ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੌਮਾਗਾਟਾਮਾਰੂ ਘਟਨਾ ਦੇ ਨਾਇਕ ਬਾਬਾ ਗੁਰਦਿੱਤ ਸਿੰਘ

ਦਲਜੀਤ ਰਾਏ ਕਾਲੀਆ ਬਾਬਾ ਗੁਰਦਿੱਤ ਸਿੰਘ ਦਾ ਜਨਮ ਸੰਨ 1859 ਵਿੱਚ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ (ਹੁਣ ਜ਼ਿਲ੍ਹਾ ਤਰਨ ਤਾਰਨ) ਵਿੱਚ ਹੁਕਮ ਸਿੰਘ ਦੇ ਘਰ ਹੋਇਆ। ਗੁਰਦਿੱਤ ਸਿੰਘ ਦੇ ਦਾਦਾ ਰਤਨ ਸਿੰਘ ਖਾਲਸਾ ਫੌਜ ਵਿੱਚ ਉੱਚੇ ਦਰਜੇ ਦੇ ਅਫਸਰ ਰਹੇ ਸਨ, ਜਿਨ੍ਹਾਂ...
Advertisement

ਦਲਜੀਤ ਰਾਏ ਕਾਲੀਆ

ਬਾਬਾ ਗੁਰਦਿੱਤ ਸਿੰਘ ਦਾ ਜਨਮ ਸੰਨ 1859 ਵਿੱਚ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ (ਹੁਣ ਜ਼ਿਲ੍ਹਾ ਤਰਨ ਤਾਰਨ) ਵਿੱਚ ਹੁਕਮ ਸਿੰਘ ਦੇ ਘਰ ਹੋਇਆ। ਗੁਰਦਿੱਤ ਸਿੰਘ ਦੇ ਦਾਦਾ ਰਤਨ ਸਿੰਘ ਖਾਲਸਾ ਫੌਜ ਵਿੱਚ ਉੱਚੇ ਦਰਜੇ ਦੇ ਅਫਸਰ ਰਹੇ ਸਨ, ਜਿਨ੍ਹਾਂ ਐਂਗਲੋ ਸਿੱਖ ਲੜਾਈਆਂ ਵਿੱਚ ਬਹਾਦਰੀ ਦੇ ਜੌਹਰ ਦਿਖਾਏ ਸਨ। ਪੰਜਾਬ ’ਤੇ ਕਬਜ਼ਾ ਕਰਨ ਪਿੱਛੋਂ ਅੰਗਰੇਜ਼ਾਂ ਨੇ ਰਤਨ ਸਿੰਘ ਨੂੰ ਜਾਗੀਰ ਦੇਣ ਦੀ ਪੇਸ਼ਕਸ਼ ਕੀਤੀ ਸੀ, ਜੋ ਦੇਸ਼ ਭਗਤ ਨੇ ਠੁਕਰਾ ਦਿੱਤੀ ਸੀ। ਬਚਪਨ ਤੋਂ ਹੀ ਬਾਬਾ ਜੀ ਬੁਲੰਦ ਹੌਸਲੇ ਦੇ ਮਾਲਕ ਸਨ। ਉਨ੍ਹਾਂ ਨੇ ਮੁੱਢਲੀ ਵਿੱਦਿਆ ਚੁਬੱਚਾ ਸਾਹਿਬ ਦੇ ਸਕੂਲ ਤੋਂ ਪ੍ਰਾਪਤ ਕੀਤੀ। 1875 ਈਸਵੀ ਵਿੱਚ ਗੁਰਦਿੱਤ ਸਿੰਘ ਦਾ ਭਰਾ ਪਹਿਲੂ ਸਿੰਘ ਕਾਰੋਬਾਰ ਕਰਨ ਲਈ ਮਲਾਇਆ ਚਲਾ ਗਿਆ। ਮਲਾਇਆ ਵਿੱਚ ਬਾਬਾ ਜੀ ਦਾ ਭਰਾ ਤੇ ਪਿਤਾ ਠੇਕੇਦਾਰੀ ਦਾ ਕੰਮ ਕਰਦੇ ਸਨ। 1885 ਵਿੱਚ ਗੁਰਦਿੱਤ ਸਿੰਘ ਪਹਿਲੀ ਵਾਰ ਮਲਾਇਆ ਗਏ ਅਤੇ ਕੁਝ ਸਮੇਂ ਬਾਅਦ ਵਤਨ ਪਰਤ ਆਏ। ਦੂਸਰੀ ਵਾਰ ਬਾਬਾ ਜੀ ਆਪਣੀ ਪਤਨੀ ਗੁਲਾਬ ਕੌਰ ਨੂੰ ਨਾਲ ਲੈ ਕੇ ਮਲਾਇਆ ਗਏ ਅਤੇ ਉੱਥੇ ਤੈਪਿੰਗ ਸ਼ਹਿਰ ਦੇ ਵਪਾਰੀ ਮੋਪਨ ਕੋਲ ਨੌਕਰੀ ’ਤੇ ਲੱਗ ਗਏ। ਵੀਹਵੀਂ ਸਦੀ ਦੇ ਸ਼ੁਰੂ ਵਿੱਚ ਉਹ ਮਲਾਇਆ ਅਤੇ ਸਿੰਗਾਪੁਰ ਵਿੱਚ ਕਾਮਯਾਬ ਠੇਕੇਦਾਰ ਵਜੋਂ ਸਥਾਪਿਤ ਹੋ ਗਏ ਸਨ।

Advertisement

1908 ਵਿੱਚ ਕੈਨੇਡਾ ਸਰਕਾਰ ਨੇ ਭਾਰਤੀਆਂ ਦੇ ਕੈਨੇਡਾ ਵਿੱਚ ਦਾਖਲੇ ’ਤੇ ਪਾਬੰਦੀਆਂ ਲਾ ਦਿੱਤੀਆਂ। ਕੈਨੇਡਾ ਸਰਕਾਰ ਦੇ ਇਸ ਫੈਸਲੇ ਵਿਰੁੱਧ ਭਾਰਤੀਆਂ ਵਿੱਚ ਬਹੁਤ ਰੋਹ ਸੀ। ਦਸੰਬਰ 1913 ਵਿੱਚ ਬਾਬਾ ਗੁਰਦਿੱਤ ਸਿੰਘ ਆਪਣੇ ਕਾਰੋਬਾਰ ਦੇ ਸਬੰਧ ਵਿੱਚ ਹਾਂਗਕਾਂਗ ਗਏ ਹੋਏ ਸਨ। ਇੱਥੇ ਉਨ੍ਹਾਂ ਨੂੰ ਸੈਂਕੜੇ ਪੰਜਾਬੀ ਮਿਲੇ, ਜਿਨ੍ਹਾਂ ਨੇ ਆਪਣੀ ਵਿਥਿਆ ਉਨ੍ਹਾਂ ਨੂੰ ਦੱਸੀ। ਬਾਬਾ ਜੀ ਭਾਰਤੀਆਂ ਦੀ ਦਸ਼ਾ ਸੁਣ ਕੇ ਬੇਚੈਨ ਹੋ ਗਏ। ਉਹ ਪਰਵਾਸੀ ਭਾਰਤੀਆਂ ਨੂੰ ਕੈਨੇਡਾ ਪਹੁੰਚਾਉਣ ਲਈ ਉਤਾਵਲੇ ਹੋ ਗਏ। ਉਨ੍ਹਾਂ ਨੇ ਕੌਮਾਗਾਟਾਮਾਰੂ ਜਹਾਜ਼ ਕਿਰਾਏ ’ਤੇ ਲੈ ਲਿਆ। ਉਨ੍ਹਾਂ ਨੇ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਦੀ ਸਥਾਪਨਾ ਕੀਤੀ ਅਤੇ ਜਹਾਜ਼ ਦਾ ਨਾਂ ਗੁਰੂ ਨਾਨਕ ਜਹਾਜ਼ ਰੱਖ ਲਿਆ। ਜਹਾਜ 4 ਅਪਰੈਲ 1914 ਨੂੰ ਹਾਂਗਕਾਂਗ ਤੋਂ ਕੈਨੇਡਾ ਲਈ ਰਵਾਨਾ ਹੋਇਆ। ਹਾਂਗਕਾਂਗ ਤੋਂ ਇਸ ਵਿੱਚ 165 ਮੁਸਾਫ਼ਰ ਸਵਾਰ ਹੋਏ। ਸ਼ਿੰਘਾਈ ਤੋਂ 111, ਮੌਜੀ ਤੋਂ 86 ਅਤੇ ਯੋਕੋਹਾਮਾ ਤੋਂ 14 ਹੋਰ ਮੁਸਾਫਿਰ ਇਸ ਵਿਚ ਸਵਾਰ ਹੋਏ‌। ਕੁੱਲ 376 ਮੁਸਾਫਰਾਂ ਨੂੰ ਲੈ ਕੇ ਜਹਾਜ਼ 23 ਮਈ, 1914 ਨੂੰ ਵੈਨਕੂਵਰ ਦੀ ਬੰਦਰਗਾਹ ’ਤੇ ਪਹੁੰਚ ਗਿਆ। ਕੈਨੇਡਾ ਸਰਕਾਰ ਨੇ ਜਹਾਜ਼ੀਆਂ ਨੂੰ ਲੰਗਰ ਸੁੱਟਣ ਦੀ ਇਜਾਜ਼ਤ ਨਹੀਂ ਦਿੱਤੀ। ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਅੰਗਰੇਜ਼ ਸਰਕਾਰ ਯਾਤਰੀਆਂ ਨੂੰ ਵੈਨਕੂਵਰ ਉਤਰਨ ਦੀ ਇਜਾਜ਼ਤ ਨਹੀਂ ਦੇ ਰਹੀ ਸੀ। ਕੈਨੇਡਾ ਸਰਕਾਰ ਨੇ 21 ਜੁਲਾਈ ਨੂੰ ਰੇਨਬੋ ਨਾਂ ਦਾ ਸਮੁੰਦਰੀ ਜਹਾਜ਼ ਵੈਨਕੁਵਰ ਦੀ ਖਾੜੀ ਵਿੱਚ ਭੇਜਿਆ। ਇਸ ਜ਼ਹਾਜ਼ ਨੇ ਕੌਮਾਗਾਟਾਮਾਰੂ ਦੇ ਮੁਸਾਫਰਾਂ ਨੂੰ ਡਰਾਉਣ ਧਮਕਾਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ। ਦੋ ਮਹੀਨਿਆਂ ਦੀ ਖੱਜਲ-ਖੁਆਰੀ ਪਿੱਛੋਂ 23 ਜੁਲਾਈ ਨੂੰ ਕੌਮਾਗਾਟਾਮਾਰੂ ਵਾਪਸੀ ਸਫਰ ਲਈ ਰਵਾਨਾ ਹੋ ਗਿਆ। 29 ਸਤੰਬਰ ਨੂੰ ਜਹਾਜ਼ ਕਲਕੱਤਾ ਦੇ ਲਾਗੇ ਬਜਬਜ ਘਾਟ ’ਤੇ ਆ ਪਹੁੰਚਿਆ। ਜਹਾਜ਼ ਦੇ ਕਲਕੱਤਾ ਪਹੁੰਚਣ ਤੋਂ ਪਹਿਲਾਂ ਹੀ ਇੱਕ ਵਿਸ਼ੇਸ਼ ਰੇਲ ਗੱਡੀ ਯਾਤਰੀਆਂ ਨੂੰ ਪੰਜਾਬ ਲਿਆਉਣ ਲਈ ਤਿਆਰ ਖੜ੍ਹੀ ਸੀ ਤਾਂ ਜੋ ਯਾਤਰੀਆਂ ਨੂੰ ਉਨ੍ਹਾਂ ਦੇ ਘਰੋਂ-ਘਰੀ ਵਾਪਸ ਭੇਜਿਆ ਜਾ ਸਕੇ। 17 ਮੁਸਲਮਾਨ ਮੁਸਾਫਿਰ ਬਜਬਜ ਘਾਟ ਕੋਲ ਖੜ੍ਹੀ ਰੇਲ ਗੱਡੀ ਵਿੱਚ ਸਵਾਰ ਹੋ ਗਏ, ਪਰ ਸਿੱਖ ਮੁਸਾਫਿਰਾਂ ਨੇ ਇਨਕਾਰ ਕਰ ਦਿੱਤਾ। ਸਿੱਖ ਮੁਸਾਫਿਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਆਪਣੇ ਸਿਰ ਉੱਪਰ ਰੱਖ ਕੇ ਕਲਕੱਤੇ ਸ਼ਹਿਰ ਵੱਲ ਰਵਾਨਾ ਹੋ ਗਏ। ਰਸਤੇ ਵਿੱਚ ਬਰਤਾਨਵੀ ਪੁਲੀਸ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ ਅਤੇ ਵਾਪਸ ਲਿਆਂਦਾ। ਇਸ ਸਮੇਂ ਪੁਲੀਸ ਅਤੇ ਸਿੱਖਾਂ ਵਿੱਚ ਮੁੱਠਭੇੜ ਹੋ ਗਈ।। ਪੁਲੀਸ ਨੇ ਮੁਸਾਫਰਾਂ ਉੱਪਰ ਗੋਲੀਆਂ ਚਲਾ ਦਿੱਤੀਆਂ। 19 ਮੁਸਾਫਰ ਅਤੇ ਇਕ ਰਾਹਗੀਰ ਪੁਲੀਸ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਏ। ਤਿੰਨ ਪੁਲੀਸ ਕਰਮਚਾਰੀ ਵੀ ਮਾਰੇ ਗਏ ਤੇ 23 ਮੁਸਾਫਿਰ ਗੰਭੀਰ ਜ਼ਖ਼ਮੀ ਹੋ ਗਏ। 96 ਮੁਸਾਫਰਾਂ ਨੂੰ ਗ੍ਰਿਫਤਾਰ ਕਰਕੇ ਨਜ਼ਰਬੰਦ ਕਰ ਦਿੱਤਾ ਗਿਆ। ਕਈ ਮੁਸਾਫ਼ਿਰ ਪੁਲੀਸ ਦੀਆਂ ਗ੍ਰਿਫਤਾਰੀਆਂ ਤੋਂ ਬਚ ਗਏ। ਇਨ੍ਹਾਂ ਵਿੱਚ ਬਾਬਾ ਗੁਰਦਿੱਤ ਸਿੰਘ ਵੀ ਸ਼ਾਮਿਲ ਸਨ।

ਬਜਬਜ ਘਾਟ ਦੇ ਸਾਕੇ ਪਿੱਛੋਂ ਬਾਬਾ ਜੀ ਸੱਤ ਸਾਲ ਲਈ ਗੁਪਤਵਾਸ ਰਹੇ। ਉਨ੍ਹਾਂ ਦੀ ਗ੍ਰਿਫਤਾਰੀ ਲਈ ਸਰਕਾਰ ਵੱਲੋਂ ਇਨਾਮ ਰੱਖੇ ਗਏ। ਇਸ ਅਰਸੇ ਦੌਰਾਨ ਬਾਬਾ ਜੀ ਨੇ ਜਗਨਨਾਥ ਪੁਰੀ, ਹਜ਼ੂਰ ਸਾਹਿਬ, ਭਦਰਾਚਲ, ਮੁੰਬਈ ਅਤੇ ਹੋਰ ਬਹੁਤ ਸਾਰੀਆਂ ਥਾਵਾਂ ’ਤੇ ਰਹਿ ਕੇ ਆਪਣਾ ਜੀਵਨ ਗੁਜ਼ਾਰਿਆ। ਇਸ ਸਮੇਂ ਬਾਬਾ ਜੀ ਨੇ ਗੁਜਰਾਤ ਦੇ ਸ਼ਹਿਰ ਸਵਾਲੀ ਵਿੱਚ ਦੋ ਸਾਲ ਹਿਕਮਤ ਵੀ ਕੀਤੀ। ਬਾਬਾ ਜੀ ਦੇ ਗੁਪਤਵਾਸ ਦੇ ਸਮੇਂ ਦੌਰਾਨ ਹੀ ਜੱਲ੍ਹਿਆਂਵਾਲੇ ਬਾਗ ਅਤੇ ਸ੍ਰੀ ਨਨਕਾਣਾ ਸਾਹਿਬ ਦੇ ਦਰਦਨਾਕ ਸਾਕੇ ਵਾਪਰੇ। 13 ਮਾਰਚ, 1921 ਨੂੰ ਬਾਬਾ ਗੁਰਦਿੱਤ ਸਿੰਘ ਮਹਾਤਮਾ ਗਾਂਧੀ ਨੂੰ ਮਿਲਣ ਲਈ ਅਹਿਮਦਾਬਾਦ ਗਏ। ਮਹਾਤਮਾ ਗਾਂਧੀ ਨੇ ਪ੍ਰੇਰਨਾ ਦਿੱਤੀ ਕਿ ਉਹ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰ ਦੇਣ। ਪੰਜ ਨਵੰਬਰ 1921 ਨੂੰ ਬਾਬਾ ਜੀ ਦਿੱਲੀ ਵਿੱਚ ਹੋਏ ਕਾਂਗਰਸ ਦੇ ਸਰਬ ਹਿੰਦ ਸਮਾਗਮ ਵਿੱਚ ਸ਼ਾਮਿਲ ਹੋਏ। ਗਾਂਧੀ ਜੀ ਦੀ ਸਲਾਹ ਮੰਨ ਕੇ ਬਾਬਾ ਜੀ ਨੇ ਅਖਬਾਰਾਂ ਵਿੱਚ ਐਲਾਨ ਛਪਵਾਇਆ ਕਿ ਉਹ 15 ਨਵੰਬਰ ਨੂੰ ਸ੍ਰੀ ਨਨਕਾਣਾ ਸਾਹਿਬ ਵਿੱਚ ਗ੍ਰਿਫਤਾਰੀ ਦੇ ਦੇਣਗੇ। ਜਦੋਂ ਉਨ੍ਹਾਂ 15 ਨਵੰਬਰ ਨੂੰ ਸ੍ਰੀ ਨਨਕਾਣਾ ਸਾਹਿਬ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸੀ। ਉਸ ਸਮੇਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਉੱਥੇ ਮੌਜੂਦ ਸੀ। ਗ੍ਰਿਫ਼ਤਾਰੀ ਤੋਂ ਪਹਿਲਾਂ ਉਨ੍ਹਾਂ ਧਾਰਮਿਕ ਸਮਾਗਮ ਵਿੱਚ ਲਗਭਗ ਦੋ ਘੰਟੇ ਸੰਬੋਧਨ ਕੀਤਾ। ਉਨ੍ਹਾਂ ਉੱਪਰ ਕੋਈ ਠੋਸ ਮੁਕੱਦਮਾ ਨਾ ਹੋਣ ਕਰਕੇ ਅਖੀਰ 28 ਫਰਵਰੀ, 1922 ਨੂੰ ਸਰਕਾਰ ਨੇ ਰਿਹਾਅ ਕਰ ਦਿੱਤਾ। ਜੇਲ੍ਹ ਤੋਂ ਰਿਹਾਈ ਪਿੱਛੋਂ ਕਾਂਗਰਸ ਅਤੇ ਖਿਲਾਫ਼ਤ ਕਮੇਟੀ ਵੱਲੋਂ ਉਨ੍ਹਾਂ ਦਾ ਥਾਂ-ਥਾਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਪੰਜਾਬ ਵਿੱਚ ਅੰਗਰੇਜ਼ੀ ਰਾਜ ਦੇ ਖ਼ਿਲਾਫ਼ ਕਈ ਥਾਂ ਜੋਸ਼ੀਲੀਆਂ ਤਕਰੀਰਾਂ ਕਰਕੇ ਲੋਕਾਂ ਵਿੱਚ ਆਜ਼ਾਦੀ ਦੀ ਤੜਪ ਪੈਦਾ ਕੀਤੀ। 7 ਮਾਰਚ, 1922 ਨੂੰ ਉਨ੍ਹਾਂ ਨੂੰ ਮੁੜ ਗ੍ਰਿਫਤਾਰ ਕਰਕੇ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾ ਕੇ ਮੀਆਂਵਾਲੀ ਜੇਲ੍ਹ ਭੇਜ ਦਿੱਤਾ ਗਿਆ।

1926 ਵਿੱਚ ਸਰਮੁੱਖ ਸਿੰਘ ਝਬਾਲ ਦੇ ਜੇਲ੍ਹ ਜਾਣ ਕਾਰਨ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਬਾਬਾ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਥਾਪਿਆ ਗਿਆ। ਰਾਜਸੀ ਸਰਗਰਮੀਆਂ ਵਿੱਚ ਹਿੱਸਾ ਲੈਣ ਕਰਕੇ ਜਨਵਰੀ 1931 ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਪੰਜ ਮਹੀਨੇ ਕੈਦ ਦੀ ਸਜ਼ਾ ਦਿੱਤੀ ਗਈ। ਫਰਵਰੀ 1932 ਉਨ੍ਹਾਂ ਨੂੰ ਮੁੜ ਗ੍ਰਿਫਤਾਰ ਕਰਕੇ ਅਲੀਪੁਰ ਸੈਂਟਰਲ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਗਿਆ‌। 1933 ਵਿੱਚ ਉਹ ਮਦਰਾਸ ਦੀ ਪ੍ਰੈਜੀਡੈਂਸ ਜੇਲ੍ਹ ਵਿੱਚ ਨਜ਼ਰਬੰਦ ਰਹੇ। 1934 ਵਿੱਚ ਬਿਹਾਰ ਵਿੱਚ ਪਏ ਅਕਾਲ ਸਮੇਂ ਬਾਬਾ ਜੀ ਨੇ ਤਨਦੇਹੀ ਨਾਲ ਭੁਚਾਲ ਪੀੜਤਾਂ ਦੀ ਸੇਵਾ ਕੀਤੀ। 1937 ਦੀਆਂ ਆਮ ਚੋਣਾਂ ਵਿੱਚ ਉਹ ਹਲਕਾ ਸਰਹਾਲੀ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜੇ, ਪਰ ਅਕਾਲੀ ਉਮੀਦਵਾਰ ਪ੍ਰਤਾਪ ਸਿੰਘ ਕੈਰੋਂ ਕੋਲੋਂ ਹਾਰ ਗਏ। ਬਾਬਾ ਜੀ ਦੇ ਯਤਨਾਂ ਸਦਕਾ ਦੇਸ਼ ਦੀ ਆਜ਼ਾਦੀ ਉਪਰੰਤ ਬਜਬਜ ਘਾਟ ’ਤੇ ਸ਼ਹੀਦਾਂ ਦੀ ਯਾਦਗਾਰ ਬਣਾਈ ਗਈ, ਜਿਸ ਦਾ ਉਦਘਾਟਨ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਪਹਿਲੀ ਜਨਵਰੀ 1952 ਨੂੰ ਕੀਤਾ। 24 ਜੁਲਾਈ 1954 ਨੂੰ ਭਾਰਤ ਮਾਤਾ ਦਾ ਇਹ ਸਪੂਤ ਸਦਾ ਲਈ ਸੰਸਾਰ ਨੂੰ ਅਲਵਿਦਾ ਕਹਿ ਗਿਆ। ਜ਼ਿਲ੍ਹਾ ਤਰਨ ਤਾਰਨ ਦੇ ਸਰਹਾਲੀ ਕਲਾਂ ਵਿੱਚ ਬਾਬਾ ਜੀ ਦੇ ਨਾਂ ’ਤੇ ਬਾਬਾ ਗੁਰਦਿੱਤ ਸਿੰਘ ਕੌਮਾਗਾਟਾਮਾਰੂ ਆਈਟੀਆਈ ਬਣੀ ਹੋਈ ਹੈ।

ਸੰਪਰਕ: 97812-00168

Advertisement