ਜਦੋਂ ਭਾਸ਼ਾਈ ਕਲਾਬਾਜ਼ੀਆਂ ਕਰਕੇ ਬਾਊਂਸ ਹੋਇਆ ਚੈੱਕ
ਸੱਤ ਹਜ਼ਾਰ ਛੇ ਸੌ ਸੋਲਾਂ ਰੁਪਏ ਦਾ ਇਹ ਚੈੱਕ ਆਪਣੀ ਰਕਮ ਲਈ ਨਹੀਂ, ਬਲਕਿ ਭਾਸ਼ਾਈ ਕਲਾਬਾਜ਼ੀਆਂ ਕਰਕੇ ਵਾਇਰਲ ਹੋਇਆ ਹੈ। ਹਾਲਾਂਕਿ ਇਕਾਈ ਦਹਾਈ ਸੈਂਕੜੇ ਦੇ ਹਿਸਾਬ ਨਾਲ ਚੈਕ ’ਤੇ ਰਕਮ 7616/- ਸਹੀ ਲਿਖੀ ਗਈ ਹੈ, ਪਰ ਇਸ ਰਕਮ ਨੂੰ ਖੋਲ੍ਹ ਕੇ ਕੁਝ ਇਸ ਤਰ੍ਹਾਂ ਲਿਖਿਆ ਗਿਆ, ‘‘Saven Thursday six Harendra sixty rupees only।’’ ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਟਿੱਪਣੀ ਕੀਤੀ ਕਿ ਜੇ ਸ਼ੈਕਸਪੀਅਰ ਜ਼ਿੰਦਾ ਹੁੰਦਾ, ਤਾਂ ਉਹ ਇਸ ਨੂੰ ਪੜ੍ਹਨ ਤੋਂ ਬਾਅਦ ਚੁੱਪਚਾਪ ਸੇਵਾਮੁਕਤ ਹੋ ਜਾਂਦਾ।
ਲੋਕਾਂ ਲਈ ਭਾਵੇਂ ਇਹ ਢਿੱਡੀਂ ਪੀੜਾਂ ਪਾਉਣ ਵਾਲਾ ਹੈ, ਪਰ ਸਕੂਲ ਪ੍ਰਬੰਧ ਲਈ ਇਹ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਸੋਸ਼ਲ ਮੀਡੀਆ ’ਤੇ ਸਵਾਲਾਂ ਦਾ ਹੜ੍ਹ ਆ ਗਿਅ। ਇਕ ਨੇ ਕਿਹਾ ਜੇਕਰ ਕਿਸੇ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰਿੰਸੀਪਲ ‘ਹਜ਼ਾਰ’ (Thousand) ਦੀ ਥਾਂ ‘ਵੀਰਵਾਰ’ (Thursday) ਅਤੇ ‘ਸੌ’ (Hundred) ਦੀ ਥਾਂ ‘ਹਰੇਂਦਰ’(Harendra) ਲਿਖੇ ਤਾਂ ਫਿਰ ਵਿਦਿਆਰਥੀਆਂ ਲਈ ਕੀ ਉਮੀਦ ਬਚੀ ਹੈ। ਇਹ ਚੈੱਕ ਹੁਣ ਵਿੱਤੀ ਸਾਧਨ ਘੱਟ ਤੇ ਵਿਆਕਰਣ ਸਮਾਰਕ ਵਧੇਰੇ ਬਣ ਗਿਆ ਹੈ।
ਸਕੂਲ ਨੂੰ ਅੱਗੇ ਉਦੋਂ ਹੋਰ ਸ਼ਰਮਿੰਦਗੀ ਝੱਲਣੀ ਪਈ ਜਦੋਂ ਬੈਂਕ ਨੇ ਚੈੱਕ ਰੱਦ ਕਰ ਦਿੱਤਾ। ਸਕੂਲ ਨੂੰ ਮਜਬੂਰੀਵੱਸ ਨਵਾਂ ਸੋਧਿਆ ਹੋਇਆ ਚੈੱਕ ਜਾਰੀ ਕਰਨਾ ਪਿਆ। ਬੈਂਕ ਵੱਲੋਂ ਰੱਦ ਕੀਤਾ ਅਸਲ ਚੈੱਕ ਸੋਸ਼ਲ ਮੀਡੀਆ ’ਤੇ ਜਮ ਕੇ ਵਾਇਰਲ ਹੋ ਰਿਹਾ ਹੈ। ਮਿਆਰੀ ਸਿੱਖਿਆ ਦੇ ਦਮਗਜ਼ੇ ਮਾਰਨ ਵਾਲੀ ਸਰਕਾਰ ਅਧਿਆਪਕਾਂ ਨੂੰ ਵਿਦੇਸ਼ੀ ਦੌਰਿਆਂ ’ਤੇ ਭੇਜਣ ਲਈ ਮੋਟੇ ਬਿੱਲ ਤਾਰ ਰਹੀ ਹੈ। ਸ਼ਾਇਦ ਸਿੰਗਾਪੁਰ ਜਾਂ ਹੋਰਨਾਂ ਦੇਸ਼ਾਂ ਵਿਚ ਪੈਰ ਧਰਨ ਤੋਂ ਪਹਿਲਾਂ, ਸ਼ਿਮਲਾ ਵਿਚ ਅੰਗਰੇਜ਼ੀ ਭਾਸ਼ਾ ਦੀ ਬੁਨਿਆਦੀ ਜਾਣਕਾਰੀ ਲਈ ਰੁਕਣ ਕਰਕੇ ਕਰਦਾਤਿਆਂ ਦੀ ਜੇਬ੍ਹਾਂ ’ਤੇ ਪੈਣ ਵਾਲਾ ਬੋਝ ਬਚ ਸਕਦਾ ਹੈ।
ਸੋਸ਼ਲ ਮੀਡੀਆ ’ਤੇ ਆਲੋਚਕਾਂ ਦਾ ਤਰਕ ਹੈ ਕਿ ਇਹ ਇਕ ਗ਼ਲਤੀ ਪੂਰੀ ਸੰਸਥਾ ਦੀ ਦਿੱਖ ਨੂੰ ਖਰਾਬ ਕਰਦੀ ਹੈ। ਵਾਇਰਲ ਚੇੱਕ ਬਾਰੇ ਸਕੂਲ ਦੇ ਪ੍ਰਿੰਸੀਪਲ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨਾਲ ਰਾਬਤਾ ਨਹੀਂ ਹੋ ਸਕਿਆ।