ਚੰਦਰ ਗ੍ਰਹਿਣ ਮੌਕੇ ਅੱਜ ਚੰਦਰਮਾ ਪੂਰੀ ਤਰ੍ਹਾਂ ਹੋਵੇਗਾ ‘ਲਾਲ’
Lunar eclipse 2025: ਖਗੋਲ ਤੇ ਧਾਰਮਿਕ ਨਜ਼ਰੀਏ ਤੋਂ ਅੱਜ ਦਾ ਦਿਨ 7 ਸਤੰਬਰ 2025 ਬਹੁਤ ਖਾਸ ਰਹਿਣ ਵਾਲਾ ਹੈ। ਅੱਜ ਤੋਂ ਸ਼ਰਾਧ ਸ਼ੁਰੂ ਹੋ ਰਹੇ ਹਨ। ਇਸ ਦੇ ਨਾਲ ਹੀ ਭਾਦੋ ਮਹੀਨੇ ਦੀ ਪੂਰਨਮਾਸ਼ੀ ਮੌਕੇ ਸਾਲ 2025 ਦਾ ਚੰਦਰਮਾ ਗ੍ਰਹਿਣ ਵੀ ਲੱਗ ਰਿਹਾ ਹੈ। ਭਾਰਤ ਵਿਚ ਖਗੋਲ ਪ੍ਰੇਮੀਆਂ ਲਈ ਅੱਜ ਰਾਤ ਨੂੰ ਅਸਮਾਨ ਵਿਚ ਨਿਵੇਕਲਾ ਨਜ਼ਾਰਾ ਦੇਖਣ ਨੂੰ ਮਿਲੇਗਾ। ਪੂਰਨ ਚੰਦਰ ਗ੍ਰਹਿਣਥ ਮੌਕੇ ਚੰਦਰਮਾ ਗੂੜ੍ਹੇ ਲਾਲ ਰੰਗ ਵਿਚ ਨਜਰ ਆਏਗਾ।
ਇਸ ਨਿਵੇਕਲੀ ਖਗੋਲੀ ਘਟਨਾ ਨੂੰ ਅਕਸਰ ‘ਬਲੱਡ ਮੂਨ’ ਕਿਹਾ ਜਾਂਦਾ ਹੈ। ਇਹ ਇਸ ਦਹਾਕੇ ਦੇ ਸਭ ਤੋਂ ਲੰਮੇ ਪੂਰਨ ਚੰਦਰ ਗ੍ਰਹਿਣਾਂ ਵਿੱਚੋਂ ਇੱਕ ਹੋਵੇਗਾ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਸੂਰਜ ਦੀ ਰੌਸ਼ਨੀ ਧਰਤੀ ਦੇ ਵਾਯੂਮੰਡਲ ਵਿੱਚੋਂ ਲੰਘਦੀ ਹੈ, ਤਾਂ ਨੀਲੀਆਂ ਅਤੇ ਹਰੀਆਂ ਕਿਰਨਾਂ ਖਿੰਡ ਜਾਂਦੀਆਂ ਹਨ, ਜਦੋਂ ਕਿ ਲਾਲ ਕਿਰਨਾਂ ਮੁੜ ਕੇ ਚੰਦਰਮਾ ’ਤੇ ਡਿੱਗਦੀਆਂ ਹਨ। ਇਹੀ ਕਾਰਨ ਹੈ ਕਿ ਚੰਦਰ ਗ੍ਰਹਿਣ ਦੌਰਾਨ ਚੰਦਰਮਾ ਗੂੜ੍ਹਾ ਲਾਲ ਦਿਖਾਈ ਦਿੰਦਾ ਹੈ। ਚੰਦ ਦਾ ਲਾਲ-ਤਾਂਬੇ ਵਾਲਾ ਰੂਪ ਅਤੇ ਇਸ ਦੇ ਆਲੇ ਦੁਆਲੇ ਟਿਮਟਿਮਾਉਂਦੇ ਤਾਰੇ ਚੰਦਰ ਗ੍ਰਹਿਣ ਦੌਰਾਨ ਇੱਕ ਸ਼ਾਨਦਾਰ ਦ੍ਰਿਸ਼ ਪੈਦਾ ਕਰਨਗੇ। ਇਹ ਖਗੋਲ ਵਿਗਿਆਨ ਪ੍ਰੇਮੀਆਂ ਅਤੇ ਆਮ ਲੋਕਾਂ ਲਈ ਇੱਕ ਯਾਦਗਾਰੀ ਅਨੁਭਵ ਹੋਵੇਗਾ।
ਇਹ ਗ੍ਰਹਿਣ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰੇ ਭਾਰਤ ਵਿੱਚ ਦਿਖਾਈ ਦੇਵੇਗਾ। ਖਗੋਲ ਵਿਗਿਆਨੀਆਂ ਅਨੁਸਾਰ, ਚੰਦਰਮਾ ਦਾ ਪੂਰਾ ਲਾਲ ਰੂਪ ਦੇਰ ਰਾਤ ਨੂੰ ਸ਼ੁਰੂ ਹੋਵੇਗਾ ਅਤੇ ਅੱਧੀ ਰਾਤ ਤੋਂ ਬਾਅਦ ਤੱਕ ਜਾਰੀ ਰਹੇਗਾ। ਹਾਲਾਂਕਿ ਗ੍ਰਹਿਣ ਦੀ ਪੂਰੀ ਪ੍ਰਕਿਰਿਆ ਕਈ ਘੰਟਿਆਂ ਤੱਕ ਚੱਲੇਗੀ, ਪਰ 82 ਮਿੰਟ ਦਾ ‘ਬਲੱਡ ਮੂਨ’ ਪੜਾਅ ਸਭ ਤੋਂ ਦਿਲਚਸਪ ਹੋਵੇਗਾ। ਜੇਕਰ ਅਸਮਾਨ ਸਾਫ਼ ਰਿਹਾ ਤਾਂ ਦਿੱਲੀ, ਮੁੰਬਈ, ਬੰਗਲੁਰੂ, ਚੰਡੀਗੜ੍ਹ, ਚੇਨਈ ਅਤੇ ਕੋਲਕਾਤਾ ਵਰਗੇ ਵੱਡੇ ਸ਼ਹਿਰਾਂ ਦੇ ਲੋਕ ਇਸ ਨੂੰ ਸਾਫ਼-ਸਾਫ਼ ਦੇਖ ਸਕਣਗੇ। ਇਹ ਦ੍ਰਿਸ਼ ਨਾ ਸਿਰਫ਼ ਭਾਰਤ ਵਿੱਚ ਸਗੋਂ ਯੂਰਪ, ਏਸ਼ੀਆ, ਆਸਟਰੇਲੀਆ, ਨਿਊਜ਼ੀਲੈਂਡ, ਅਫਰੀਕਾ, ਉੱਤਰੀ ਅਤੇ ਦੱਖਣੀ ਅਮਰੀਕਾ ਦੇ ਕਈ ਦੇਸ਼ਾਂ ਵਿੱਚ ਵੀ ਦਿਖਾਈ ਦੇਵੇਗਾ।
ਸੂਰਜ ਗ੍ਰਹਿਣ ਦੇ ਉਲਟ, ਚੰਦਰ ਗ੍ਰਹਿਣ ਦੇਖਣ ਲਈ ਕਿਸੇ ਖਾਸ ਕਿਸਮ ਦੀਆਂ ਐਨਕਾਂ ਦੀ ਲੋੜ ਨਹੀਂ ਹੁੰਦੀ। ਇਸ ਨੂੰ ਨੰਗੀ ਅੱਖ ਜਾਂ ਦੂਰਬੀਨ ਨਾਲ ਸੁਰੱਖਿਅਤ ਢੰਗ ਨਾਲ ਦੇਖਿਆ ਜਾ ਸਕਦਾ ਹੈ। ਇਹ ਚੰਦਰ ਗ੍ਰਹਿਣ ਖਾਸ ਹੈ ਕਿਉਂਕਿ ਇੰਨੀ ਲੰਬੀ ਮਿਆਦ ਦੇ ਪੂਰੇ ਚੰਦਰ ਗ੍ਰਹਿਣ ਬਹੁਤ ਘੱਟ ਹੁੰਦੇ ਹਨ। ਇੱਕ ਘੰਟੇ ਤੋਂ ਵੱਧ ਸਮੇਂ ਲਈ ਲਗਾਤਾਰ ਲਾਲ ਦਿਖਾਈ ਦੇਣ ਵਾਲਾ ਚੰਦਰਮਾ ਨਾ ਸਿਰਫ਼ ਇੱਕ ਕੁਦਰਤੀ ਅਜੂਬਾ ਹੈ, ਸਗੋਂ ਪੁਲਾੜ ਵਿੱਚ ਸਾਡੇ ਗ੍ਰਹਿ ਦੀ ਵਿਸ਼ੇਸ਼ ਸਥਿਤੀ ਦੀ ਯਾਦ ਦਿਵਾਉਂਦਾ ਹੈ।