ਗਾਜ਼ਾ ਸਿਟੀ ’ਤੇ ਇਜ਼ਰਾਇਲੀ ਹਮਲਿਆਂ ’ਚ 14 ਹਲਾਕ
ਇਜ਼ਰਾਈਲ ਵੱਲੋਂ ਗਾਜ਼ਾ ਸਿਟੀ ’ਤੇ ਰਾਤ ਭਰ ਕੀਤੇ ਹਮਲਿਆਂ ’ਚ ਘੱਟੋ-ਘੱਟ 14 ਵਿਅਕਤੀ ਮਾਰੇ ਗਏ। ਇਜ਼ਰਾਈਲ ਨੇ ਗਾਜ਼ਾ ’ਚ ਹਮਲੇ ਤੇਜ਼ ਕਰ ਦਿੱਤੇ ਹਨ ਤੇ ਫਲਸਤੀਨੀਆਂ ਨੂੰ ਉਥੋਂ ਜਾਣ ਦੀ ਅਪੀਲ ਕੀਤੀ ਹੈ। ਸ਼ਿਫਾ ਹਸਪਤਾਲ ਵਿੱਚ ਕੁਝ ਲਾਸ਼ਾਂ ਲਿਆਂਦੀਆਂ ਗਈਆਂ ਹਨ। ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਰਾਮੀ ਮਹਾਨਾ ਨੇ ਕਿਹਾ ਕਿ ਮ੍ਰਿਤਕਾਂ ਵਿਚੋਂ ਛੇ ਇੱਕ ਪਰਿਵਾਰ ਦੇ ਮੈਂਬਰ ਸਨ ਜੋ ਅੱਜ ਸਵੇਰੇ ਉਨ੍ਹਾਂ ਦੇ ਘਰ ’ਤੇ ਹੋਏ ਹਮਲੇ ’ਚ ਮਾਰੇ ਗਏ। ਉਹ ਹਸਪਤਾਲ ਦੇ ਡਾਇਰੈਕਟਰ ਡਾਕਟਰ ਮੁਹੰਮਦ ਅਬੂ ਸੇਲਮੀਆ ਦੇ ਰਿਸ਼ਤੇਦਾਰ ਸਨ। ਫਲਸਤੀਨੀ ਰੈੱਡ ਕ੍ਰੀਸੈਂਟ ਨੇ ਕਿਹਾ ਕਿ ਸ਼ਾਵਾ ਸਕੁਏਅਰ ਨੇੜੇ ਹੋਏ ਇੱਕ ਹੋਰ ਹਮਲੇ ’ਚ ਪੰਜ ਹੋਰ ਵਿਅਕਤੀ ਮਾਰੇ ਗਏ। ਦੂਜੇ ਪਾਸੇ ਇਜ਼ਰਾਇਲੀ ਫੌਜ ਹਮਲਿਆਂ ਸਬੰਧੀ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਹ ਹਮਲੇ ਅਜਿਹੇ ਸਮੇਂ ਹੋਏ ਜਦੋਂ ਪੱਛਮੀ ਮੁਲਕ ਗਾਜ਼ਾ ’ਚ ਜੰਗ ਤੋਂ ਅੱਕ ਚੁੱਕੇ ਅਤੇ ਕੁਝ ਮੁਲਕ ਅਗਲੇ ਹਫ਼ਤੇ ਸੰਯੁਕਤ ਜਨਰਲ ਅਸੈਂਬਲੀ ਵਿੱਚ ਆਲਮੀ ਆਗੂਆਂ ਦੀ ਮੀਟਿੰਗ ’ਚ ਫਲਸਤੀਨ ਨੂੰ ਮੁਲਕ ਦਾ ਦਰਜਾ ਦੇਣ ਲਈ ਕਦਮ ਚੁੱਕ ਰਹੇ ਹਨ। ਸ਼ੁੱਕਰਵਾਰ ਨੂੰ ਪੁਰਤਗਾਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਐਤਵਾਰ ਨੂੰ ਫਲਸਤੀਨ ਨੂੰ ਮੁਲਕ ਦਾ ਦਰਜਾ ਦੇਵੇਗਾ। ਪੁਰਤਗਾਲ ਹੋਰ ਪੱਛਮੀ ਮੁਲਕਾਂ ਯੂ ਕੇ, ਕੈਨੇਡਾ, ਆਸਟਰੇਲੀਆ, ਮਾਲਟਾ, ਬੈਲਜੀਅਮ ਅਤੇ ਲਕਜ਼ਮਬਰਗ ਆਦਿ ਵਿੱਚ ਸ਼ਾਮਲ ਹੈ। ਆਗਾਮੀ ਦਿਨਾਂ ’ਚ ਫਲਸਤੀਨ ਨੂੰ ਮੁਲਕ ਦਾ ਦਰਜਾ ਦਿੱਤੇ ਜਾਣ ਦੀ ਉਮੀਦ ਹੈ। ਦੂੁਜੇ ਪਾਸੇ ਇਸ ਹਫ਼ਤੇ ਸ਼ੁਰੂ ਹੋਏ ਇਜ਼ਰਾਇਲੀ ਅਪਰੇਸ਼ਨ ਨੇ ਮੱਧ ਪੂਰਬ ’ਚ ਤਣਾਅ ਵਧਾ ਦਿੱਤਾ ਹੈ। ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਉਹ ਹਮਾਸ ਦਾ ਮਿਲਟਰੀ ਢਾਂਚਾ ਤਬਾਹ ਕਰਨਾ ਚਾਹੁੰਦੀ ਹੈ। ਇਜ਼ਾਰਈਲ ਵੱਲੋਂ ਸਬੰਧੀ ਕੋਈ ਸਮਾਂਹੱਦ ਨਹੀਂ ਦੱਸੀ ਗਈ ਪਰ ਅਜਿਹੇ ਸੰਕੇਤ ਹਨ ਕਿ ਇਸ ਵਿੱਚ ਕਈ ਮਹੀਨੇ ਲੱਗ ਸਕਦੇ ਹਨ।