ਆਸਟਰੇਲੀਆ ਵਿੱਚ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਵਿਸ਼ਵ ਦਾ ਸਭ ਤੋਂ ਵੱਡਾ ਟਰੈਕਟਰ
ਦੁਨੀਆ ਦਾ ਸਭ ਤੋਂ ਵੱਡਾ ਟਰੈਕਟਰ ਆਸਟਰੇਲੀਆ ਵਿੱਚ ਹੈ। ਇਹ ਪੱਛਮੀ ਆਸਟਰੇਲੀਆ ਦੇ ਸ਼ਹਿਰ ਪਰਥ ਤੋਂ 300 ਕਿਲੋਮੀਟਰ ਉੱਤਰ ਵਿੱਚ, ਪੇਂਡੂ ਖੇਤਰ ’ਚ ਕਾਰਨਾਮਾਹ ਟਾਊਨ ਵਿੱਚ ਸਥਿਤ ਹੈ। ਇੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਖੇਤਾਂ ਦੇ ਰਾਜੇ ਦੀ ਦਿੱਖ ਦਿਲਕਸ਼ ਹੈ।
ਪ੍ਰਭਾਵਸ਼ਾਲੀ ਦਿੱਖ ਹਰੇਕ ਨੂੰ ਆਪਣੇ ਵੱਲ ਖਿੱਚਦੀ ਹੈ। ਇਸ ਰਾਜੇ ਦੀ ਗੱਦੀ ਉੱਤੇ ਬੈਠਣ ਲਈ ਨਾਲ ਬਣੀ ਹੋਈ ਪੌੜੀ ਰਾਹੀਂ ਚੜ੍ਹਨਾ-ਉੱਤਰਨਾ ਪੈਂਦਾ ਹੈ। ਵੱਡੇ ਅਕਾਰ ਵਾਲਾ ਸੰਤਰੀ ਟਰੈਕਟਰ ਪਿੰਡ ਦੇ ਚੌਕ ਦੀ ਸ਼ਾਨ ਹੈ। ਇਸ ਦੇ ਆਕਰਸ਼ਣ ਕਾਰਨ ਪਿੰਡ ’ਚ ਸੈਰ-ਸਪਾਟਾ ਲਗਾਤਾਰ ਵਧ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਹ ਟਰੈਕਟਰ 11.5 ਮੀਟਰ ਉੱਚਾ, 16 ਮੀਟਰ ਲੰਮਾ ਅਤੇ 42 ਟਨ ਵਜ਼ਨੀ ਹੈ, ਜੋ ਕਿ ਅਸਲ ਟਰੈਕਟਰ ਨਾਲੋਂ ਪੰਜ ਗੁਣਾ ਵੱਡਾ ਹੈ। ਇਸ ਦੇ ਨਿਰਮਾਣ ’ਤੇ ਕਰੀਬ ਇੱਕ ਸਾਲ ਲੱਗਾ ਹੈ। ਅਮਰੀਕਾ ਵਿਚ ਸੱਭ ਤੋਂ ਵੱਡਾ ਟਰੈਕਟਰ ‘ਬਿੱਗ ਬਡ 747’ ਸੀ। ਪਿਛਲੇ ਸਾਲ ਆਸਟਰੇਲੀਆ ਦੇ ਇਸ ਵੱਡੇ ਟਰੈਕਟਰ ਨਿਰਮਾਣ ਤੋਂ ਬਾਅਦ ਹੁਣ ਇਹ ਸੰਸਾਰ ’ਚ ਸੱਭ ਤੋਂ ਵੱਡਾ ਟਰੈਕਟਰ ਬਣ ਗਿਆ ਹੈ।
ਇਸ ਦਾ ਨਿਰਮਾਣ ਸਥਾਨਕ ਭਾਈਚਾਰੇ ਵੱਲੋਂ ਦਾਨ ਕੀਤੀ ਰਕਮ ਨਾਲ ਹੋਇਆ ਹੈ। ਇਹ ਖੇਤੀਬਾੜੀ ਉਪਕਰਣਾਂ ਦੇ ਨਿਰਮਾਣ ਵਿੱਚ ਪੱਛਮੀ ਆਸਟਰੇਲੀਆ ਦੇ ਇਤਿਹਾਸਕ ਯੋਗਦਾਨ ਨੂੰ ਦਰਸਾਉਂਦਾ ਹੈ।
ਬਿਗ ਟਰੈਕਟਰ ਕਮੇਟੀ ਦੇ ਚੇਅਰਮੈਨ ਬ੍ਰੈਂਡਨ ਹੈਸਲਰ ਦਾ ਕਹਿਣਾ ਹੈ ਕਿ ਟਰੈਕਟਰ ਖੇਤਾਂ ਦਾ ਰਾਜਾ ਹੈ ਤੇ ਕਿਸਾਨ ਦਾ ਪੁੱਤਰ ਹੈ, ਜਿਸ ਨੂੰ ਦੇਖਣ ਤੇ ਇਸ ਨਾਲ ਫੋਟੋ ਖਿਚਵਾਉਣ ਵਾਲੇ ਸੈਲਾਨੀ ਆਪਣੀ ਸ਼ਾਨ ਸਮਝਦੇ ਹਨ।
ਟਰੈਕਟਰ ਨੂੰ ਦੇਖਣ ਲਈ ਆਉਣ ਵਾਲੇ ਸੈਲਾਨੀ ਟਾਊਨ ਵਿਚ ਖਰੀਦਦਾਰੀ ਵੀ ਕਰਦੇ ਹਨ। ਸਥਾਨਕ ਲੋਕ ਜੋ ਕੱਪੜਿਆਂ ਦੀਆਂ ਸਿਲਾਈ-ਕਢਾਈ ਵਾਲੀਆਂ ਕਮੀਜ਼ਾਂ, ਸਕਾਫ, ਮਫਲਰ ਅਤੇ ਟੋਪੀਆਂ ਆਦਿ ਨੂੰ ਵੇਚਦੇ ਹਨ, ਦੇ ਕਾਰੋਬਾਰ ਨੂੰ ਹੁਲਾਰਾ ਮਿਲਿਆ ਹੈ।