ਨੇਪਾਲ ’ਚ ਸੋਸ਼ਲ ਮੀਡੀਆ ’ਤੇ ਪਾਬੰਦੀ ਖ਼ਿਲਾਫ਼ ਹਿੰਸਾ ’ਚ 14 ਹਲਾਕ
ਪ੍ਰਤੱਖਦਰਸ਼ੀਆਂ ਨੇ ਕਿਹਾ ਕਿ ਪ੍ਰਦਰਸ਼ਨ ਉਸ ਸਮੇਂ ਹਿੰਸਕ ਹੋ ਗਏ ਜਦੋਂ ਕੁਝ ਨੌਜਵਾਨਾਂ ਨੇ ਸੰਸਦੀ ਕੰਪਲੈਕਸ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ, ਹੰਝੂ ਗੈਸ ਦੇ ਗੋਲੇ ਦਾਗ਼ੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ। ਨੇਪਾਲ ਪੁਲੀਸ ਦੇ ਤਰਜਮਾਨ ਨੇ ਕਿਹਾ ਕਿ ਸੁਰੱਖਿਆ ਬਲਾਂ ਦੇ ਜਵਾਨਾਂ ਸਮੇਤ 42 ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਦਾ ਕਾਠਮੰਡੂ ਦੇ ਸਿਵਲ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਕਾਠਮੰਡੂ ਜ਼ਿਲ੍ਹਾ ਪ੍ਰਸ਼ਾਸਨ ਨੇ ਗੜਬੜ ’ਤੇ ਕਾਬੂ ਪਾਉਣ ਲਈ ਸੰਸਦ ਦੀ ਇਮਾਰਤ ਨੇੜਲੇ ਇਲਾਕਿਆਂ ’ਚ ਬਾਅਦ ਦੁਪਹਿਰ ਸਾਢੇ 12 ਵਜੇ ਤੋਂ ਰਾਤ 10 ਵਜੇ ਤੱਕ ਲਈ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਬਾਅਦ ’ਚ ਪ੍ਰਸ਼ਾਸਨ ਨੇ ਪਾਬੰਦੀ ਦੇ ਹੁਕਮ ਰਾਸ਼ਟਰਪਤੀ ਭਵਨ, ਉਪ ਰਾਸ਼ਟਰਪਤੀ ਦੀ ਰਿਹਾਇਸ਼ ਅਤੇ ਪ੍ਰਧਾਨ ਮੰਤਰੀ ਦੇ ਦਫ਼ਤਰ ਵਾਲੇ ਇਲਾਕਿਆਂ ’ਚ ਵੀ ਲਾਗੂ ਕਰ ਦਿੱਤੇ। ਨੇਪਾਲ ਸਰਕਾਰ ਨੇ 4 ਸਤੰਬਰ ਨੂੰ ਫੇਸਬੁੱਕ, ਵਟਸਐਪ ਅਤੇ ਐਕਸ ਸਮੇਤ 26 ਸੋਸ਼ਲ ਮੀਡੀਆ ਸਾਈਟਾਂ ’ਤੇ ਪਾਬੰਦੀ ਲਗਾ ਦਿੱਤੀ ਸੀ ਜੋ ਲਾਜ਼ਮੀ ਰਜਿਸਟਰੇਸ਼ਨ ਪ੍ਰਕਿਰਿਆ ਦਾ ਪਾਲਣ ਨਹੀਂ ਕਰਦੀਆਂ ਸਨ। ਸਰਕਾਰ ਨੇ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਸੋਸ਼ਲ ਮੀਡੀਆ ਸਾਈਟਾਂ ’ਤੇ ਪਾਬੰਦੀ ਉਨ੍ਹਾਂ ਨੂੰ ਨਿਯਮਤ ਕਰਨ ਲਈ ਲਾਈ ਗਈ ਹੈ ਪਰ ਲੋਕਾਂ ’ਚ ਧਾਰਨਾ ਬਣ ਗਈ ਕਿ ਇਹ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਹਮਲਾ ਹੋਵੇਗਾ ਅਤੇ ਫਿਰ ਸੈਂਸਰਸ਼ਿਪ ਵੀ ਲੱਗ ਸਕਦੀ ਹੈ। -ਪੀਟੀਆਈ