ਗੁਰੂ ਤੇਗ਼ ਬਹਾਦਰ ਦੇ ਹੁਕਮਨਾਮੇ
ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ
ਗੁਰੂ ਨਾਨਕ ਦੇਵ ਜੀ ਨੇ ‘ਧੁਰ ਤੋਂ ਆਏ’ ਸੰਦੇਸ਼ ਨੂੰ ਲੋਕਾਈ, ਖਾਸ ਕਰਕੇ ਧਾਰਮਿਕ ਖੇਤਰ ਵਿੱਚ ਵਿਚਰਦੇ ਮਹਾਤਮਾਵਾਂ ਤਕ ਸੰਵਾਦੀ ਜੁਗਤ ਰਾਹੀਂ ਪਹੁੰਚਾਉਣ ਲਈ ਲੰਮੀਆਂ ਅਤੇ ਚਹੁੰ-ਦਿਸ਼ਾਵੀ ਉਦਾਸੀਆਂ ਕੀਤੀਆਂ। ਉਨ੍ਹਾਂ ਵੱਲੋਂ ਦਰਸਾਏ ਰਸਤੇ ਨੂੰ ਕਈ ਗੁਰਮੁਖਾਂ ਨੇ ਆਪਣੇ ਜੀਵਨ ਦਾ ਆਧਾਰ ਬਣਾ ਲਿਆ। ਗੁਰੂ ਜੀ ਇਨ੍ਹਾਂ ਗੁਰਮੁਖ ਪਿਆਰਿਆਂ ਨੂੰ ਰੱਬੀ ਹੁਕਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਥਾਪੜਾ ਦੇ ਕੇ ਅਗਲੇ ਪੜਾਅ ਵੱਲ ਵਧ ਜਾਂਦੇ। ਗੁਰੂ ਨਾਨਕ ਦੇਵ ਜੀ ਨੇ ਅਧਿਆਤਮਕ ਘੋਲ ਕਮਾਈ ਸਦਕਾ ਸਾਰੇ ਹਿੰਦੁਸਤਾਨ ਅਤੇ ਲਾਗਲੇ ਹੋਰ ਮੁਲਕਾਂ ਵਿੱਚ ਸਚਿਆਰ ਮਨੁੱਖਾਂ ਦੀ ਘਾੜਤ ਘੜਨ ਦੇ ਮਨੋਰਥ ਹਿੱਤ ਕਈ ਅਸਥਾਨ ਪ੍ਰਗਟ ਕੀਤੇ।
ਗੁਰੂ ਅਮਰਦਾਸ ਜੀ ਨੇ ਗੁਰੂ-ਆਸ਼ੇ ਨੂੰ ਦੁਨਿਆਵੀ ਧਾਰਮਿਕ ਸੰਕਲਪ ਵਿੱਚ ਰੂਹਾਨੀ ਪੱਖ ਉਜਾਗਰ ਕਰਨ ਲਈ 22 ਮੰਜੀਆਂ ਦੀ ਸਥਾਪਨਾ ਕੀਤੀ। ਇਨ੍ਹਾਂ 22 ਗੁਰਸਿੱਖ ਪ੍ਰਚਾਰਕਾਂ ਵਿੱਚ ਪੰਡਿਤ ਮਾਈ ਦਾਸ, ਭਾਈ ਮਾਣਕ ਚੰਦ, ਅੱਲਾਯਾਰ, ਹੰਦਾਲ, ਗੰਗੂਸ਼ਾਹ ਅਤੇ ਲਾਲੋ ਸਿੱਖ ਇਤਿਹਾਸ ਵਿੱਚ ਉੱਘੇ ਹਨ। ਗੁਰੂ ਰਾਮਦਾਸ ਜੀ ਨੇ ਇਨ੍ਹਾਂ ਗੁਰਸਿੱਖਾਂ ਨੂੰ ‘ਮਸੰਦ’ ਦਾ ਰੁਤਬਾ ਬਖ਼ਸ਼ ਕੇ ਨਿਵਾਜਿਆ। ਗੁਰੂ ਰਾਮਦਾਸ ਜੀ ਦੇ ਗੁਰਿਆਈ ਸਮੇਂ ਤੋਂ ਜਿਨ੍ਹਾਂ ਨੂੰ ਸਿੱਖ ਸੰਗਤ ਕੋਲੋਂ ਦਸਵੰਧ ਅਤੇ ਕਾਰ ਭੇਟ ਉਗਰਾਹੁਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਉਨ੍ਹਾਂ ਨੂੰ ਮਸੰਦ ਕਹਿ ਕੇ ਨਿਵਾਜਿਆ ਜਾਂਦਾ ਸੀ। ਦੇਸ਼ ਦੇ ਹਰ ਹਿੱਸੇ ਵਿੱਚ ਸਿੱਖ ਪ੍ਰਚਾਰਕਾਂ ਅਤੇ ਸਿਦਕੀ ਸਿੱਖਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਗਿਆ। ਗੁਰੂ ਅਰਜਨ ਦੇਵ ਜੀ ਦੀ ਗੁਰਿਆਈ ਸਮੇਂ ਮਸੰਦ ਪ੍ਰਥਾ ਦਾ ਹੋਰ ਵਿਸਤਾਰ ਕਰ ਦਿੱਤਾ ਗਿਆ। ਗੁਰੂ ਘਰ ਦੇ ਅਨਿਨ ਸੇਵਕ ਭਾਈ ਬਹਿਲੋ ਜੀ, ਪੰਡਤ ਗੰਗਾ ਰਾਮ, ਭਾਈ ਮੰਝ ਅਤੇ ਭਾਈ ਬੁੱਧੂ ਵੀ ਗੁਰੂ ਘਰ ਦੇ ਮਸੰਦਾਂ ਵਜੋਂ ਸੇਵਾ ਵਿੱਚ ਯੋਗਦਾਨ ਪਾ ਕੇ ਗੁਰੂ ਜੀ ਦੀਆਂ ਅਸੀਸਾਂ ਆਪਣੀ ਝੋਲੀ ਪਵਾਉਂਦੇ ਰਹੇ। ਗੁਰੂ ਸਾਹਿਬ ਦੀ ਆਗਿਆ ਨਾਲ ਗੁਰਬਾਣੀ ਦੇ ਗੁਟਕੇ ਅਤੇ ਪੋਥੀਆਂ ਦੇ ਉਤਾਰੇ ਕੀਤੇ ਜਾਂਦੇ ਸਨ ਅਤੇ ਮਸੰਦ ਉਨ੍ਹਾਂ ਰਾਹੀਂ ਦੂਰ-ਦੁਰਾਡੇ ਇਲਾਕਿਆਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਦੇ ਸਨ।
ਪ੍ਰੋ. (ਡਾ.) ਬਲਵੰਤ ਸਿੰਘ ਢਿੱਲੋਂ ਜੀ ਵੱਲੋਂ ਰਚਿਤ ਪੁਸਤਕ ‘ਹੁਕਮਨਾਮੇ- ਸਿੱਖ ਇਤਿਹਾਸ ਦੇ ਸਮਕਾਲੀ ਦਸਤਾਵੇਜ਼’ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ, ਮਾਤਾਵਾਂ ਤੇ ਸਿੱਖ ਤਖਤਾਂ ਦੇ ਹੁਕਮਨਾਮਿਆਂ ਦੀ ਪ੍ਰਮਾਣਿਕ ਤਫ਼ਸੀਲ ਰੰਗਦਾਰ ਤਸਵੀਰਾਂ ਸਮੇਤ ਦਰਜ ਹੈ। ਪੁਸਤਕ ਵਿੱਚ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਵੱਲੋਂ (1) ਭਾਈ ਰਾਮਦਾਸਵੀਆ ਡਰੋਲੀ ਭਾਈ ਨੂੰ, (2) ਸਿੱਖ ਸੰਗਤ ਪਟਨਾ, ਆਲਮਗੰਜ, ਸ਼ੇਰਪੁਰ ਬਾਨੇ, ਮੁੰਗੇਰ ਆਦਿ ਨੂੰ (3) ਪੂਰਬ ਦੀ ਸਿੱਖ ਸੰਗਤ ਨੂੰ ਅਤੇ (4) ਡਰੋਲੀ ਭਾਈ ਨੂੰ ਭੇਜੇ ਹੁਕਮਨਾਮੇ ਦਰਜ ਹਨ। ਬਾਬਾ ਗੁਰਦਿੱਤਾ ਜੀ ਵੱਲੋਂ ਭਾਈ ਜਾਪੂ ਅਤੇ ਭਾਈ ਗੁਰਦਾਸ ਪੂਰਬ ਕੀ ਸਿੱਖ ਸੰਗਤ ਅਤੇ ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ ਵੱਲੋਂ ਭਾਈ ਅਣੀ ਰਾਇ, ਸਿੱਖ ਸੰਗਤਿ ਪਟਣ ਸ਼ੈਖ ਫਰੀਦ ਦੇ ਨਾਮ ਹੁਕਮਨਾਮੇ ਦਰਜ ਹਨ। ਗੁਰੂ ਤੇਗ਼ ਬਹਾਦਰ ਦੇ ਇਕੱਤੀ ਹੁਕਮਨਾਮਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕੁਝ ਹੁਕਮਨਾਮੇ ਗੁਰੂ ਜੀ ਨੇ ਖ਼ੁਦ ਲਿਖੇ ਤੇ ਕੁਝ ਹੁਕਮਨਾਮਿਆਂ ਨੂੰ ਲਿਖਣ ਦੀ ਸੇਵਾ ਭਾਈ ਬਠਾ ਜੀ ਨੇ ਗੁਰੂ ਆਗਿਆ ਵਿੱਚ ਨਿਭਾਈ। ਲਿਖਾਰੀ ਆਰੰਭ ਵਿੱਚ ‘ਗੁਰੂ ਤੇਗ ਬਹਾਦਰ ਜੀ ਦੀ ਆਗਿਆ ਹੈ’ ਲਿਖ ਕੇ ਹੋਰ ਇਬਾਰਤ ਲਿਖਦਾ। ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਨੌਵੇਂ ਗੁਰੂ ਨੂੰ ਗੁਰਿਆਈ ਸੌਂਪਣ ਬਾਬਤ ਬਕਾਲਾ ਵਿੱਚ ਧੀਰ ਮੱਲ, ਰਾਮ ਰਾਇ ਆਦਿ 22 ਸੋਢੀ ਇੱਛਾਧਾਰੀਆਂ ਵੱਲੋਂ ਮਨਮੱਤੀ ਬਖਾਂਦ ਪੈਦਾ ਕਰ ਦਿੱਤੀ ਗਈ ਸੀ। ਗੁਰੂ ਘਰ ਦੇ ਗੁਰਸਿੱਖਾਂ ਨੇ ਗੁਰੂ ਹਰਿਕ੍ਰਿਸ਼ਨ ਜੀ ਦੀ ਆਗਿਆ ਵਿੱਚ ਗੁਰੂ ਤੇਗ਼ ਬਹਾਦਰ ਜੀ ਨੂੰ ਗੁਰਗੱਦੀ ਸੰਭਾਲ ਦਿੱਤੀ। ਗੁਰੂ ਤੇਗ਼ ਬਹਾਦਰ ਜੀ ਨੇ ਗੁਰੂ ਘਰ ਨਾਲ ਜੁੜੀ ਸਿੱਖ ਸੰਗਤ ਕੋਲੋਂ ਸਹਿਯੋਗ ਲੈਣ ਦੇ ਉਦੇਸ਼ ਨਾਲ 13 ਹੁਕਮਨਾਮੇ ਭੇਜੇ। ਇਨ੍ਹਾਂ ਹੁਕਮਨਾਮਿਆਂ ਦੀ ਨਿਵੇਕਲੀ ਇਤਿਹਾਸਕ ਮਹਾਨਤਾ ਹੈ। ਗੁਰੂ ਜੀ ਵੱਲੋਂ ਲਿਖੇ ਹੁਕਮਨਾਮੇ ਬਾਬਾ ਬੁੱਢਾ ਜੀ ਦੀ ਅੰਸ਼-ਵੰਸ਼ ’ਚੋਂ ਭਾਈ ਰਮਦਾਸ ਉਗਰਸੈਨ, ਭਾਈ ਰਮਦਾਸ ਗੁਰਦਿੱਤਾ, ਭਾਈ ਗੁਰੀਆ ਅਤੇ ਭਾਈ ਨੰਦ ਲਾਲ ਨੂੰ ਭੇਜੇ ਗਏ। ਇੱਕ ਹੁਕਮਨਾਮਾ ਮਾਲਵੇ ਦੇ ਭਾਈ ਰੂਪ ਚੰਦ ਦੀ ਪੀੜ੍ਹੀ ’ਚੋਂ ਭਾਈ ਦੁਨਾ, ਭਾਈ ਗਿਆਨਾ ਅਤੇ ਭਾਈ ਗੁਰਬਖਸ਼ ਨੂੰ, ਨੌਸ਼ਿਹਰਾ ਪੰਨੂਆਂ ਦੇ ਭਾਈ ਮਲਾ ਅਤੇ ਭਾਈ ਬਾਘਾ ਵੱਲ ਭੇਜੇ ਗਏ। ਛੇ ਹੁਕਮਨਾਮੇ ਦੱਖਣ-ਪੱਛਮੀ ਪੰਜਾਬ ਵਿੱਚ ਪਾਕਪਟਨ ਦੇ ਸਿੱਖ ਮੁਖੀਏ ਭਾਈ ਬਠਾ ਦੇ ਨਾਮ ਹਨ। ਇੱਕ ਹੁਕਮਨਾਮਾ ਕਰਿਆਲਾ ਦੇ ਛਿਬਰ ਭਾਈਚਾਰੇ ਦੇ ਪ੍ਰਮੁੱਖ ਸਿੱਖ ਭਾਈ ਲਖੀਆ ਲਈ ਹੈ। ਸੰਨ 1665 ਈਸਵੀ ਵਿੱਚ ਮਾਖੋਵਾਲ ਵਿੱਚ ਚੱਕ ਨਾਨਕੀ ਦੀ ਸਥਾਪਨਾ ਕਰਕੇ ਗੁਰੂ ਜੀ ਮਾਲਵੇ ਖੇਤਰ ਰਸਤਿਓਂ ਪੂਰਬੀ ਭਾਰਤ ਦੀ ਸੰਗਤ ਦੀ ਬਿਹਬਲਤਾ ਦੇ ਸਨਮੁੱਖ ਬਿਹਾਰ, ਬੰਗਾਲ ਅਤੇ ਅਸਾਮ ਵੱਲ ਚਲ ਪਏ। ਗੁਰੂ ਤੇਗ਼ ਬਹਾਦਰ ਜੀ ਵੱਲੋਂ ਉਨ੍ਹਾਂ ਇਲਾਕਿਆਂ ਦੀ ਸਿੱਖ ਸੰਗਤ ਨੂੰ ਲਿਖੇ ਹੁਕਮਨਾਮੇ ਪੂਰਬੀ ਭਾਰਤ ਵਿੱਚ ਉਨ੍ਹਾਂ ਦੇ ਸਫ਼ਰ ਦੇ ਅਸਥਾਨਾਂ ਬਾਰੇ ਸਟੀਕ ਜਾਣਕਾਰੀ ਮੁਹੱਈਆ ਕਰਦੇ ਹਨ। ਇਸ ਤੋਂ ਇਲਾਵਾ ਇਹ ਹੁਕਮਨਾਮੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਗੁਰੂ ਜੀ ਵੱਲੋਂ ਕੀਤੇ ਲੰਮੇ ਸਫ਼ਰਾਂ ਅਤੇ ਸਿੱਖ ਸੰਗਤ ਵੱਲੋਂ ਪਾਏ ਗਏ ਯੋਗਦਾਨ ਬਾਰੇ ਭਰੋਸੇਯੋਗ ਅਤੇ ਉੱਤਮ ਜਾਣਕਾਰੀ ਦਾ ਬਾਇਸ ਹਨ। ਇਸ ਸਬੰਧੀ ਆਗਰਾ, ਪ੍ਰਯਾਗ ਤੇ ਮਿਰਜ਼ਾਪੁਰ ਦੇ ਇਲਾਕੇ ਦੀ ਸਿੱਖ ਸੰਗਤ ਨੂੰ ਲਿਖੇ ਹੁਕਮਨਾਮੇ ਹਨ।
ਆਗਰਾ ਦੇ ਭਾਈ ਗੰਗਾ ਰਾਮ, ਭਾਈ ਮਾਨ ਸਿੰਘ, ਬਿਹਾਰੀ ਦਾਸ ਅਤੇ ਭਾਈ ਗੁਰਬਖਸ਼ ਰਾਮ, ਭਾਈ ਸੂਰਜਾਈ ਅਤੇ ਭਾਈ ਬਾਲਚੰਦ ਨੂੰ ਹੁਕਮਨਾਮਾ ਲਿਖਿਆ। ਇਨ੍ਹਾਂ ਗੁਰੂ ਕੇ ਸਿੱਖਾਂ ਨੂੰ ਕਾਫ਼ੀ ਮਿਕਦਾਰ ਵਿੱਚ ਮਸਾਲੇ, ਘੋੜਿਆਂ ਲਈ ਪੰਜਾਹ ਕੋਰੜਿਆਂ ਤੋਂ ਇਲਾਵਾ ਆਪਣੀ ਨਿੱਜੀ ਸਵਾਰੀ ਲਈ ਚੰਗੀ ਕਿਸਮ ਦੀਆਂ ਘੋੜੇ ਦੀਆਂ ਦੋ ਜੀਨਾਂ ਭੇਜਣ ਬਾਰੇ ਫਰਮਾਇਸ਼ ਕੀਤੀ ਹੈ। ਪ੍ਰਯਾਗ ਨਿਵਾਸੀ ਭਾਈ ਉਗਰਸੈਣ, ਭਾਈ ਬਾਬੂ ਰਾਮ ਤੇ ਭਾਈ ਲਾਲ ਚੰਦ ਨੂੰ ਭੇਜੇ ਹੁਕਮਨਾਮੇ ਵਿੱਚ ਭਾਈ ਬੇਨੀ ਨੂੰ ਕਾਰ-ਭੇਟ ਆਦਿ ਪੂਰੀ ਜ਼ਿੰਮੇਵਾਰੀ ਨਾਲ ਭੇਜਦੇ ਰਹਿਣ ਦੀ ਤਾਕੀਦ ਕੀਤੀ ਗਈ ਹੈ। ਬਨਾਰਸ ਨੇੜੇ ਬਹਾਦਰਪੁਰ ਦੇ ਭਾਈ ਡੇਡ ਭੱਜ ਨੂੰ ਭਾਈ ਦਿਆਲ ਦਾਸ ਹੱਥ ਭੇਜੀ ਕਾਰ-ਭੇਟ ਪਹੁੰਚ ਜਾਣ ਬਾਰੇ ਤੇ ਅੱਗੇ ਤੋਂ ਵੀ ਭੇਜਣ ਬਾਰੇ ਹੁਕਮਨਾਮਾ ਹੈ। ਗੁਰੂ ਘਰ ਦੇ ਵਿਸ਼ਵਾਸਪਾਤਰ ਅਤੇ ਇਤਬਾਰੀ ਸਿੱਖ ਬਾਰੇ ਬਨਾਰਸ ਦੀ ਸੰਗਤ ਨੂੰ ਆਦੇਸ਼ ਸੀ, ‘ਭਾਈ ਦਿਆਲ ਦਾਸ ਕਹੇ ਸੰਗਤਿ ਸਤਿਗੁਰ ਕਾ ਹੁਕਮ ਕਰਿ ਮੰਨਣਾ।’ ਗੁਰੂ ਜੀ ਦੇ ਹੁਕਮਨਾਮਿਆਂ ਵਿੱਚ ਸਿੱਖ ਸੰਗਤ ਨੂੰ ‘ਗੁਰੂ ਗੁਰੂ ਜਪਣਾ ਜਨਮ ਸਉਰੇ’ ਰੂਪੀ ਧਾਰਮਿਕ ਸੰਦੇਸ਼ ਦੇਣ ਦੇ ਨਾਲ ਨਾਲ ਧਾਰਮਿਕ-ਸਮਾਜਿਕ ਕਾਰਜਾਂ ਵਿੱਚ ਸਹਿਯੋਗ ਦੀ ਪ੍ਰੇਰਨਾ ਦੇਣ ਲਈ ‘ਸੇਵਾ ਕੀ ਵੇਲਾ’ ਦੇ ਵਾਕਾਂ ਦਾ ਦੁਹਰਾਅ ਹੈ। ਸਿੱਖ ਸੰਗਤ ਨੂੰ ਸੁਰੱਖਿਆ ਦਾ ਧਰਵਾਸ ਤੇ ਕਾਰੋਬਾਰ ਵਿੱਚ ਵਾਧੇ ਦਾ ਅਸ਼ੀਰਵਾਦ ਦੇਣ ਲਈ ‘ਗੁਰੂ ਰਖੈਗਾ’, ‘ਸੰਗਤਿ ਕਾ ਰੁਜ਼ਗਾਰ ਹੋਗ’, ‘ਰੁਜ਼ਗਾਰ ਵਿੱਚ ਬਰਕਤ ਹੋਗ’, ‘ਸੰਗਤਿ ਕਾ ਰਿਜ਼ਕ ਵਧੇਗਾ’, ‘ਮਨੋਰਥ ਗੁਰੂ ਪੂਰੇ ਕਰੇਗਾ’, ‘ਸੰਗਤਿ ਕਾ ਭਲਾ ਹੋਗ’, ‘ਸੰਗਤਿ ਕੀ ਬਹੁੜੀ ਹੋਈ’ ਆਦਿ ਅਸੀਸਾਂ ਅਤੇ ਬਖਸ਼ਿਸ਼ਾਂ ਨਾਲ ਸੰਗਤ ਨੂੰ ਨਿਵਾਜਿਆ ਹੈ। ਭਾਈ ਦਿਆਲ ਦਾਸ, ਜੋ ਗੁਰੂ ਜੀ ਦਾ ਇਤਬਾਰੀ ਅਤੇ ਅਨਿਨ ਸਿੱਖ ਸੀ, ਬਾਰੇ ਗੁਰੂ ਜੀ ਦੇ ਕਥਨ ਹਨ, ‘ਭਾਈ ਦਿਆਲ ਦਾਸ ਗੁਰੂ ਕਾ ਪੁਤ ਹਹਿ ਗੁਰਪੁਰਬ ਕੀ ਕਾਰ ਭਾਈ ਦਿਆਲ ਦਾਸ ਦੇ ਹਵਾਲੇ ਹੈ।’ ‘ਪੂਰਬ ਕੀ ਸੰਗਤ ਗੁਰੂ ਕਾ ਘਰ ਹੈ’, ‘ਪੂਰਬ ਕੀ ਸੰਗਤ ਗੁਰੂ ਕੀ ਕੋਠੜੀ ਹੈ’, ਅਸੀਸਾਂ ਦੀ ਰਹਿਮਤ ਨਾਲ ਨਾਲ ‘ਗੁਰੂ ਗੁਰੂ ਜਪਣਾ ਜਨਮ ਸਉਰੇ’, ‘ਸੰਗਤ ਕੀਰਤਨ ਕਰਨਾ’ ਆਦਿ ਸੰਗਤੀ ਉਪਦੇਸ਼ ਅਤੇ ਪ੍ਰੇਰਨਾ ਹਨ।
ਅੰਬੇਰ ਦੇ ਰਾਜਾ ਰਾਮ ਸਿੰਘ ਨਾਲ ਸਹਿਚਾਰ ਸਬੰਧ ਹੋਣ ਬਾਰੇ ਇਸ਼ਾਰਾ ਇੱਕ ਹੁਕਮਨਾਮੇ ਵਿੱਚ ਇਉਂ ਦਰਜ ਹੈ, ‘ਅਸੀਂ ਪਰੇ ਰਾਜਾ ਜੀ ਕੇ ਸਾਥ ਗਏ ਹਾਂ।’ ਸੰਨ 1664 ਵਿੱਚ ਦੀਵਾਲੀ ਦੇ ਤਿਉਹਾਰ ਮੌਕੇ ਬਕਾਲਾ ਵਿੱਚ ਗੁਰੂ ਦਰਬਾਰ ਵਿੱਚ ਦਰਸ਼ਨਾਂ ਲਈ ਆਉਣ ਲਈ ਭੇਜੇ ਹੁਕਮਨਾਮਿਆਂ ਦੇ ਫਲਸਰੂਪ ਹੋਏ ਭਾਰੀ ਇਕੱਠ ਨੇ ਗੁਰੂ ਜੀ ਦੀ ਗੁਰਿਆਈ ਨੂੰ ਸੰਗਤੀ ਜਾਇਜ਼ਤਾ ਪ੍ਰਤੱਖ ਕਰ ਦਿੱਤੀ। ਨਤੀਜਾ ਇਹ ਹੋਇਆ ਕਿ ਸਾਰੇ ਭੇਖੀ ਬਕਾਲੇ ਦੀ ਜੂਹ ਛੱਡ ਗਏ। ਗੁਰੂ ਤੇਗ਼ ਬਹਾਦਰ ਜੀ ਦੇ ਹੁਕਮਨਾਮਿਆਂ ਨੇ ਸਿੱਖਾਂ ਦੀਆਂ ਧਾਰਮਿਕ ਮਰਿਆਦਾਵਾਂ ਨੂੰ ਪ੍ਰਪੱਕਤਾ ਬਖ਼ਸ਼ ਦਿੱਤੀ। ਗੁਰੂ ਜੀ ਹੁਕਮਨਾਮੇ ਦਾ ਆਰੰਭ ‘੧ਓ ਗੁਰੂ ਸਤਿ’ ਅਤੇ ‘ਗੁਰੂ ਸਤਿ’ ਰਾਹੀਂ ਕਰਦੇ ਸਨ। ਹੁਕਮਨਾਮੇ ਗੁਰੂ ਜੀ ਅਤੇ ਦੂਰ ਇਲਾਕਿਆਂ ਦੀ ਸੰਗਤ ਦਾ ਰੂਹਾਨੀ, ਧਾਰਮਿਕ ਅਤੇ ਸਮਾਜਿਕ ਸਬੰਧਾਂ ਦਾ ਬਾਇਸ ਬਣੇ, ਜਿਸ ਸਦਕਾ ਸਿੱਖ ਸੰਗਤ ਕੋਲੋਂ ਕਾਰ-ਭੇਟ, ਦਸਵੰਧ, ਸੁੱਖ, ਮੰਨਤ ਆਦਿ ਰਾਹੀਂ ਵਸਤਰ, ਘੋੜੇ ਅਤੇ ਬਲਦ ਆਦਿ ਭੇਟਾਵਾਂ ਗੁਰੂ ਘਰ ਭੇਟ ਹੁੰਦੀਆਂ ਰਹੀਆਂ। ਗੁਰੂ ਜੀ ਦੀ ਸ਼ਖ਼ਸੀਅਤ ਦੀ ਅਲੌਕਿਕ ਆਭਾ ਅਤੇ ਅਤਿ ਪ੍ਰੇਮ ਭਿੱਜੇ ਬਚਨਾਂ ਦੀ ਮਿਠਾਸ ਹੁਕਮਨਾਮਿਆਂ ਦੀ ਸ਼ੈਲੀ ਸ਼ਬਦਾਵਲੀ ਵਿੱਚ ਵਿਦਮਾਨ ਹੈ। ਡਾ. ਬਲਵੰਤ ਸਿੰਘ ਢਿੱਲੋਂ ਦੀ ਸਹਿਜ ਅਤੇ ਸਿਰੜੀ ਖੋਜ ਆਧਾਰਿਤ ਪੁਸਤਕ ‘ਹੁਕਮਨਾਮੇ’ ਵਿੱਚ ਗੁਰੂ ਸਾਹਿਬਾਨ ਦੇ ਪਵਿੱਤਰ ਹਸਤ-ਕਮਲਾਂ ਨਾਲ ਲਿਖੇ ਹੁਕਮਨਾਮਿਆਂ ਦੀਆਂ ਅਸਲੀ ਤਸਵੀਰਾਂ ਸ਼ਰਧਾਲੂ ਅਤੇ ਬੌਧਿਕ ਸਿੱਖਾਂ ਲਈ ਵਿਲੱਖਣ ਅਤੇ ਨਿਵੇਕਲਾ ਅਧਿਆਤਮਕ ਤੋਹਫ਼ਾ ਹੈ। ਡਾ. ਬਲਵੰਤ ਸਿੰਘ ਢਿੱਲੋਂ ਨੇ ਹੁਕਮਨਾਮਿਆਂ ਦੀ ਪੁਰਾਤਨ ਲਿਖਤ ਨੂੰ ਵਰਤਮਾਨ ਗੁਰਮੁੱਖੀ ਅੱਖਰਾਂ ਵਿੱਚ ਵੀ ਪਾਠਕਾਂ ਦੇ ਸਨਮੁੱਖ ਕੀਤਾ ਹੈ।
ਸੰਪਰਕ: 98158-40755