ਮਹਿਲਾ ਯਾਤਰੀ ਵੱਲੋਂ ਏਸੀ ਕੋਚ ਵਿਚ ਇਲੈਕਟ੍ਰਿਕ ਕੈਟਲ ’ਚ Maggi ਬਣਾਉਂਦਿਆਂ ਦੀ ਵੀਡੀਓ ਵਾਇਰਲ
Maggi in train ਇਕ ਮਹਿਲਾ ਵਿਚ ਭਾਰਤੀ ਰੇਲਵੇ ਦੇ ਏਸੀ ਕੋਚ ਵਿਚ ਇਲੈਕਟ੍ਰਿਕ ਕੈਟਲ ਵਿਚ ਮੈਗੀ ਬਣਾਉਂਦਿਆਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੇ ਜਿੱਥੇ ਆਨਲਾਈਨ ਨਵੀਂ ਬਹਿਸ ਛੇੜ ਦਿੱਤੀ ਹੈ ਤੇ ਉਥੇ ਫ਼ਿਕਰ ਵੀ ਜਤਾਇਆ ਹੈ। ਇਸ ਕਲਿੱਪ ਵਿੱਚ ਇੱਕ ਔਰਤ ਨੂੰ ਰੇਲ ਸਫ਼ਰ ਕਰਦਿਆਂ ਮੋਬਾਈਲ ਚਾਰਜਿੰਗ ਸਾਕਟ ਵਿੱਚ ਇਲੈਕਟ੍ਰਿਕ ਕੈਟਲ ਵਿਚ ਮੈਗੀ ਪਕਾਉਂਦਿਆਂ ਦਿਖਾਇਆ ਗਿਆ ਹੈ। ਜਿਵੇਂ ਹੀ ਇਹ ਵੀਡੀਓ X ’ਤੇ ਅਪਲੋਡ ਕੀਤਾ ਗਿਆ, ਇਹ ਤੇਜ਼ੀ ਨਾਲ ਵਾਇਰਲ ਹੋ ਗਿਆ ਅਤੇ ਰੇਲਵੇ ਅਧਿਕਾਰੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਦੌਰਾਨ ਸੈਂਟਰਲ ਰੇਲਵੇ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਸਬੰਧਤ ਮਹਿਲਾ ਯਾਤਰੀ ਖਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਧਰ ਸੋਸ਼ਲ ਮੀਡੀਆ ਯੂਜ਼ਰਜ਼ ਨੇ ਇਸ ਘਟਨਾ ਨੂੰ ਲੈ ਕੇ ਤਿੱਖੇ ਤੇ ਢਿੱਡੀ ਪੀੜਾਂ ਪਾਉਣ ਵਾਲੇ ਪ੍ਰਤੀਕਰਮ ਦਿੱਤੇ ਹਨ।
ਸੈਂਟਰਲ ਰੇਲਵੇ ਨੇ ਆਪਣੇ ਅਧਿਕਾਰਤ ਐਕਸ ਹੈਂਡਲ ’ਤੇ ਕਿਹਾ, ‘‘ਸਬੰਧਤ ਮਹਿਲਾ ਯਾਤਰੀ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਰੇਲਗੱਡੀ ਅੰਦਰ ਇਲੈਕਟ੍ਰਿਕ ਕੈਟਲ ਵਰਤਣ ਦੀ ਸਖ਼ਤ ਮਨਾਹੀ ਹੈ। ਇਹ ਅਸੁਰੱਖਿਅਤ, ਗੈਰ-ਕਾਨੂੰਨੀ ਅਤੇ ਸਜ਼ਾਯੋਗ ਅਪਰਾਧ ਹੈ। ਇਸ ਨਾਲ ਅੱਗ ਲੱਗ ਸਕਦੀ ਹੈ, ਜਿਸ ਨਾਲ ਹੋਰ ਯਾਤਰੀਆਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਹ ਬਿਜਲੀ ਸਪਲਾਈ ਵਿੱਚ ਅੜਿੱਕੇ ਅਤੇ ਰੇਲਗੱਡੀ ਵਿੱਚ ਏਸੀ ਅਤੇ ਹੋਰ ਇਲੈਕਟ੍ਰਾਨਿਕ ਪੋਰਟਾਂ ਦੀ ਖਰਾਬੀ ਦਾ ਕਾਰਨ ਵੀ ਬਣ ਸਕਦਾ ਹੈ।’’
ਸੈਂਟਰਲ ਰੇਲਵੇ ਨੇ ਯਾਤਰੀਆਂ ਨੂੰ ਅਜਿਹੀ ਕੋਈ ਵੀ ਸਰਗਰਮੀ ਸਬੰਧਤ ਸਟਾਫ਼ ਦੇ ਧਿਆਨ ਵਿਚ ਲਿਆਉਣ ਲਈ ਕਿਹਾ ਹੈ। ਉਧਰ ਸੋਸ਼ਲ ਮੀਡੀਆ ’ਤੇ ਇਕ ਯੂਜ਼ਰ ਨੇ ਟਿੱਪਣੀ ਕੀਤੀ, ‘‘ਇਹ ਬਹੁਤ ਜ਼ਰੂਰੀ ਹੈ ਕਿ ਸਾਰੇ ਯਾਤਰੀ ਇਹ ਸਮਝਣ ਕਿ ਇਹ ਕੋਈ ਹੈਕ ਨਹੀਂ ਬਲਕਿ ਇੱਕ ਗੰਭੀਰ ਸੁਰੱਖਿਆ ਖ਼ਤਰਾ ਹੈ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਜੇਕਰ ਅੱਗ ਲੱਗ ਜਾਂਦੀ ਤਾਂ ਇਹ ਵੱਡੀ ਆਫ਼ਤ ਵਿਚ ਤਬਦੀਲ ਹੋ ਸਕਦਾ ਸੀ।’’ ਇਕ ਹੋਰ ਨੇ ਲਿਖਿਆ, ‘‘ਪਬਲਿਕ ਸਾਕੇਟ ਤੁਹਾਡੇ ਹੋਸਟਲ ਦਾ ਕਿਚਨ ਨਹੀਂ ਹੈ। ਇਕ ਮੈਗੀ ਲਈ ਟਰੇਨ ਨੂੰ ਅੱਗ ਲਾਉਣਾ ਠੀਕ ਨਹੀਂ।’’ ਇਕ ਯੂਜ਼ਰ ਨੇ ਕਿਹਾ, ‘‘ਆਂਟੀ ਦੇ ਅੰਕਲ ਜੀ ਵੀ ਓਨੇ ਹੀ ਜ਼ਿੰਮੇਵਾਰ ਹਨ। ਉਨ੍ਹਾਂ ਨੂੰ ਟਰੇਨ ਵਿਚ ਗਰਮਾ ਗਰਮ ਖਾਣਾ ਚਾਹੀਦਾ ਸੀ, ਕੀ ਵੜਾ ਪਾਵ ਨਾਲ ਮਨ ਨਹੀਂ ਭਰਿਆ?’’
