ਜਦੋਂ ਸਕੂਟਰ ਖਰੀਦਣ ਲਈ 40,000 ਦੇ ਸਿੱਕੇ ਲੈ ਕੇ ਸ਼ੋਰੂਮ ਪਹੁੰਚਿਆ ਵਿਅਕਤੀ
ਇੱਕ ਕਿਸਾਨ ਨੇ ਆਪਣੀ ਧੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਇੱਕ ਵਿਲੱਖਣ ਮਿਸਾਲ ਪੇਸ਼ ਕੀਤੀ ਹੈ ਅਤੇ ਲਗਪਗ ਇੱਕ ਲੱਖ ਰੁਪਏ ਦਾ ਸਕੂਟਰ ਖਰੀਦ ਕੇ ਉਸਦੇ ਸੂਪਨੇ ਨੂੰ ਹਕੀਕਤ ਵਿੱਚ ਬਦਲ ਦਿੱਤਾ। ਜ਼ਿਕਰਯੋਗ ਹੈ ਕਿ ਇੱਕ ਸਧਾਰਨ ਕਿਸਾਨ ਬਜਰੰਗ ਰਾਮ ਨੇ ਆਪਣੀ ਧੀ ਚੰਪਾ ਭਗਤ ਦੀ ਇੱਛਾ ਪੂਰੀ ਕਰਨ ਲਈ ਛੇ ਮਹੀਨਿਆਂ ਤੱਕ ਸਿੱਕੇ ਬਚਾਏ।
ਬਜਰੰਗ ਰਾਮ ਰੋਜ਼ਾਨਾ ਕੁੱਝ ਸਿੱਕੇ ਇੱਕ ਟੀਨ ਦੇ ਡੱਬੇ ਵਿੱਚ ਰੱਖ ਦਿੰਦਾ ਸੀ ਅਤੇ ਸਮੇਂ ਦੇ ਨਾਲ ਇਹ ਬੱਚਤ ਵਧਦੀ ਗਈ। ਉਸ ਨੇ ਘੱਟੋ-ਘੱਟ ਛੇ ਮਹੀਨਿਆਂ ਤੱਕ ਅਜਿਹਾ ਕੀਤਾ। ਧਨਤੇਰਸ ਦੇ ਮੌਕੇ ’ਤੇ ਉਹ ਲਗਪਗ 40,000 ਰੁਪਏ ਦੇ ਸਿੱਕਿਆਂ ਵਾਲਾ ਇੱਕ ਬੋਰਾ ਲੈ ਕੇ ਜਸ਼ਪੁਰ ਦੇ ਇੱਕ ਹੌਂਡਾ ਸ਼ੋਅਰੂਮ ਪਹੁੰਚਿਆ।
ਸ਼ੋਅਰੂਮ ਦੇ ਸਟਾਫ਼ ਨੇ ਸਿੱਕਿਆਂ ਨਾਲ ਭਰਿਆ ਬੋਰਾ ਦੇਖ ਕੇ ਹੈਰਾਨੀ ਪ੍ਰਗਟਾਈ, ਪਰ ਜਦੋਂ ਉਨ੍ਹਾਂ ਨੂੰ ਇੱਕ ਪਿਤਾ ਵੱਲੋਂ ਆਪਣੀ ਧੀ ਨੂੰ ਸਕੂਟਰ ਤੋਹਫ਼ੇ ਵਜੋਂ ਦੇਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੀ ਹੈਰਾਨੀ ਪ੍ਰਸ਼ੰਸਾ ਵਿੱਚ ਬਦਲ ਗਈ।
ਚੰਪਾ ਲਈ ਸਕੂਟਰ ਸਿਰਫ਼ ਆਵਾਜਾਈ ਦੇ ਸਾਧਨ ਤੋਂ ਵੱਧ ਸੀ, ਕਿਉਂਕਿ ਇਹ ਉਸਦੇ ਪਿਤਾ ਦੇ ਪਿਆਰ, ਵਿਸ਼ਵਾਸ ਅਤੇ ਸਖ਼ਤ ਮਿਹਨਤ ਦਾ ਪ੍ਰਤੀਕ ਸੀ।
ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵੀਡੀਓ ਵੱਡੇ ਪੱਧਰ ’ਤੇ ਵਾਇਰ ਹੋ ਰਹੀ ਹੈ। ਇਸ ’ਤੇ ਇੱਕ ਯੂਜ਼ਰ ਨੇ ਟਿੱਪਣੀ ਕੀਤੀ, "ਇਹ ਉਹ ਭਾਰਤ ਹੈ ਜਿਸ ਲਈ ਮੈਂ ਅਰਦਾਸ ਅਤੇ ਉਮੀਦ ਕਰਦਾ ਹਾਂ।"
ਇਸ ਪਲ ਨੂੰ ਹੋਰ ਵੀ ਖਾਸ ਬਣਾਉਣ ਲਈ, ਪਰਿਵਾਰ ਨੇ ਸ਼ੋਅਰੂਮ ਦੇ "ਸਕ੍ਰੈਚ ਐਂਡ ਵਿਨ" ਆਫ਼ਰ ਵਿੱਚ ਹਿੱਸਾ ਲਿਆ ਅਤੇ ਇੱਕ ਮਿਕਸਰ ਗ੍ਰਾਈਂਡਰ ਜਿੱਤਿਆ।਼
