ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਹਾਨ ਸਿੱਖ ਯੋਧਾ ਭਾਈ ਸੁੱਖਾ ਸਿੰਘ

ਸਿੱਖ ਇਤਿਹਾਸ ਉਂਝ ਤਾਂ ਸੂਰਬੀਰਾਂ, ਯੋਧਿਆਂ ਅਤੇ ਮਾਣਮੱਤੇ ਸ਼ਹੀਦਾਂ ਨਾਲ ਭਰਿਆ ਪਿਆ ਹੈ ਪਰ ਫਿਰ ਵੀ ਕੁਝ ਅਜਿਹੇ ਅਣਖੀਲੇ ਯੋਧੇ ਸੂਰਮੇ ਹੋਏ ਹਨ, ਜੋ ਆਪਣਾ ਨਾਂ ਸ਼ਹੀਦਾਂ ਦੀ ਕਤਾਰ ਵਿੱਚ ਸੁਨਹਿਰੀ ਅੱਖਰਾਂ ਵਿਚ ਲਿਖਵਾ ਗਏ ਹਨ। ਇਨ੍ਹਾਂ ਸੂਰਬੀਰਾਂ ਨੇ ਧਰਮ...
ਹਨੂੰਮਾਨਗੜ੍ਹ ਸਥਿਤ ਗੁਰਦੁਆਰਾ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ।
Advertisement

ਸਿੱਖ ਇਤਿਹਾਸ ਉਂਝ ਤਾਂ ਸੂਰਬੀਰਾਂ, ਯੋਧਿਆਂ ਅਤੇ ਮਾਣਮੱਤੇ ਸ਼ਹੀਦਾਂ ਨਾਲ ਭਰਿਆ ਪਿਆ ਹੈ ਪਰ ਫਿਰ ਵੀ ਕੁਝ ਅਜਿਹੇ ਅਣਖੀਲੇ ਯੋਧੇ ਸੂਰਮੇ ਹੋਏ ਹਨ, ਜੋ ਆਪਣਾ ਨਾਂ ਸ਼ਹੀਦਾਂ ਦੀ ਕਤਾਰ ਵਿੱਚ ਸੁਨਹਿਰੀ ਅੱਖਰਾਂ ਵਿਚ ਲਿਖਵਾ ਗਏ ਹਨ। ਇਨ੍ਹਾਂ ਸੂਰਬੀਰਾਂ ਨੇ ਧਰਮ ਦੀ ਰੱਖਿਆ ਲਈ ਯੁੱਧ ਹੀ ਨਹੀਂ ਲੜੇ, ਸਗੋਂ ਆਪ ਅਤੇ ਆਪਣੇ ਪਰਿਵਾਰ ਸਮੇਤ ਅਣਕਿਆਸੀਆਂ ਮੁਸੀਬਤਾਂ ਵੀ ਝੱਲੀਆਂ। ਆਪਣੇ ਜੀਵਨ ਅਤੇ ਪਰਿਵਾਰਕ ਸੁੱਖਾਂ ਨੂੰ ਤਿਆਗ ਕੇ ਖੰਡੇ ਨਾਲ ਦੋਸਤੀ ਪਾਈ। ਅਜਿਹੇ ਹੀ ਸੂਰਬੀਰ ਯੋਧਿਆਂ ਅਤੇ ਬਲਕਾਰੀ ਸਿੰਘਾਂ ਵਿੱਚ ਸੁੱਖਾ ਸਿੰਘ ਦਾ ਨਾਮ ਕੋਈ ਵੀ ਸਿੱਖ ਭੁੱਲ ਨਹੀਂ ਸਕਦਾ, ਜਿਸ ਨੇ ਗੁਰੂ ਘਰ ਦੀ ਬੇਅਦਬੀ ਨਾ ਸਹਾਰਦਿਆਂ ਅਜਿਹੀ ਸੂਰਬੀਰਤਾ ਦਿਖਾਈ, ਜਿਹੜੀ ਇਤਿਹਾਸ ਦੀ ਵਿਲੱਖਣ ਘਟਨਾ ਬਣ ਗਈ। ਇਸ ਮਹਾਨ ਯੋਧੇ ਨੇ ਭਾਈ ਮਹਿਤਾਬ ਸਿੰਘ ਨਾਲ ਮਿਲ ਕੇ ਮੱਸਾ ਰੰਘੜ ਦਾ ਸਿਰ ਵੱਢ ਕੇ ਅਨੋਖੀ ਨਿਡਰਤਾ ਦਾ ਸਬੂਤ ਦਿੱਤਾ।

ਸੁੱਖਾ ਸਿੰਘ ਦਾ ਜਨਮ ਜ਼ਿਲ੍ਹਾ ਲਾਹੌਰ ਦੇ ਪਿੰਡ ਮਾੜੀ ਕੰਬੋ ਵਿੱਚ ਕਿਰਤੀ ਪਰਿਵਾਰ ’ਚ ਹੋਇਆ। ਇਤਿਹਾਸਕਾਰ ਡਾ. ਗੁਰਚਰਨ ਸਿੰਘ ਔਲਖ ਆਪਣੀ ਪੁਸਤਕ ‘ਸਿੱਖ ਸੂਰਮੇ’ ਵਿਚ ਲਿਖਦੇ ਹਨ ਕਿ ਜਦੋਂ ਸੁੱਖਾ ਸਿੰਘ 12 ਸਾਲ ਦੇ ਹੋਏ ਤਾਂ ਘਰਦਿਆਂ ਨੇ ਉਨ੍ਹਾਂ ਦਾ ਵਿਆਹ ਕਰ ਦਿੱਤਾ। ਵਿਆਹ ਤੋਂ ਪਿਛੋਂ ਉਹ ਅੰਮ੍ਰਿਤ ਛਕ ਕੇ ਸਿੱਖਾਂ ਦੀ ਮਦਦ ਦੇ ਕਾਰਜ ਵਿਚ ਲੱਗ ਗਏ ਪਰ ਉਸ ਸਮੇਂ ਸਿੰਘਾਂ ਦੇ ਦੁਸ਼ਮਣ ਜ਼ਕਰੀਆ ਖਾਨ ਦਾ ਜ਼ੁਲਮ ਜ਼ੋਰਾਂ ’ਤੇ ਸੀ। ਕਿਹਾ ਜਾਂਦਾ ਹੈ ਕਿ 1739 ਈ: ਵਿੱਚ ਨਾਦਰਸ਼ਾਹ ਦੇ ਹਮਲੇ ਪਿਛੋਂ ਜ਼ਕਰੀਆ ਖਾਨ ਨੇ ਸਿੱਖਾਂ ’ਤੇ ਅਸਹਿ ਅਤੇ ਅਕਹਿ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ, ਸਿੱਖ ਨੂੰ ਫੜਨ, ਫੜਾਉਣ ਵਾਲੇ ਲਈ ਇਨਾਮ ਰੱਖੇ ਗਏ। ਅਜਿਹੇ ਸਮੇਂ ਵਿੱਚ ਸਿੱਖ ਬਣਨ ਦਾ ਮਤਲਬ ਮੌਤ ਨੂੰ ਬੁਲਾਵਾ ਹੁੰਦਾ ਸੀ।

Advertisement

ਹਰਭਗਤ ਨਿਰੰਜਨੀਆਂ ਸਰਦਾਰ ਦਾ ਝੋਲੀ ਚੁੱਕ ਹੋਣ ਕਾਰਨ ਸੈਨਿਕ ਚੜ੍ਹਾ ਲਿਆਇਆ ਪਰ ਸੁੱਖਾ ਸਿੰਘ ਘਰ ਨਾ ਮਿਲੇ। ਜਦੋਂ ਉਹ ਘਰ ਵਾਪਸ ਆਏ ਤਾਂ ਘਰਦਿਆਂ ਨੇ ਉਨ੍ਹਾਂ ਨੂੰ ਸਮਝਾਇਆ ਕਿ ਉਹ ਸਿੱਖੀ ਸਰੂਪ ਵਿਚ ਨਾ ਰਹਿਣ ਪਰ ਸੁੱਖਾ ਸਿੰਘ ਘਰ ਵਾਲਿਆਂ ਨਾਲ ਬੜੇ ਨਾਰਾਜ਼ ਹੋਏ। ਇੱਥੇ ਹੀ ਉਨ੍ਹਾਂ ਨਾਲ ਇਕ ਹੋਰ ਘਟਨਾ ਵਾਪਰੀ ਕਿ ਜਦੋਂ ਸੁੱਖਾ ਸਿੰਘ ਰਾਤ ਨੂੰ ਸੌ ਰਹੇ ਸਨ ਤਾਂ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਦੇ ਕੇਸ ਕਤਲ ਕਰਵਾ ਦਿੱਤੇ, ਜਿਸ ਦਾ ਪਤਾ ਸੁੱਖਾ ਸਿੰਘ ਨੂੰ ਸਵੇਰੇ ਉਠਣ ਸਮੇਂ ਲੱਗਾ। ਉਹ ਬਹੁਤ ਦੁਖੀ ਹੋਏ। ਪਿਤਾ ਜੀ ਨਾਲ ਨਾਰਾਜ਼ ਵੀ ਹੋਏ ਅਤੇ ਦੁਖੀ ਹੋ ਕੇ ਖੂਹ ਵਿਚ ਛਾਲ ਮਾਰ ਦਿੱਤੀ। ਭਰਾ ਅਤੇ ਦੂਜੇ ਰਿਸ਼ਤੇਦਾਰਾਂ ਨੇ ਖੂਹ ’ਚੋਂ ਕੱਢ ਲਿਆ ਪਰ ਇਕ ਵਿਅਕਤੀ ਨੇ ਸੁੱਖਾ ਸਿੰਘ ਨੂੰ ਕਿਹਾ ਕਿ ਇਸ ਤਰ੍ਹਾਂ ਅਜਾਈਂ ਮੌਤ ਮਰਨ ਦੀ ਥਾਂ ਜ਼ੁਲਮ ਵਿਰੁੱਧ ਲੜ-ਮਰ ਕੇ ਸ਼ਹੀਦੀ ਪਾ ਸਕਦਾ ਹੈ। ਇਹ ਗੱਲ ਉਨ੍ਹਾਂ ਦੇ ਸੀਨੇ ਵਿਚ ਬੈਠ ਗਈ ਅਤੇ ਉਹ ਸਿੰਘਾਂ ਨਾਲ ਜਾ ਰਲੇ। ਉਹ ਆਪਣੇ ਪਿੰਡ ਦੇ ਚੌਧਰੀ ਦੀ ਘੋੜੀ ਨਠਾ ਕੇ ਸ਼ਿਆਮ ਸਿੰਘ ਦੇ ਡੇਰੇ ਜਾ ਰੁਕੇ। ਉੱਥੇ ਉਨ੍ਹਾਂ ਨੇ ਸ਼ਿਆਮ ਸਿੰਘ ਤੋਂ ਅੰਮ੍ਰਿਤ ਦੀ ਦਾਤ ਲਈ ਅਤੇ ਸ਼ਿਆਮ ਸਿੰਘ ਤੋਂ ਪੁੱਤਰਾਂ ਵਾਲਾਂ ਪਿਆਰ ਮਿਲਿਆ।

ਇਤਿਹਾਸਕਾਰ ਡਾ. ਗੁਰਚਰਨ ਸਿੰਘ ਔਲਖ ਨੇ ਭਾਈ ਸੁੱਖਾ ਸਿੰਘ ਦੇ ਜੀਵਨ ਵਿਚ ਨਿਡਰਤਾ ਨੂੰ ਬਹੁਤ ਹੀ ਵਧੀਆ ਢੰਗ ਨਾਲ ਬਿਆਨਿਆ ਹੈ। ਉਨ੍ਹਾਂ ਦਾ ਦੱਸਣਾ ਹੈ ਕਿ ਸੁੱਖਾ ਸਿੰਘ ਬਹੁਤ ਹੀ ਨਿਡਰ ਸਨ। ਇਕ ਵਾਰ ਉਨ੍ਹਾਂ ਨੇ ਲਾਹੌਰ ਦੇ ਸਰਾਫ਼ਾ ਬਾਜ਼ਾਰ ਜਾ ਕੇ ਮੋਹਰਾਂ ਤੇ ਹੋਰ ਧਨ ਲੁੱਟਿਆ। ਇਸ ਧਨ ਨਾਲ ਉਨ੍ਹਾਂ ਚੌਧਰੀ ਦੀ ਘੋੜੀ ਦਾ ਮੁੱਲ ਭੇਜ ਦਿੱਤਾ ਅਤੇ ਬਾਕੀ ਪੈਸੇ ਸਿੰਘਾਂ ਦੇ ਲੰਗਰ ਲਈ ਦੇ ਦਿੱਤੇ। ਪਰ ਫੌਜ ਨੂੰ ਝਕਾਨੀ ਦੇ ਕੇ ਜੰਗਲਾਂ ਵਿਚ ਜਾ ਲੁਕੇ। ਕਿਹਾ ਜਾਂਦਾ ਹੈ ਕਿ ਇਕ ਵਾਰ ਉਨ੍ਹਾਂ ਦੇ ਮਾਤਾ-ਪਿਤਾ ਨੇ ਸ਼ਿਆਮ ਸਿੰਘ ਨੂੰ ਦੱਸਿਆ ਕਿ ਸੁੱਖਾ ਸਿੰਘ ਦਾ ਮੁਕਲਾਵਾ ਲਿਆਉਣਾ ਹੈ। ਇਸ ਲਈ ਘਰ ਜਾਣ ਦੀ ਆਗਿਆ ਦੇ ਦਿਓ। ਕੁਝ ਚਿਰ ਪਿਛੋਂ ਉਨ੍ਹਾਂ ਦੇ ਘਰ ਲੜਕੀ ਹੋਈ, ਜੋ ਕੁਦਰਤੀ ਤੌਰ ’ਤੇ ਮਰ ਗਈ ਪਰ ਸੁੱਖਾ ਸਿੰਘ ’ਤੇ ਕੁੜੀ ਮਾਰਨ ਦਾ ਦੋਸ਼ ਲਗਾ ਕੇ ਉਨ੍ਹਾਂ ਨਾਲ ਪੰਥ ਮਿਲਵਰਤਨ ਬੰਦ ਕਰ ਦਿੱਤੀ ਗਈ। ਇਸ ਘਟਨਾ ਤੋਂ ਦੁਖੀ ਹੋ ਕੇ ਉਹ ਬੁੱਢਾ ਸਿੰਘ ਅਤੇ ਸ਼ਾਮ ਸਿੰਘ ਨਾਰਲੀ ਦੇ ਜਥੇ ਵਿਚ ਜਾਣ ਲਈ ਬੀਕਾਨੇਰ ਵੱਲ ਨਿਕਲ ਗਏ। ਉਂਝ ਵੀ ਮਾਝੇ ਵਿਚ ਅੰਤ ਦੇ ਜ਼ੁਲਮਾਂ ਕਾਰਨ ਕੋਈ-ਕੋਈ ਸਿੰਘ ਹੀ ਰਹਿ ਗਿਆ ਸੀ।

ਇਕ ਦਿਨ ਬੁਲਾਕਾ ਸਿੰਘ ਨਾਮ ਦਾ ਸਿੰਘ ਬੁੱਢਾ ਸਿੰਘ ਅਤੇ ਸ਼ਾਮ ਸਿੰਘ ਨਾਰਲੀ ਨੂੰ ਮਿਲਿਆ ਅਤੇ ਦੱਸਿਆ ਕਿ ਮੱਸਾ ਰੰਘੜ ਹਰਿਮੰਦਰ ਸਾਹਿਬ ਦੀ ਬਹੁਤ ਬੇਪਤੀ ਕਰ ਰਿਹਾ ਹੈ। ਇਸ ’ਤੇ ਮਹਿਤਾਬ ਸਿੰਘ ਅਤੇ ਸੁੱਖਾ ਸਿੰਘ ਨੇ ਜ਼ਿੰਮੇਵਾਰੀ ਲਈ ਕਿ ਉਹ ਮੱਸੇ ਰੰਘੜ ਦਾ ਸਿਰ ਵੱਢ ਕੇ ਲਿਆਉਣਗੇ। ਅਰਦਾਸੇ ਸੋਧ ਕੇ ਦੋਵੇਂ ਸਿੰਘ ਅੰਮ੍ਰਿਤਸਰ ਲਈ ਚੱਲ ਪਏ। ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ ਕਿ ਉਹ ਮਾਮਲਾ ਉਤਾਰਨ ਦੇ ਬਹਾਨੇ ਠੀਕਰੀਆਂ ਥੈਲਿਆਂ ਵਿਚ ਪਾ ਕੇ ਲੈ ਗਏ। ਅੰਮ੍ਰਿਤਸਰ ਪਹੁੰਚ ਕੇ ਉਨ੍ਹਾਂ ਘੋੜਿਆਂ ਨੂੰ ਦਰਸ਼ਨੀ ਡਿਉਢੀ ਕੋਲ ਲਾਚੀ ਬੇਰੀ ਨਾਲ ਬੰਨ੍ਹ ਦਿੱਤਾ। ਠੀਕਰੀਆਂ ਵਾਲੀਆਂ ਥੈਲੀਆਂ ਚੁੱਕ ਕੇ ਉਹ ਹਰਿਮੰਦਰ ਸਾਹਿਬ ਪਹੁੰਚ ਗਏ। ਉਸ ਸਮੇਂ ਵੀ ਨਾਚ ਹੋ ਰਿਹਾ ਸੀ ਅਤੇ ਮੱਸਾ ਰੰਘੜ ਮੰਜੇ ’ਤੇ ਬੈਠਾ ਹੁੱਕਾ ਪੀ ਰਿਹਾ ਸੀ। ਉੱਥੇ ਹਾਜ਼ਰ ਲੋਕਾਂ ਅਤੇ ਕਰਮਚਾਰੀਆਂ ਨੇ ਸਮਝਿਆ ਕਿ ਚੌਧਰੀ ਕਰ ਉਤਾਰਨ ਆਏ ਹਨ, ਸਿੰਘਾਂ ਨੇ ਥੈਲੀਆਂ ਉਸ ਅੱਗੇ ਸੁੱਟ ਦਿੱਤੀਆਂ ਅਤੇ ਜਿਉਂ ਹੀ ਮੱਸਾ ਹੇਠ ਝੁਕਿਆ, ਮਹਿਤਾਬ ਸਿੰਘ ਨੇ ਤਲਵਾਰ ਨਾਲ ਸਿਰ ਵੱਢ ਦਿੱਤਾ। ਉਨ੍ਹਾਂ ਸਿਰ ਚੁੱਕਿਆ ਅਤੇ ਨੇਜ਼ੇ ’ਤੇ ਟੰਗ ਪਲਾਂ ਵਿਚ ਬਾਹਰ ਨਿਕਲ ਗਏ ਅਤੇ ਘੋੜੇ ਦੁੜਾਉਂਦੇ ਬੀਕਾਨੇਰ ਪੁੱਜ ਗਏ। ਮੱਸੇ ਦਾ ਸਿਰ ਸੰਗਤ ਅਤੇ ਜਥੇਦਾਰ ਅੱਗੇ ਰੱਖ ਦਿੱਤਾ।

ਭਾਈ ਸੁੱਖਾ ਸਿੰਘ ਬਹੁਤ ਹੀ ਕਮਾਲ ਦੇ ਘੋੜ ਸਵਾਰ, ਤੀਰ ਅਤੇ ਬੰਦੂਕ ਦੇ ਚਾਲਕ ਸਨ। ਉਹ ਸ਼ਸਤਰ ਚਲਾਉਂਦੇ ਅਤੇ ਸ਼ੇਰ ਵਾਂਗੂ ਝਪਟ ਕੇ ਦੁਸ਼ਮਣਾਂ ’ਤੇ ਹਮਲੇ ਕਰਦੇ। ਮੁਗਲਾਂ ਦੇ ਟਾਕਰੇ ਵਿਚ ਇਕ ਵਾਰ ਉਨ੍ਹਾਂ ਨੇ ਇਕੱਲਿਆਂ ਹੀ ਇਕ ਗ੍ਰਾਡੀਲ ਮੁਗਲ ਜਰਨੈਲ, ਜਿਸ ਨੇ ਸੰਜੋਆ ਪਾਇਆ ਹੋਇਆ ਸੀ, ਨੂੰ ਮਾਰ ਮੁਕਾਇਆ। ਇਸ ਬਹਾਦਰੀ ਸਦਕਾ ਪੰਥ ਨੇ ਸਿਰੋਪਾ ਬਖਸ਼ਿਆ ਤੇ ਉਹ ‘ਕੁੜੀ ਮਾਰ’ ਦੇ ਦੋਸ਼ ਤੋਂ ਵੀ ਮੁਕਤ ਹੋ ਗਏ।

ਉਸ ਤੋਂ ਬਾਅਦ ਵੀ ਭਾਈ ਸੁੱਖਾ ਸਿੰਘ ਮੁਗਲਾਂ ਨਾਲ ਲੜਦੇ ਰਹੇ ਅਤੇ ਨੂਰ ਦੀਨ ਦੀ ਸਰਾਂ, ਸੰਘਰ ਕੋਟ, ਮਜੀਠਾ ’ਤੇ ਕਬਜ਼ੇ ਕੀਤੇ। ਫਿਰ ਉਨ੍ਹਾਂ ਨੇ ਛੀਨਾ ਪਿੰਡ ’ਤੇ ਹਮਲਾ ਕੀਤਾ ਅਤੇ ਕਰਮਾ ਛੀਨਾ ਨੂੰ ਮਾਰ ਮੁਕਾਇਆ। ਇਸ ਤੋਂ ਬਾਅਦ ਸੁੱਖਾ ਸਿੰਘ ਨਿਡਰ ਹੋ ਕੇ ਅੰਮ੍ਰਿਤਸਰ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਜਾਂਦੇ ਰਹੇ। ਕੋਈ ਵੀ ਉਨ੍ਹਾਂ ਨੂੰ ਰੋਕਦਾ ਨਹੀਂ ਸੀ।

ਜਦੋਂ ਸੰਨ 1751 ਈ: ਵਿਚ ਮੀਰ ਮੰਨੂ ਅਹਿਮਦ ਸ਼ਾਹ ਅਬਦਾਲੀ ਤੋਂ ਹਾਰ ਗਿਆ ਪਰ ਅਧੀਨਗੀ ਸਵੀਕਾਰ ਕਰ ਕੇ ਗਵਰਨਰ ਬਣ ਗਿਆ ਤਾਂ ਉਸ ਨੇ ਮੋਮਨ ਖਾਂ ਨੂੰ ਸਿੱਖਾਂ ਵਿਰੁੱਧ ਭੇਜਿਆ ਅਤੇ ਉਸ ਨੇ ਸਿੱਖਾਂ ਦੀਆਂ ਔਰਤਾਂ ਅਤੇ ਬੱਚੇ ਫੜ ਕੇ ਨਖਾਸਖਾਨੇ ’ਚ ਸ਼ਹੀਦ ਕਰਨ ਦਾ ਹੁਕਮ ਦਿੱਤਾ। ਇਸ ਸਮੇਂ ਭਾਈ ਸੁੱਖਾ ਸਿੰਘ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸੰਨ 1753ਈ: ਵਿਚ ਕੋਟ ਬੁੱਢਾ ਕੋਟ ਮੀਰ ਮੰਨੂ ਨਾਲ ਯੁੱਧ ਕੀਤਾ। ਡਾ. ਗੁਰਚਰਨ ਸਿੰਘ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਦੇ 209 ਪੰਨੇ ਦਾ ਹਵਾਲਾ ਦਿੰਦਿਆਂ ਲਿਖਦੇ ਹਨ ਕਿ ਭਾਈ ਸੁੱਖਾ ਸਿੰਘ ਸੰਮਤ 1810 ਅਰਥਾਨ ਸੰਨ 1753 ਈ: ਵਿਚ ਦੁਰਾਨੀਆਂ ਦੀ ਫੌਜ ਨਾਲ ਲੜਦੇ ਸਮੇਂ ਰਾਵੀ ਕਿਨਾਰੇ ਲਾਹੌਰ ਦੇ ਕੋਲ ਸ਼ਹੀਦੀ ਪ੍ਰਾਪਤ ਕਰ ਗਏ ਪਰ ਇਸ ਨੂੰ ਗਲਤ ਦੱਸਦੇ ਹੋਏ ਡਾ. ਗੁਰਚਰਨ ਸਿੰਘ ਨੇ ਕਿਹਾ ਕਿ ਇਹ ਠੀਕ ਨਹੀਂ ਕਿਉਂਕਿ ਦੁਰਾਨੀਆਂ ਨਾਲ ਤਾਂ ਦੀਵਾਨ ਕੌੜਾ ਮੱਲ ਦੇ ਕਹਿਣ ’ਤੇ ਸਿੱਖ 1751 ਈ: ਵਿੱਚ ਲੜੇ ਸਨ ਅਤੇ ਇਸੇ ਲੜਾਈ ਵਿਚ ਹੀ ਦੀਵਾਨ ਕੌੜਾ ਮੱਲ ਵੀ ਮਾਰਿਆ ਗਿਆ ਸੀ। ਪ੍ਰਿੰਸੀਪਲ ਸਤਿਬੀਰ ਸਿੰਘ ਆਪਣੀ ਪੁਸਤਕ ‘ਸਾਡਾ ਇਤਿਹਾਸ’ ਵਿਚ ਲਿਖਦੇ ਹਨ ਕਿ ਭਾਈ ਸੁੱਖਾ ਸਿੰਘ 1751 ਈ: ਦੀ ਲੜਾਈ ਵਿਚ ਜੂਝਦੇ ਸ਼ਹੀਦ ਹੋ ਗਏ ਸਨ। ਇਸ ਤਰ੍ਹਾਂ ਸਿੱਖ ਇਤਿਹਾਸ ਦੇ ਇਸ ਮਹਾਨ ਸੂਰਬੀਰ ਨੇ ਲੜਾਈ ਵਿਚ ਲੜਦੇ ਸਮੇਂ ਹੀ ਸ਼ਹੀਦੀ ਪਾਈ ਤੇ ਇਹ ਨਿਡਰ ਯੋਧਾ ਨਵਾਂ ਇਤਿਹਾਸ ਰਚ ਗਿਆ।

ਸੰਪਰਕ: 98764-52223

Advertisement