਕਿ ਸਾਡੇ ਕਰਮਚਾਰੀਆਂ ਨੇ ਤਜਵੀਜ਼ ਠੁਕਰਾ ਦਿੱਤੀ ਹੈ। ... ਅਸੀਂ ਹੜਤਾਲ ਲਈ ਤਿਆਰ ਹਾਂ ਅਤੇ ਆਪਣੀ ਐਮਰਜੈਂਸੀ ਯੋਜਨਾ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹੜਤਾਲ ਨਾ ਕਰਨ ਵਾਲੇ ਸਾਡੇ ਕਰਮਚਾਰੀਆਂ ਅਤੇ ਗਾਹਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।’’ ਕੰਪਨੀ ਆਪਣੇ ਦੋ ਬੋਇੰਗ 737 ਮੈਕਸ ਜਹਾਜ਼ ਹਾਦਸਾਗ੍ਰਸਤ ਹੋਣ ਮਗਰੋਂ ਸਮੱਸਿਆਵਾਂ ਨਾਲ ਜੂਝ ਰਹੀ ਹੈ। ਸਾਲ 2018 ਵਿੱਚ ਇੰਡੋਨੇਸ਼ੀਆ ਅਤੇ 2019 ਵਿੱਚ ਇਥੋਪੀਆ ਵਿੱਚ ਬੋਇੰਗ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 346 ਯਾਤਰੀ ਮਾਰੇ ਗਏ ਸਨ।