ਕੀਵ ’ਤੇ ਰੂਸ ਦੇ ਹਮਲੇ ’ਚ 11 ਹਲਾਕ, 124 ਜ਼ਖ਼ਮੀ
ਰੂਸ ਨੇ ਯੂਕਰੇਨ ਦੀ ਰਾਜਧਾਨੀ ’ਤੇ ਰਾਤ ਨੂੰ ਮਿਜ਼ਾਈਲਾਂ ਤੇ ਡਰੋਨ ਨਾਲ ਹਮਲਾ ਕੀਤਾ, ਜਿਸ ’ਚ ਛੇ ਸਾਲ ਦੇ ਬੱਚੇ ਸਮੇਤ ਘੱਟ ਤੋਂ ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ। ਕੀਵ ਸਿਟੀ ਫੌਜੀ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਕਾਚੈਂਕੋ ਨੇ ਕਿਹਾ ਕਿ ਹਮਲਿਆਂ ’ਚ ਘੱਟ ਤੋਂ ਘੱਟ 124 ਵਿਅਕਤੀ ਜ਼ਖ਼ਮੀ ਹੋਏ ਹਨ ਤੇ ਇਹ ਗਿਣਤੀ ਵਧਣ ਦਾ ਖ਼ਦਸ਼ਾ ਹੈ। ਤਕਾਚੈਂਕੋ ਨੇ ਦੱਸਿਆ ਕਿ ਇਸ ਹਮਲੇ ’ਚ ਨੌਂ ਮੰਜ਼ਿਲਾ ਰਿਹਾਇਸ਼ੀ ਇਮਾਰਤ ਦਾ ਇਕ ਵੱਡਾ ਹਿੱਸਾ ਢਹਿ ਗਿਆ।
ਉਨ੍ਹਾਂ ਦੱਸਿਆ ਕਿ ਬਚਾਅ ਟੀਮਾਂ ਮਲਬੇ ਹੇਠ ਫਸੇ ਲੋਕਾਂ ਨੂੰ ਬਚਾਉਣ ਲਈ ਘਟਨਾ ਸਥਾਨ ’ਤੇ ਮੌਜੂਦ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਮੰਚ ‘ਟੈਲੀਗ੍ਰਾਮ’ ’ਤੇ ਲਿਖਿਆ, ‘ਮਿਜ਼ਾਈਲ ਹਮਲਾ। ਸਿੱਧਾ ਰਿਹਾਇਸ਼ੀ ਇਮਾਰਤ ’ਤੇ। ਲੋਕ ਮਲਬੇ ਹੇਠ ਦਬੇ ਹੋਏ ਹਨ। ਸਾਰੀਆਂ ਸੇਵਾਵਾਂ ਘਟਨਾ ਸਥਾਨ ’ਤੇ ਹਨ।’ ਘਟਨਾ ਸਥਾਨ ਤੋਂ ਪ੍ਰਾਪਤ ਤਸਵੀਰਾਂ ’ਚ ਹਮਲੇ ਵਿੱਚ ਨੁਕਸਾਨੀ ਇਮਾਰਤ ’ਚੋਂ ਧੂੰਆਂ ਉਠਦਾ ਹੋਇਆ ਅਤੇ ਜ਼ਮੀਨ ’ਤੇ ਮਲਬਾ ਖਿੱਲ੍ਹਰਿਆ ਹੋਇਆ ਦਿਖਾਈ ਦੇ ਰਿਹਾ ਹੈ। ਤਕਾਚੈਂਕੋ ਨੇ ਦੱਸਿਆ ਕਿ ਕੀਵ ’ਚ ਘੱਟ ਤੋਂ ਘੱਟ 27 ਥਾਵਾਂ ’ਤੇ ਹਮਲਾ ਹੋਇਆ, ਜਿਨ੍ਹਾਂ ’ਚੋਂ ਸਭ ਤੋਂ ਵੱਧ ਨੁਕਸਾਨ ਸੋਲੋਮਿੰਸਕਈ ਤੇ ਸਵਿਯਾਤੋਸ਼ਿਨਸਕਈ ਜ਼ਿਲ੍ਹਿਆਂ ’ਚ ਹੋਇਆ।
ਇਸੇ ਦਰਮਿਆਨ ਰੂਸ ਦੇ ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਉਸ ਨੇ ਰਾਤ ਭਰ ਵਿੱਚ 32 ਯੂਕਰੇਨੀ ਡਰੋਨ ਹੇਠਾਂ ਸੁੱਟੇ ਹਨ। ਸਥਾਨਕ ਗਵਰਨਰ ਓਲੇਗ ਮੈਲਿਨਚੈਂਕੋ ਨੇ ਦੱਸਿਆ ਕਿ ਰੂਸ ਦੇ ਪੈਂਜ਼ਾ ਖੇਤਰ ’ਚ ਇੱਕ ਸਨਅਤੀ ਸਥਾਨ ’ਤੇ ਡਰੋਨ ਹਮਲੇ ਕਾਰਨ ਅੱਗ ਲੱਗ ਗਈ। ਉਨ੍ਹਾਂ ਤੁਰੰਤ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਅਤੇ ਬੱਸ ਇਹੀ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।