ਰੂਸ ਵੱਲੋਂ ਯੂੁਕਰੇਨ ’ਤੇ ਡਰੋਨ ਤੇ ਮਿਜ਼ਾਈਲਾਂ ਨਾਲ ਹਮਲਿਆਂ ’ਚ 15 ਹਲਾਕ
ਕੀਵ, 17 ਜੂਨ
ਰੂਸ ਵੱਲੋਂ ਯੂਕਰੇਨ ’ਤੇ ਰਾਤ ਸਮੇਂ ਕੀਵ ਤੇ ਓਡੇਸਾ ’ਚ ਮਿਜ਼ਾਈਲਾਂ ਤੇ ਡਰੋਨਾਂ ਨਾਲ ਕੀਤੇ ਹਮਲਿਆਂ ’ਚ 15 ਵਿਅਕਤੀ ਹਲਾਕ ਤੇ 156 ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਹਮਲਿਆਂ ’ਚ ਮੁੱਖ ਤੌਰ ’ਤੇ ਰਾਜਧਾਨੀ ਕੀਵ ਨੂੰ ਨਿਸ਼ਾਨਾ ਬਣਾਇਆ ਗਿਆ।
ਕੀਵ ਸਿਟੀ ਮਿਲਟਰੀ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਕਾਚੈਂਕੋ ਨੇ ਦੱਸਿਆ ਕਿ ਰਾਤ ਨੂੰ ਲਗਪਗ ਨੌਂ ਘੰਟਿਆਂ ਤੱਕ ਹੋਏ ਹਮਲਿਆਂ ’ਚ 14 ਵਿਅਕਤੀ ਹਲਾਕ ਹੋ ਗਏ ਅਤੇ ਬੰਬਾਰੀ ’ਚ ਦਰਜਨਾਂ ਅਪਾਰਟਮੈਂਟ ਨਸ਼ਟ ਹੋ ਗਏ। ਯੂਕਰੇਨ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਕੀਵ ਵਿੱਚ 139 ਵਿਅਕਤੀ ਜ਼ਖਮੀ ਹੋਏ ਹਨ। ਇਹ ਹਾਲੀਆ ਮਹੀਨਿਆਂ ’ਚ ਯੂਕਰੇਨ ਦੀ ਰਾਜਧਾਨੀ ’ਚ ਹੋਏ ਸਭ ਤੋਂ ਮਾਰੂ ਹਮਲਿਆਂ ਵਿੱਚੋਂ ਇੱਕ ਹੈ ਅਤੇ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਜੰਗ ਖਤਮ ਕਰਨ ਲਈ ਦੋ ਗੇੜ ਦੀ ਸ਼ਾਂਤੀ ਗੱਲਬਾਤ ਬੇਨਤੀਜਾ ਰਹੀ ਹੈ। ਖੇਤਰੀ ਪ੍ਰਸ਼ਾਸਨ ਮੁਖੀ ਓਲੇਹ ਕੀਪਰ ਮੁਤਾਬਕ ਰੂਸ ਨੇ ਦੱਖਣੀ ਬੰਦਰਗਾਹ ਸ਼ਹਿਰ ਓਡੇਸਾ ’ਚ ਵੀ ਡਰੋਨ ਹਮਲੇ ਕੀਤੇ ਜਿਨ੍ਹਾਂ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਤੇ 17 ਜ਼ਖ਼ਮੀ ਹੋ ਗਏ। ਗ੍ਰਹਿ ਮੰਤਰੀ ਨੇ ਘਟਨਾ ਸਥਾਨ ’ਤੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲੇ ’ਚ ਜ਼ਖ਼ਮੀ ਹੋਏ ਅਮਰੀਕੀ ਨਾਗਰਿਕ ਦੀ ਮੌਤ ਹੋ ਗਈ ਹੈ। -ਏਪੀ
440 ਤੋਂ ਵੱਧ ਡਰੋਨ ਅਤੇ 32 ਮਿਜ਼ਾਈਲਾਂ ਦਾਗੀਆਂ: ਜ਼ੇਲੈਂਸਕੀ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਇਸ ਹਮਲੇ ਨੂੰ ‘ਕੀਵ’ ਉੱਤੇ ਸਭ ਤੋਂ ਭਿਆਨਕ ਹਮਲਿਆਂ ਵਿਚੋਂ ਇੱਕ ਕਰਾਰ ਦਿੱਤਾ ਅਤੇ ਕਿਹਾ ਕਿ ਰੂਸੀ ਸੁਰੱਖਿਆ ਬਲਾਂ ਨੇ ਰਾਤ ਭਰ ਯੂਕਰੇਨ ’ਤੇ 440 ਤੋਂ ਵੱਧ ਡਰੋਨ ਅਤੇ 32 ਮਿਜ਼ਾਈਲਾਂ ਦਾਗੀਆਂ। ਜ਼ੇਲੈਂਸਕੀ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ‘‘ਅਜਿਹਾ ਸਿਰਫ ਇਸ ਕਰਕੇ ਕਰ ਰਹੇ ਹਨ ਕਿਉਂਕਿ ਉਹ ਜੰਗ ਜਾਰੀ ਰੱਖਣ ਦਾ ਜੋਖ਼ਮ ਉਠਾ ਸਕਦੇ ਹਨ। ਇਹ ਬਹੁਤ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਦੁਨੀਆ ਦੇ ਤਾਕਤਵਰ ਲੋਕ ਇਸ ਵੱਲੋਂ ਅੱਖਾਂ ਬੰਦ ਕਰ ਲੈਂਦੇ ਹਨ।’’