ਤਲਬ ਤੋਂ ਮਾਰਫ਼ਤ ਤੱਕ: ਪਰਮਾਤਮਾ ਨੂੰ ਪਾਉਣ ਦਾ ਸ਼ਾਨਦਾਰ ਸਫ਼ਰ
ਮਾਰਫ਼ਤ, ਪਰਮਾਤਮਾ ਨੂੰ ਪਛਾਨਣ ਅਤੇ ਪਾਉਣ ਦੇ ਸਫ਼ਰ ਦਾ ਉਹ ਮੁਕਾਮ ਹੈ, ਜਿੱਥੇ ਪਹੁੰਚ ਕੇ ਸਾਧਕ ਆਪਣੇ ਮੁਰਸ਼ਦ ਦੀਆਂ ਗਿਆਨ-ਰਹਿਮਤਾਂ ਨਾਲ ਭਰਪੂਰ ਹੋ ਜਾਂਦਾ ਹੈ। ਮਾਰਫ਼ਤ ਦਾ ਡੂੰਘਾ ਅਹਿਸਾਸ, ਆਪਣੀ ਅਗਿਆਨਤਾ ਨੂੰ ਨਿਮਰਤਾ ਨਾਲ ਸਵੀਕਾਰ ਕਰਨ ਅਤੇ ਸਰਬ ਸ਼ਕਤੀਮਾਨ ਦੀ ਸਰਬਵਿਆਪਕਤਾ ਪ੍ਰਤੀ ਜਾਗਰੂਕ ਹੋਣ ਅਤੇ ਸਮਰਪਣ ਦੀ ਭਾਵਨਾ ਰੱਖਣ ਨਾਲ ਜਾਗਦਾ ਹੈ। ਸਾਧਕ ਲਈ, ਮਾਰਫ਼ਤ ਨੂੰ ਪਾਉਣਾ ਨਹੀਂ ਹੁੰਦਾ। ਇਹ ਸਿਰਫ਼ ਕੁਝ ਚੁਣੇ ਹੋਏ ਲੋਕ ਹਨ, ਜੋ ਸਰਵ ਸ਼ਕਤੀਮਾਨ ਦੀ ਕਿਰਪਾ ਪ੍ਰਾਪਤ ਕਰਦੇ ਹਨ ਅਤੇ ਅਜਿਹੇ ਸਾਧਕ ਬਣ ਜਾਂਦੇ ਹਨ, ਜਿਨ੍ਹਾਂ ਰਾਹੀਂ ਉਸ ਦੀ ਬ੍ਰਹਮਤਾ ਉਨ੍ਹਾਂ ਤੱਕ ਯਾਨੀ ਕਿ ਮਨੁੱਖਤਾ ਤੱਕ ਪਹੁੰਚਦੀ ਹੈ। ਕਈ ਹੋਰ ਹਨ, ਜੋ ਨਫ਼ਸ (ਹਉਮੈ ਜਾਂ ਛੋਟਾਪਨ) ਨੂੰ ਦੂਰ ਕਰਨ ਲਈ ਸਾਲਾਂ ਤੱਕ ਸਖ਼ਤ ਮਿਹਨਤ ਕਰਦੇ ਹਨ। ਵੱਡੇ ਤੋਂ ਵੱਡੇ ਅਧਿਆਤਮਿਕ ਖੋਜੀਆਂ ਨੇ ਵੀ ਲਗਾਤਾਰ ਨਫ਼ਸ ਵਿਰੁੱਧ ਚਿਤਾਵਨੀ ਦਿੱਤੀ ਹੈ। ਬ੍ਰਹਮ ਨੂੰ ਲੱਭਣ ਦੀ ਯਾਤਰਾ ’ਤੇ ਪ੍ਰਾਪਤੀ ਦੀ ਭਾਵਨਾ ਵਿੱਚ ਤੇਜ਼ੀ ਨਾਲ ਖੜੋਤ ਆ ਸਕਦੀ ਹੈ। ਆਪਣੇ ਅੰਦਰ ਸੁਭਾਵਿਕ ਹੰਕਾਰ ਦਾ ਵਧਣਾ ਹੋਰ ਕਮਜ਼ੋਰੀਆਂ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਹੋ ਸਕਦਾ ਹੈ। ਇਹ ਇਸ ਲਈ ਕਿਉਂਕਿ ਸਾਧਕ ਆਪਣੇ ਅੰਦਰ ਵਸਦੇ ਹੰਕਾਰ ਨੂੰ ਆਪਣੀ ਅਧਿਆਤਮਕ ਅਮੀਰੀ ਸਮਝ ਸਕਦਾ ਹੈ। ਕੁਝ ਰਹੱਸਵਾਦੀਆਂ ਨੇ 17ਵੀਂ ਸਦੀ ਦੇ ਸੂਫ਼ੀ ਸੰਤ ਬਾਬਾ ਬੁੱਲ੍ਹੇ ਸ਼ਾਹ ਵਾਂਗ ਆਪਣੇ ਅੰਦਰ ਵਸਦੇ ਹੰਕਾਰ ਨਾਲ ਬਹੁਤ ਗਹਿਰੀ ਤਰ੍ਹਾਂ ਨਜਿੱਠਿਆ ਹੈ। ਕਸੂਰ ਸ਼ਹਿਰ, ਜਿੱਥੇ ਬਾਬਾ ਬੁੱਲ੍ਹੇ ਸ਼ਾਹ ਰਹਿੰਦੇ ਸਨ, ਹਜ਼ਾਰਾਂ ਪੈਰੋਕਾਰ ਉਨ੍ਹਾਂ ਕੋਲ ਆਉਂਦੇ, ਪਰ ਬਾਬਾ ਬੁੱਲ੍ਹੇ ਸ਼ਾਹ ਸਿਰਜਣਹਾਰ ਦੀ ਕਿਰਪਾ ਅਤੇ ਪਿਆਰ ਨੂੰ ਸਾਰੀਆਂ ਨਿਹਮਤਾਂ ਤੋਂ ਨਿਆਰਾ ਮੰਨਦੇ ਹੋਏ ਮਨੁੱਖਤਾ ਪ੍ਰਤੀ ਉਨ੍ਹਾਂ ਦੀ ਹਮਦਰਦੀ ਅਤੇ ਅਧਿਆਤਮਿਕਤਾ ਵਿੱਚ ਲੀਨ ਰਹਿੰਦੇ। ਜਦੋਂ ਸ਼ਰਧਾਲੂਆਂ ਨੇ ਉਨ੍ਹਾਂ ਨਾਲ ਇਕਸੁਰਤਾ ਨੂੰ ਅਨੁਭਵ ਕਰਦਿਆਂ ਉਸ ਦੀ ਭਾਲ ਕੀਤੀ, ਤਾਂ ਬਾਬਾ ਬੁੱਲੇ ਸ਼ਾਹ ਨੇ ਸ਼ਾਨਦਾਰ ਸਾਦਗੀ ਨਾਲ ਗਾਇਆ:
ਰਾਤੀਂ ਜਾਗੇਂ ਕਰੇਂ ਇਬਾਦਤ, ਰਾਤੀ ਜਾਗਣ ਕੁੱਤੇ।
ਤੈਥੋਂ ਉੱਤੇ।
ਭੌਂਕਣੋ ਬੰਦ ਮੂਲ ਨਾ ਹੁੰਦੇ,
ਜਾ ਰੂੜੀ ’ਤੇ ਸੁੱਤੇ।
ਤੈਥੋਂ ਉੱਤੇ।
ਖ਼ਸਮ ਅਪਣੇ ਦਾ
ਦਰ ਨਾ ਛੱਡਦੇ,
ਭਾਵੇਂ ਵੱਜਣ ਜੁੱਤੇ।
ਤੈਥੋਂ ਉੱਤੇ।
ਬੁੱਲ੍ਹੇ ਸ਼ਾਹ ਕੋਈ ਰਖ਼ਤ ਵਿਹਾਜ ਲੈ,
ਨਹੀਂ ਤਾਂ ਬਾਜ਼ੀ ਲੈ ਗਏ ਕੁੱਤੇ। ਤੈਥੋਂ ਉੱਤੇ।
ਭਾਵ ਕਿ ਤੁਸੀਂ ਰਾਤਾਂ ਨੂੰ ਜਾਗਦੇ ਰਹਿੰਦੇ ਹੋ, ਪ੍ਰਾਰਥਨਾ ਕਰਨ ਲਈ! ਕੁੱਤੇ ਸਾਰੀ ਰਾਤ ਜਾਗਦੇ ਰਹਿੰਦੇ ਹਨ; ਉਹ ਤੁਹਾਡੇ ਨਾਲੋਂ ਬਿਹਤਰ ਹਨ। ਉਹ ਕਦੇ ਵੀ ਆਪਣੇ ਮਾਲਕ ਦੇ ਦਰਵਾਜ਼ੇ ਤੋਂ ਦੂਰ ਨਹੀਂ ਜਾਂਦੇ, ਭਾਵੇਂ ਉਨ੍ਹਾਂ ਨੂੰ ਸੌ-ਸੌ ਵਾਰੀ ਕੁੱਟਿਆ ਵੀ ਜਾਵੇ। ਬੁੱਲ੍ਹੇ ਸ਼ਾਹ ਕਹਿੰਦੇ ਹਨ ਕਿ ਆਪਣੇ ਪਿਆਰੇ (ਸਰਵਸ਼ਕਤੀਮਾਨ) ਨੂੰ ਹਰ ਤਰੀਕੇ ਨਾਲ ਭਰਮਾਓ! ਜਿਸ ਤਰ੍ਹਾਂ ਤੁਸੀਂ ਕਰ ਸਕਦੇ ਹੋ, ਅਜਿਹਾ ਨਾ ਹੋਵੇ ਕਿ ਕੁੱਤੇ ਤੁਹਾਡੇ ਨਾਲੋਂ ਬਿਹਤਰ ਸਮਝੇ ਜਾਣ। ਸੂਫ਼ੀ ਸੰਤਾਂ ਨੇ ਸਾਨੂੰ ਨਫ਼ਸ ’ਤੇ ਕਾਬੂ ਪਾਉਣ ਦੇ ਕਈ ਤਰੀਕੇ ਵਾਰ-ਵਾਰ ਸਿਖਾਏ ਹਨ। ਇਸ ਰਸਤੇ ਵਿੱਚ ਆਉਣ ਵਾਲੇ ਖਤਰਿਆਂ ਦਾ ਸਾਹਮਣਾ ਇੱਕ ਸਾਧਕ ਹੀ ਕਰ ਸਕਦਾ ਹੈ। ਸੱਚੇ ਸਾਧਕ ਲਈ ਹੋਰ ਵੀ ਬਹੁਤ ਸਾਰੇ ਇਮਤਿਹਾਨ ਹਨ, ਪਰ ਉਹ ਸਰਵਸ਼ਕਤੀਮਾਨ ਦੀ ਖੋਜ ਵਿੱਚ ਅਡੋਲ ਰਹਿੰਦਾ ਹੈ।
ਇੱਕ ਆਦਮੀ ਬਾਰੇ ਇੱਕ ਪੁਰਾਣੀ ਸੂਫ਼ੀ ਕਹਾਣੀ ਹੈ, ਜੋ ਪਰਮਾਤਮਾ ਦੀ ਖੋਜ ਵਿੱਚ ਇੰਨਾ ਸਮਰਪਿਤ ਸੀ ਕਿ ਉਹ ਸਾਰੀਆਂ ਇੱਛਾਵਾਂ ਤੋਂ ਰਹਿਤ ਹੋ ਗਿਆ ਅਤੇ ਸਿਰਫ਼ ਆਪਣੇ ਸਿਰਜਣਹਾਰ ਨਾਲ ਹੀ ਰਹਿਣਾ ਚਾਹੁੰਦਾ ਸੀ। ਕਹਾਣੀ ਇਹ ਹੈ ਕਿ ਇਹ ਆਦਮੀ ਦਿਨ ਭਰ ਅਤੇ ਹਰ ਸਮੇਂ ਪਰਮਾਤਮਾ ਦੀ ਪੂਜਾ ਕਰਦਾ ਸੀ। ਉਹ ਨੱਚਦਾ ਸੀ ਅਤੇ ਆਪਣੇ ਸਿਰਜਣਹਾਰ ਦੀ ਉਸਤਤ ਗਾਉਂਦਾ ਸੀ। ਉਸ ਦਾ ਹਰ ਕਦਮ, ਉਸ ਦਾ ਹਰ ਸਾਹ ਪਰਮਾਤਮਾ ਨੂੰ ਸਮਰਪਿਤ ਸੀ। ਉਸ ਦਾ ਪਿਆਰ ਏਨਾ ਡੂੰਘਾ ਸੀ ਕਿ ਉਸ ਨੂੰ ਆਪਣੀ ਪਰਵਾਹ ਨਹੀਂ ਸੀ ਅਤੇ ਉਸ ਨੇ ਸਿਰਫ਼ ਪਰਮਾਤਮਾ ਦੀ ਪਰਵਾਹ ਕੀਤੀ। ਪਰਮਾਤਮਾ ਇਸ ਵਫ਼ਾਦਾਰ ਆਦਮੀ ਨੂੰ ਇਨਾਮ ਦੇਣਾ ਚਾਹੁੰਦਾ ਸੀ। ਪਰਮਾਤਮਾ ਨੇ ਉਸ ਨੂੰ ਅਸੀਸ ਦਿੱਤੀ ਅਤੇ ਕਿਹਾ, ‘ਕੁਝ ਵੀ ਮੰਗੋ!’ ਉਹ ਆਦਮੀ ਕੁਝ ਵੀ ਅਜਿਹਾ ਨਹੀਂ ਚਾਹੁੰਦਾ ਸੀ, ਜੋ ਉਸ ਨੂੰ ਉਸ ਦੇ ਸਿਰਜਣਹਾਰ ਦੀ ਭਗਤੀ ਤੋਂ ਭਟਕਾਏ। ਉਸ ਨੇ ਨਿਮਰਤਾ ਨਾਲ ਪਰਮਾਤਮਾ ਨੂੰ ਕਿਹਾ, ‘ਮੇਰੇ ਕੋਲ ਸਭ ਕੁਝ ਹੈ। ਮੈਂ ਸਿਰਫ਼ ਤੁਹਾਨੂੰ ਹੀ ਭਾਲਦਾ ਹਾਂ, ਮੈਂ ਹੋਰ ਕੁਝ ਨਹੀਂ ਮੰਗਦਾ।’ ਪਰਮਾਤਮਾ ਨੇ ਕਿਹਾ, ‘ਆਪਣੇ ਲਈ ਨਾ ਮੰਗੋ ਕਿਸੇ ਹੋਰ ਲਈ ਮੰਗ ਲਉ!’ ਇਹ ਸੁਣ ਕੇ ਉਸ ਨੇ ਕਿਹਾ, ‘ਮੈਂ ਮੰਗਾਂਗਾ, ਪਰ ਇੱਕ ਸ਼ਰਤ ’ਤੇ।’ ਪਰਮਾਤਮਾ ਨੇ ਕਿਹਾ, ‘ਜਿਸ ਲਈ ਮੰਗਣਾ ਹੈ, ਉਸ ਦਾ ਨਾਮ ਦੱਸੋ।’ ਆਦਮੀ ਨੇ ਨਿਮਰਤਾ ਨਾਲ ਪਰਮਾਤਮਾ ਨੂੰ ਪੁੱਛਿਆ, ‘ਮੇਰੇ ਪਿੱਛੇ ਮੇਰਾ ਪਰਛਾਵਾਂ ਹੈ। ਤੁਸੀਂ ਕੋਈ ਚਮਤਕਾਰ ਕਰੋ, ਤਾਂ ਜੋ ਮੈਂ ਇਸ ਨੂੰ ਨਾ ਦੇਖ ਸਕਾਂ ਅਤੇ ਨਾ ਹੀ ਜਾਣ ਸਕਾਂ। ਮੈਨੂੰ ਪਤਾ ਲੱਗ ਜਾਵੇ ਕਿ ਮੇਰਾ ਪਰਛਾਵਾਂ ਮੈਂ ਨਹੀਂ। ਇਸ ਤਰ੍ਹਾਂ ਮੈਂ ਹਉਮੈ ਦੇ ਜਾਲ ਵਿੱਚ ਨਹੀਂ ਫਸਾਂਗਾ ਅਤੇ ਇਸ ਨਾਲ ਮੋਹ ਤੋਂ ਮੁਕਤ ਹੋ ਜਾਵਾਂਗਾ।’
ਇਸ ਤਰ੍ਹਾਂ ਦੀਆਂ ਸੂਫ਼ੀ ਕਹਾਣੀਆਂ ਅਜਿਹੇ ਦ੍ਰਿਸ਼ਟਾਂਤਾਂ ਰਾਹੀਂ ਡੂੰਘੇ ਸੰਦੇਸ਼ ਦਿੰਦੀਆਂ ਹਨ। ਇਸ ਕਹਾਣੀ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਕਿ ਮਨੁੱਖ ਨੂੰ ਆਪਣੇ ਕੰਮਾਂ ਤੋਂ ਨਿਰਲੇਪ ਰਹਿਣਾ ਚਾਹੀਦਾ ਹੈ। ਕਿਰਿਆ ਪ੍ਰਤੀ ਕੋਈ ਵੀ ਲਗਾਅ ਮਨੁੱਖ ਨੂੰ ਆਪਣੇ ਜਾਲ ਵਿੱਚ ਫਸਾ ਸਕਦਾ ਹੈ। ਨਫ਼ਸ ਆਪਣੇ ਆਪ ਨੂੰ ਹੰਕਾਰ ਜਾਂ ਸਵੈ-ਮਹੱਤਤਾ ਦੀ ਭਾਵਨਾ ਵੱਲ ਖਿੱਚ ਸਕਦਾ ਹੈ ਅਤੇ ਇਸ ਲਈ ਇਸ ਤੋਂ ਬਚਣਾ ਚਾਹੀਦਾ ਹੈ। ਵੱਖ-ਵੱਖ ਭਾਸ਼ਾਵਾਂ ਵਿੱਚ ਵੱਖ-ਵੱਖ ਸਮੇਂ ਸੂਫ਼ੀ ਰਹੱਸਵਾਦੀਆਂ ਨੇ ਸਾਧਕਾਂ ਨੂੰ ਉੱਚ ਅਧਿਆਤਮਿਕ ਸਵੈ ਤੱਕ ਪਹੁੰਚਣ ਦੇ ਯੋਗ ਬਣਾਉਣ ਲਈ ਰਸਤਾ ਦਿਖਾਇਆ ਹੈ। 12ਵੀਂ ਸਦੀ ਵਿੱਚ ਸੂਫ਼ੀ ਰਹੱਸਵਾਦੀ ਹਜ਼ਰਤ ਫਰੀਦੁਦੀਨ ਅਬੂ ਹਾਮਦ ਮੁਹੰਮਦ ਅਤਰ ਨਿਸ਼ਾਪੁਰੀ, ਜੋ ਕਿ ਨਿਸ਼ਾਪੁਰ ਦੇ ਅਤਰ ਵਜੋਂ ਜਾਣੇ ਜਾਂਦੇ ਹਨ, ਨੇ ਗੀਤ ਨੁਮਾ ਕਵਿਤਾਵਾਂ ਦਾ ਇੱਕ ਸੰਗ੍ਰਹਿ ਲਿਖਿਆ ਸੀ, ਜਿਸ ਦਾ ਸੂਫ਼ੀਵਾਦ ਦੀਆਂ ਦਾਰਸ਼ਨਿਕ ਪਰੰਪਰਾਵਾਂ ’ਤੇ ਮਹੱਤਵਪੂਰਨ ਸਥਾਈ ਪ੍ਰਭਾਵ ਸੀ। ਉਨ੍ਹਾਂ ਦੀਆਂ ਸਭ ਤੋਂ ਮਸ਼ਹੂਰ ਰਚਨਾਵਾਂ ’ਚੋਂ ਮੰਤੀਕ-ਉਤ-ਤਾਇਰ ਸੀ, ਜਿਸ ਨੂੰ ਮਕਮਤ-ਉਤ-ਤਾਇਰ (ਪੰਛੀਆਂ ਦਾ ਸੰਮੇਲਨ) ਵੀ ਕਿਹਾ ਜਾਂਦਾ ਹੈ। ਮੰਤੀਕ-ਉਤ-ਤਾਇਰ ਦਾ ਨਿਰੰਤਰ ਰੂਪ ਇਹ ਸੀ ਕਿ ਸਰਵ ਸ਼ਕਤੀਮਾਨ ਦੀ ਯਾਤਰਾ ਇੱਕ ਅੰਦਰੂਨੀ ਖੋਜ ਹੈ। ਇਹ ਕਿਤਾਬ ਸਾਧਕ ਦੀ ਯਾਤਰਾ ਨੂੰ ਉਜਾਗਰ ਕਰਦੀ ਹੈ ਅਤੇ ਸੂਫ਼ੀਵਾਦ (ਤਸੱਵੁਫ) ਦੇ ਵਿਗਿਆਨ ਅਤੇ ਸਾਰ ਨੂੰ ਪ੍ਰਕਾਸ਼ਮਾਨ ਕਰਦੀ ਹੈ। ਹੂਪੋ ਕਿਤਾਬ ਦਾ ਕੇਂਦਰੀ ਮਾਰਗ ਦਰਸ਼ਕ ਪਾਤਰ ਹੈ। ਉਹ ਪੰਛੀਆਂ ਦੇ ਰੂਹਾਨੀ ਮਾਰਗ ਦਰਸ਼ਕ ਅਤੇ ਆਗੂ ਵਜੋਂ ਉਨ੍ਹਾਂ ਦੇ ਸੱਚੇ ਰਾਜਾ, ਮਿਥਿਹਾਸਕ ਸਿਮੋਰਘ (ਇਰਾਨੀ ਕਲਾ ਅਤੇ ਸਾਹਿਤ ਵਿੱਚ ਸ਼ਕਤੀ ਅਤੇ ਸੁਹੱਪਣ ਨੂੰ ਚਿੰਨ੍ਹਤ ਕਰਨ ਵਾਲਾ ਮਿਥਿਹਾਸਕ ਆਕਾਰ) ਦੀ ਭਾਲ ਲਈ ਉਨ੍ਹਾਂ ਦੀ ਯਾਤਰਾ ’ਤੇ ਸੇਵਾ ਕਰਦਾ ਹੈ। ਇਹ ਕਿਤਾਬ ਡੂੰਘੀ ਅਲੰਕਾਰਿਕ ਹੈ। ਦ੍ਰਿਸ਼ਟਾਂਤਾਂ ਅਤੇ ਕਿੱਸਿਆਂ ਰਾਹੀਂ ਹਜ਼ਰਤ ਅਤਰ ਖੋਜੀਆਂ ਨੂੰ ਉਨ੍ਹਾਂ ਸੱਤ ਪ੍ਰਤੀਕਾਤਮਕ ਵਾਦੀਆਂ ਵਿੱਚੋਂ ਲੰਘਾਉਂਦੇ ਹਨ, ਜਿਨ੍ਹਾਂ ਨੂੰ ਪਾਰ ਕਰਨ ਤੋਂ ਬਿਨਾਂ ਉਹ ਆਪਣੀ ਸ਼ਾਨਦਾਰ ਮੰਜ਼ਿਲ ’ਤੇ ਨਹੀਂ ਪਹੁੰਚ ਸਕਦੇ।
ਇਹ ਸੱਤ ਘਾਟੀਆਂ, ਜਿਨ੍ਹਾਂ ਵਿੱਚੋਂ ਸਾਧਕ ਨੂੰ ਲੰਘਣਾ ਪੈਂਦਾ ਹੈ ਇਸ ਤਰ੍ਹਾਂ ਹਨ:
ਮੰਗ (ਤਲਬ), ਪਿਆਰ (ਇਸ਼ਕ), ਗਿਆਨ (ਮਾਰਫ਼ਤ), ਨਿਰਲੇਪਤਾ (ਇਸਤੇਗ਼ਨਾ), ਏਕਤਾ (ਤੌਹੀਦ), ਹੈਰਾਨੀ ਅਤੇ ਗ਼ਰੀਬੀ (ਫ਼ੱਕਰ)। ਮਹੱਤਵਪੂਰਨ ਗੱਲ ਇਹ ਹੈ ਕਿ ਗ਼ਰੀਬੀ ਇੱਥੇ ਭੌਤਿਕ ਸੰਪਤੀਆਂ ਦਾ ਹਵਾਲਾ ਨਹੀਂ ਦਿੰਦੀ। ਗ਼ਰੀਬੀ ਦੀ ਘਾਟੀ ਹਉਮੈ ਅਤੇ ਲਗਾਉ ਦੇ ਸੰਪੂਰਨ ਤਿਆਗ਼ ਨੂੰ ਦਰਸਾਉਂਦੀ ਹੈ, ਤਾਂ ਜੋ ਕੋਈ ਵਿਅਕਤੀ ਬ੍ਰਹਮ ਪ੍ਰਦਾਤਾ ਸਰਵ ਸ਼ਕਤੀਮਾਨ ’ਤੇ ਪੂਰੀ ਤਰ੍ਹਾਂ ਭਰੋਸਾ ਕਰ ਸਕੇ। ਹਰ ਘਾਟੀ ਸਰਵ ਸ਼ਕਤੀਮਾਨ ਦੇ ਮਾਰਗ ’ਤੇ ਅਧਿਆਤਮਿਕ ਵਿਕਾਸ ਦੇ ਇੱਕ ਪੜਾਅ ਨੂੰ ਦਰਸਾਉਂਦੀ ਹੈ।
ਸਾਰੇ ਸਾਧਕਾਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਹ ਬ੍ਰਹਮ ਦੇ ਆਪਣੇ ਰਸਤੇ ’ਤੇ ਚੱਲਦੇ ਹਨ। ਜੋ ਰਸਤਾ ਇੱਕ ਲਈ ਸਹੀ ਹੋ ਸਕਦਾ ਹੈ, ਉਹ ਦੂਜੇ ਲਈ ਸਹੀ ਨਹੀਂ ਵੀ ਹੋ ਸਕਦਾ। ਜਿਵੇਂ ਕਿ ਹਜ਼ਰਤ ਰੂਮੀ 13ਵੀਂ ਸਦੀ ਦੇ ਸੂਫ਼ੀ ਰਹੱਸਵਾਦੀ ਨੇ ਕਿਹਾ ਸੀ, ‘ਦੁਨੀਆਂ ਵਿੱਚ ਅਦਿੱਖ ਪੌੜੀਆਂ ਹਨ, ਜੋ ਸਵਰਗ ਦੇ ਸਿਖਰ ਤੱਕ ਕਦਮ ਦਰ ਕਦਮ ਉੱਪਰ ਲੈ ਜਾਂਦੀਆਂ ਹਨ। ਹਰ ਵਰਗ ਲਈ ਇੱਕ ਵੱਖਰੀ ਪੌੜੀ ਹੈ, ਹਰ ਯਾਤਰੀ ਦੇ ਰਸਤੇ ਲਈ ਇੱਕ ਵੱਖਰਾ ਸਵਰਗ ਹੈ।’ ਹਰ ਇੱਕ ਦਾ ਆਪਣਾ ਰਸਤਾ ਹੈ, ਹਰ ਇੱਕ ਲਈ ਸਰਵ ਸ਼ਕਤੀਮਾਨ ਵੱਲ ਆਪਣੀ ਸ਼ਾਨਦਾਰ ਯਾਤਰਾ ਹੈ।
ਸੰਪਰਕ: 90709-09090