ਮੈਕਸਿਕੋ ਵਿੱਚ ਹੜ੍ਹਾਂ ਕਾਰਨ 28 ਵਿਅਕਤੀਆਂ ਦੀ ਮੌਤ
ਕੇਂਦਰੀ ਤੇ ਦੱਖਣ-ਪੂਰਬੀ ਮੈਕਸਿਕੋ ਵਿੱਚ ਭਾਰੀ ਮੀਂਹ ਦੌਰਾਨ ਆਏ ਹੜ੍ਹਾਂ ਕਾਰਨ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਿੱਚ 28 ਜਣਿਆਂ ਦੀ ਮੌਤ ਹੋ ਗਈ ਅਤੇ ਘਰਾਂ, ਸੜਕਾਂ ਅਤੇ ਹਸਪਤਾਲਾਂ ਨੂੰ ਵੀ ਨੁਕਸਾਨ ਪੁੱਜਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਛੇ ਸੂਬਿਆਂ ਵਿੱਚ ਲਗਪਗ ਹਜ਼ਾਰ ਕਿਲੋਮੀਟਰ ਸੜਕਾਂ ਨੁਕਸਾਨੀਆਂ ਗਈਆਂ ਹਨ ਅਤੇ ਬਿਜਲੀ ਸਪਲਾਈ ਠੱਪ ਹੋਣ ਕਾਰਨ 3,20,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।
ਸੋਸ਼ਲ ਮੀਡੀਆ ’ਤੇ ਪਾਈਆਂ ਵੀਡੀਓਜ਼ ਵਿੱਚ ਸੜਕਾਂ, ਵਾਹਨ ਤੇ ਘਰ ਲਗਪਗ ਪੂਰੀ ਤਰ੍ਹਾਂ ਡੁੱਬੇ ਨਜ਼ਰ ਆ ਰਹੇ ਹਨ। ਰਾਹਤ ਕਾਰਜਾਂ ਲਈ 8,700 ਫੌਜੀ ਤਾਇਨਾਤ ਕੀਤੇ ਗਏ ਹਨ। ਮੈਕਸਿਕੋ ਦੇ ਗ੍ਰਹਿ ਮੰਤਰੀ ਗੁਇਲਰਮੋ ਓਲੀਵਰੇਸ ਰੇਯਨਾ ਅਨੁਸਾਰ, ਹਿਡਾਲਗੋ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਿੱਥੇ 16 ਮੌਤਾਂ ਹੋਈਆਂ ਹਨ। ਢਿੱਗਾਂ ਡਿੱਗਣ ਅਤੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸੂਬੇ ਵਿੱਚ ਲਗਪਗ ਇੱਕ ਹਜ਼ਾਰ ਘਰਾਂ, 59 ਹਸਪਤਾਲਾਂ ਤੇ ਕਲੀਨਿਕਾਂ ਅਤੇ 308 ਸਕੂਲਾਂ ਨੂੰ ਨੁਕਸਾਨ ਪੁੱਜਾ ਹੈ। ਗਵਰਨਰ ਅਲੈਜੇਂਦਰੋ ਅਰਮੈਂਟਾ ਅਨੁਸਾਰ, ਗੁਆਂਢੀ ਸੂਬੇ ਪੁਏਬਲਾ ਵਿੱਚ ਨੌਂ ਜਣਿਆਂ ਦੀ ਮੌਤ ਹੋ ਗਈ, ਜਦੋਂਕਿ 13 ਲਾਪਤਾ ਹਨ। ਉਨ੍ਹਾਂ ਸੰਘੀ ਸਰਕਾਰ ਨੂੰ ਹੜ੍ਹਾਂ ਕਾਰਨ ਘਰ ਦੀਆਂ ਛੱਤਾਂ ’ਤੇ ਫਸੇ 15 ਜਣਿਆਂ ਨੂੰ ਬਚਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਸੂਬੇ ਵਿੱਚ ਲਗਪਗ 80 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ ਅਤੇ ਢਿੱਗਾਂ ਡਿੱਗਣ ਕਾਰਨ ਗੈਸ ਪਾਈਪਲਾਈਨ ਟੁੱਟ ਗਈ ਹੈ। ਵੇਰਾਕਰੂਜ਼ ਦੇ ਗਵਰਨਰ ਰੋਕੀਓ ਨਾਹਲੇ ਨੇ ਦੱਸਿਆ ਕਿ ਸੂਬੇ ਵਿੱਚ ਇੱਕ ਪੁਲੀਸ ਅਧਿਕਾਰੀ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ। ਲਗਪਗ 5,000 ਘਰਾਂ ਨੂੰ ਨੁਕਸਾਨ ਪੁੱਜਾ ਹੈ। ਜਲ ਸੈਨਾ ਨੇ ਲਗਪਗ 900 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ।