ਕੀਨੀਆ ਵਿੱਚ ਢਿੱਗਾਂ ਡਿੱਗਣ ਕਾਰਨ 13 ਹਲਾਕ
Landslide kills at least 13 in western Kenya ਪੱਛਮੀ ਕੀਨੀਆ ਦੀ ਰਿਫਟ ਵੈਲੀ ਵਿੱਚ ਸ਼ਨਿਚਰਵਾਰ ਸਵੇਰੇ ਭਾਰੀ ਮੀਂਹ ਤੋਂ ਬਾਅਦ ਢਿੱਗਾਂ ਡਿੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਐਲਗੇਯੋ-ਮਾਰਕਵੇਟ ਕਾਊਂਟੀ ਦੇ ਪੁਲੀਸ ਕਮਾਂਡਰ ਪੀਟਰ ਮੁਲਿੰਗੇ ਨੇ ਖਬਰ ਏਜੰਸੀ ਨੂੰ ਦੱਸਿਆ ਕਿ 19 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ ਤੇ ਕਈ ਲਾਪਤਾ ਹਨ। ਕੀਨੀਆ ਦੇ ਗ੍ਰਹਿ ਮੰਤਰੀ ਕਿਪਚੁੰਬਾ ਮੁਰਕੋਮੇਨ ਨੇ ਕਿਹਾ ਕਿ ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਫੌਜ ਅਤੇ ਪੁਲੀਸ ਦੇ ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ।
ਕੀਨੀਆ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਢਿੱਗਾਂ ਡਿੱਗਣ ਅਤੇ ਹੜ੍ਹਾਂ ਕਾਰਨ ਸੈਂਕੜੇ ਲੋਕ ਮਾਰੇ ਗਏ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਇਹ ਘਟਨਾਵਾਂ ਵਾਪਰ ਰਹੀਆਂ ਹਨ। ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਮੱਧ ਕੀਨੀਆ ਵਿੱਚ ਢਿੱਗਾਂ ਡਿੱਗਣ ਅਤੇ ਹੜ੍ਹਾਂ ਕਾਰਨ 61 ਲੋਕ ਮਾਰੇ ਗਏ ਸਨ। ਯੂਗਾਂਡਾ ਰੈੱਡ ਕਰਾਸ ਅਨੁਸਾਰ ਗੁਆਂਢੀ ਯੂਗਾਂਡਾ ਦੇ ਪੂਰਬ ਵਿੱਚ ਜ਼ਮੀਨ ਖਿਸਕਣ ਨਾਲ ਵੀ ਇਸ ਹਫ਼ਤੇ 13 ਲੋਕਾਂ ਦੀ ਮੌਤ ਹੋ ਗਈ ਹੈ।
