ਮਨੁੱਖੀ ਅਧਿਕਾਰਾਂ ਦੇ ਰਾਖੇ ਗੁਰੂ ਤੇਗ ਬਹਾਦਰ ਜੀ
Guru Teg Bahadar Ji ਦੁਨੀਆ ਦੇ ਇਤਿਹਾਸ ਵਿੱਚ ਅਧਿਆਤਮਿਕ ਅਡੋਲਤਾ ਅਤੇ ਵਿਸ਼ਵਵਿਆਪੀ ਮਨੁੱਖੀ ਅਧਿਕਾਰਾਂ ਦੇ ਪ੍ਰਤੀਕ ਵਜੋਂ ਵਿਲੱਖਣ ਸਥਾਨ ਰੱਖਦੇ ਹਨ। ਸੰਨ 1675 ਵਿੱਚ ਉਨ੍ਹਾਂ ਦੀ ਸ਼ਹਾਦਤ ਸਿਰਫ ਇਤਿਹਾਸ ਦੀ ਘਟਨਾ ਹੀ ਨਹੀਂ ਸੀ, ਸਗੋਂ ਧਾਰਮਿਕ ਆਜ਼ਾਦੀ ਲਈ ਮਨੁੱਖਤਾ ਦੇ ਸੰਘਰਸ਼ ਵਿੱਚ ਨਿਰਣਾਇਕ ਪਲ ਸੀ।
ਗੁਰੂ ਸਾਹਿਬ ਦਾ ਜਨਮ ਸੰਨ 1621 ਵਿੱਚ ਅੰਮ੍ਰਿਤਸਰ ’ਚ ਹੋਇਆ। ਉਹ ਛੇਵੇਂ ਗੁਰੂ ਹਰਿਗੋਬਿੰਦ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਉਨ੍ਹਾਂ ਬਚਪਨ ਤੋਂ ਹੀ ਨਿਮਰਤਾ, ਹਿੰਮਤ ਅਤੇ ਆਤਮ ਚਿੰਤਨ ਨੂੰ ਜੀਵਨ ਦਾ ਅੰਗ ਬਣਾਇਆ। ਚਾਰ ਕੁ ਵਰ੍ਹਿਆਂ ਦੀ ਉਮਰ ਵਿੱਚ ਉਹ ਆਪਣੇ ਵੱਡੇ ਵੀਰ ਬਾਬਾ ਗੁਰਦਿੱਤਾ ਜੀ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੁੰਦਰ ਵਸਤਰ ਪਹਿਨ ਕੇ ਤਿਆਰ ਖੜ੍ਹੇ ਸਨ। ਉਸ ਵੇਲੇ ਉਨ੍ਹਾਂ ਨੇ ਨੇੜੇ ਹੀ ਇੱਕ ਗ਼ਰੀਬ ਬਾਲਕ ਦੇ ਰੋਣ ਦੀ ਆਵਾਜ਼ ਸੁਣੀ। ਪਤਾ ਲੱਗਾ ਕਿ ਉਸ ਕੋਲ ਠੰਢ ਤੋਂ ਬਚਣ ਲਈ ਕੋਈ ਕੱਪੜਾ ਨਹੀਂ ਸੀ। ਉਨ੍ਹਾਂ ਨੇ ਤੁਰੰਤ ਆਪਣੇ ਪਹਿਨੇ ਹੋਏ ਵਸਤਰ ਲਾਹ ਕੇ ਉਸ ਨੂੰ ਦੇ ਦਿੱਤੇ। ਇਸ ਬਾਰੇ ਪਤਾ ਲੱਗਣ ’ਤੇ ਪਿਤਾ ਗੁਰੂ ਹਰਿਗੋਬਿੰਦ ਜੀ ਨੇ ਫੁਰਮਾਇਆ, ‘‘ਜਿਵੇਂ ਅੱਜ ਇਨ੍ਹਾਂ ਨੇ ਇੱਕ ਗ਼ਰੀਬ ਦਾ ਤਨ ਆਪਣੇ ਵਸਤਰਾਂ ਨਾਲ ਢਕਿਆ ਹੈ, ਕੱਲ੍ਹ ਇਹੀ ਮਜ਼ਲੂਮਾਂ ਦੀ ਆਬਰੂ ਆਪਣੇ ਤਨ ਦੀ ਕੁਰਬਾਨੀ ਦੇ ਕੇ ਬਚਾਉਣਗੇ।’ ਗੁਰੂ ਸਾਹਿਬ ਦੇ ਇਹ ਬਚਨ ਅਗਲੇ ਸਮੇਂ ਵਿੱਚ ਸੱਚ ਸਾਬਤ ਹੋਏ।
ਜਦੋਂ ਗੁਰੂ ਤੇਗ ਬਹਾਦਰ ਜੀ ਗੁਰਗੱਦੀ ’ਤੇ ਬਿਰਾਜਮਾਨ ਹੋਏ, ਉਸ ਵੇਲੇ ਭਾਰਤ ਬਾਦਸ਼ਾਹ ਔਰੰਗਜ਼ੇਬ ਦੇ ਰਾਜ ਵਿੱਚ ਧਾਰਮਿਕ ਅਸਹਿਣਸ਼ੀਲਤਾ ਦੇ ਸਭ ਤੋਂ ਕਾਲੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ। ਔਰੰਗਜ਼ੇਬ ਨੇ ਵੱਡੇ ਪੱਧਰ ’ਤੇ ਹਿੰਦੂਆਂ ਦਾ ਧਰਮ ਪਰਿਵਰਤਨ ਕਰਨ ਦਾ ਆਦੇਸ਼ ਦਿੱਤਾ ਹੋਇਆ ਸੀ। ਇਸ ਅੱਤਿਆਚਾਰ ਤੋਂ ਤੰਗ ਆਏ ਕਸ਼ਮੀਰੀ ਪੰਡਤਾਂ ਦਾ ਇੱਕ ਵਫ਼ਦ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਆਨੰਦਪੁਰ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਕੋਲ ਪਹੁੰਚਿਆ ਅਤੇ ਦੱਸਿਆ ਕਿ ਉਨ੍ਹਾਂ ਦਾ ਤਿਲਕ-ਜੰਞੂ ਖ਼ਤਰੇ ਵਿੱਚ ਹੈ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਆਪਣੇ ਧਰਮ ਦੀ ਰਾਖੀ ਲਈ ਬੇਨਤੀ ਕੀਤੀ। ਸ਼ਰਨ ਆਇਆਂ ਦੀ ਲਾਜ ਰੱਖਣ ਲਈ ਗੁਰੂ ਜੀ ਨੇ ਐਲਾਨ ਕੀਤਾ ਕਿ ਉਹ ਇਸ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹਨ।
ਇਹ ਵਿਲੱਖਣ ਵਰਤਾਰਾ ਸੀ, ਜਿਸ ਨੇ ਉਨ੍ਹਾਂ ਦੇ ਡੂੰਘੇ ਨੈਤਿਕ ਅਤੇ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਨੂੰ ਉਜਾਗਰ ਕੀਤਾ। ਉਨ੍ਹਾਂ ਦਾ ਮੰਨਣਾ ਸੀ ਕਿ ਧਾਰਮਿਕ ਵਿਸ਼ਵਾਸ ਕਿਸੇ ’ਤੇ ਜ਼ਬਰਦਸਤੀ ਥੋਪੇ ਨਹੀਂ ਜਾਣੇ ਚਾਹੀਦੇ। ਉਨ੍ਹਾਂ ਦਾ ਫ਼ਲਸਫ਼ਾ ਸੀ ਕਿ ਹਰ ਵਿਅਕਤੀ ਨੂੰ ਆਪਣੇ ਅਕੀਦੇ ਅਨੁਸਾਰ ਧਰਮ ਨੂੰ ਮੰਨਣ ਦਾ ਪੂਰਾ ਅਧਿਕਾਰ ਹੈ। ਭਾਵੇਂ ਅਸੀਂ ਕਿਸੇ ਦੇ ਪੂਜਾ ਕਰਨ ਦੇ ਤਰੀਕੇ ਨਾਲ ਸਹਿਮਤ ਨਾ ਵੀ ਹੋਈਏ, ਪਰ ਉਸ ਦੇ ਵਿਸ਼ਵਾਸ ਦੇ ਅਧਿਕਾਰ ਦੀ ਰਾਖੀ ਕਰਨਾ ਸਾਡਾ ਫ਼ਰਜ਼ ਹੈ। ਗੁਰੂ ਜੀ ਦੀ ਇਹ ਸੋਚ ਸਿੱਖੀ ਦੇ ਮੂਲ ਸਿਧਾਂਤਾਂ - ਬਰਾਬਰੀ, ਇਨਸਾਫ਼ ਅਤੇ ਸਭ ਧਰਮਾਂ ਦੇ ਆਦਰ ਨੂੰ ਪ੍ਰਗਟ ਕਰਦੀ ਸੀ। ਇਨ੍ਹਾਂ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਗੁਰੂ ਤੇਗ ਬਹਾਦਰ ਦਿੱਲੀ ਲਈ ਰਵਾਨਾ ਹੋ ਗਏ। ਉਹ ਆਉਣ ਵਾਲੀ ਚੁਣੌਤੀ ਤੋਂ ਪੂਰੀ ਤਰ੍ਹਾਂ ਸੁਚੇਤ ਸਨ। ਉਨ੍ਹਾਂ ਨੂੰ ਆਪਣੇ ਤਿੰਨ ਸਿੱਖਾਂ - ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਸਮੇਤ ਕੈਦ ਕਰ ਲਿਆ ਗਿਆ। ਔਰੰਗਜ਼ੇਬ ਨੇ ਅਨੇਕਾਂ ਤਸੀਹੇ ਦੇ ਕੇ ਉਨ੍ਹਾਂ ਦੀ ਦ੍ਰਿੜ੍ਹਤਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਧਰਮ ਪਰਿਵਰਤਨ ਦੇ ਬਦਲੇ ਦੌਲਤ ਦਾ ਲਾਲਚ ਵੀ ਦਿੱਤਾ, ਪਰ ਗੁਰੂ ਜੀ ਅਤੇ ਉਨ੍ਹਾਂ ਦੇ ਸਿੱਖਾਂ ਨੇ ਝੁਕਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਤਿੰਨੇ ਸਿੱਖ ਗੁਰੂ ਜੀ ਦੇ ਇਸ ਪਵਿੱਤਰ ਫ਼ੁਰਮਾਨ ’ਤੇ ਪਹਿਰਾ ਦਿੰਦੇ ਰਹੇ: ‘‘ਜਿਹੜਾ ਮਨੁੱਖ ਨਾ ਕਿਸੇ ਨੂੰ ਡਰਾਵੇ ਦਿੰਦਾ ਹੈ ਅਤੇ ਨਾ ਹੀ ਕਿਸੇ ਡਰਾਵੇ ਤੋਂ ਘਬਰਾਉਂਦਾ ਹੈ, ਉਸੇ ਨੂੰ ਹੀ ਸਹੀ ਅਰਥਾਂ ਵਿੱਚ ਗਿਆਨਵਾਨ ਸਮਝਣਾ ਚਾਹੀਦਾ ਹੈ।’’
ਜ਼ੁਲਮ ਦੀਆਂ ਹੱਦਾਂ ਪਾਰ ਕਰਦਿਆਂ ਗੁਰੂ ਜੀ ਦੀਆਂ ਅੱਖਾਂ ਸਾਹਮਣੇ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਕੇ, ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਾ ਕੇ ਅਤੇ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੇ ਦੇਗੇ ਵਿੱਚ ਪਾ ਕੇ ਸ਼ਹੀਦ ਕਰ ਦਿੱਤਾ ਗਿਆ, ਪਰ ਗੁਰੂ ਜੀ ਫਿਰ ਵੀ ਅਡੋਲ ਰਹੇ।
ਅਖੀਰ 24 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸਿਰ ਧੜ ਨਾਲੋਂ ਜੁਦਾ ਕਰਕੇ ਕਰ ਕੇ ਸ਼ਹੀਦ ਕਰ ਦਿੱਤਾ ਗਿਆ।
ਇਸ ਸ਼ਹੀਦੀ ਪਿੱਛੇ ਸੁਨੇਹਾ ਬਹੁਤ ਡੂੰਘਾ ਸੀ। ਇਹ ਸ਼ਹਾਦਤ ਆਪਣੇ ਧਰਮ ਲਈ ਨਹੀਂ, ਸਗੋਂ ਦੂਜਿਆਂ ਦੇ ਧਾਰਮਿਕ ਅਧਿਕਾਰਾਂ ਲਈ ਸੀ। ਇਹ ਇੱਕ ਮਜ਼੍ਹਬ ਨੂੰ ਦੂਜੇ ਨਾਲੋਂ ਉੱਚਾ ਸਾਬਤ ਕਰਨ ਲਈ ਨਹੀਂ, ਸਗੋਂ ਹਰ ਮਨੁੱਖ ਦੇ ਆਪਣੀ ਮਰਜ਼ੀ ਅਨੁਸਾਰ ਧਰਮ ਦੀ ਪਾਲਣਾ ਕਰਨ ਦੇ ਹੱਕ ਦੀ ਰਾਖੀ ਲਈ ਸੀ।
ਗੁਰੂ ਗੋਬਿੰਦ ਸਿੰਘ ਦੇ ਦਰਬਾਰੀ ਕਵੀ ਸੈਨਾਪਤੀ ਨੇ ਆਪਣੀ ਰਚਨਾ ‘ਗੁਰ ਸੋਭਾ’ ਵਿੱਚ ਲਿਖਿਆ ਹੈ: “ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸਟ ਪੈ ਢਾਪੀ ਚਾਦਰ।” ਭਾਵ ਇਹ ਸ਼ਹੀਦੀ ਸਮੁੱਚੀ ਮਨੁੱਖਤਾ ’ਤੇ ਕਿਰਪਾ ਦੀ ਚਾਦਰ ਵਾਂਗ ਸੀ।
ਗੁਰੂ ਜੀ ਦੀ ਸ਼ਹਾਦਤ ਨੇ ਉਨ੍ਹਾਂ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਖਾਲਸਾ ਪੰਥ ਦੀ ਸਾਜਨਾ ਲਈ ਪ੍ਰੇਰਿਤ ਕੀਤਾ। ਇਹ ਸ਼ਹਾਦਤ ਉਹ ਬੀਜ ਬਣ ਗਈ, ਜਿੱਥੋਂ ਨਿਡਰਤਾ, ਬਰਾਬਰੀ, ਇਨਸਾਫ਼, ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਗੁਣ ਪ੍ਰਫੁੱਲਤ ਹੋਏ।
ਵਿਸ਼ਵ ਇਤਿਹਾਸ ਦੇ ਦ੍ਰਿਸ਼ਟੀਕੋਣ ਤੋਂ ਵੇਖੀਏ ਤਾਂ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀਆਂ ਆਧੁਨਿਕ ਧਾਰਨਾਵਾਂ ਦੇ ਉਭਰਨ ਤੋਂ ਸਦੀਆਂ ਪਹਿਲਾਂ ਹੀ ਗੁਰੂ ਜੀ ਨੇ ਇਨ੍ਹਾਂ ਨੂੰ ਅਮਲੀ ਤੌਰ ’ਤੇ ਪਰਿਭਾਸ਼ਿਤ ਕਰ ਦਿੱਤਾ ਸੀ। ਅੱਜ ਜਦੋਂ ਦੁਨੀਆ ਵਿੱਚ ਅਸਹਿਣਸ਼ੀਲਤਾ ਅਤੇ ਹਿੰਸਾ ਦਾ ਬੋਲਬਾਲਾ ਹੈ, ਤਾਂ ਗੁਰੂ ਤੇਗ ਬਹਾਦਰ ਜੀ ਦੀ ਜ਼ਿੰਦਗੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਦੂਜਿਆਂ ਦੇ ਅਧਿਕਾਰਾਂ ਦੀ ਰਾਖੀ ਕਰਨਾ ਹੀ ਅਧਿਆਤਮਿਕਤਾ ਦਾ ਸਰਵੋਤਮ ਰੂਪ ਹੈ। ਉਨ੍ਹਾਂ ਨੇ ਸਿਖਾਇਆ ਕਿ ਧਰਮ ਸਿਰਫ ਰਸਮਾਂ ਨਿਭਾਉਣ ਦਾ ਨਾਮ ਨਹੀਂ, ਸਗੋਂ ਇਨਸਾਫ਼ ਲਈ ਅਡੋਲ ਖੜ੍ਹਨਾ ਅਤੇ ਦਇਆ ਦਾ ਗੁਣ ਧਾਰਨ ਕਰਨਾ ਵੀ ਹੈ।
ਇਹ ਵੀ ਪੜ੍ਹੋ: ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ: ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ
ਹਰਮਨ ਪਿਆਰੇ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ
ਸੰਪਰਕ: 98150-85016
