ਗਰੀਬੀ ਨਾਲ ਜੂਝਦੇ ਪਰਿਵਾਰ ਨੇ 50 ਹਜ਼ਾਰ ’ਚ ਵੇਚਿਆ ਮਹੀਨੇ ਦਾ ਬੱਚਾ
ਮੁੱਖ ਮੰਤਰੀ ਹੇਮੰਤ ਸੋਰੇਨ ਵੱਲੋਂ ਮਾਮਲੇ ਦਾ ਨੋਟਿਸ ਲੈਣ ਅਤੇ ਪੁਲੀਸ ਨੂੰ ਲੜਕੇ ਨੂੰ ਬਚਾਉਣ ਲਈ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦੇਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।
ਲੇਸਲੀਗੰਜ ਸਰਕਲ ਅਫ਼ਸਰ ਸੁਨੀਲ ਕੁਮਾਰ ਸਿੰਘ ਨੇ ਕਿਹਾ ਕਿ ਪਲਾਮੂ ਜ਼ਿਲ੍ਹੇ ਦੇ ਲੇਸਲੀਗੰਜ ਇਲਾਕੇ ਦੇ ਇੱਕ ਜੋੜੇ ਨੇ ਅਤਿ ਦੀ ਗਰੀਬੀ ਕਾਰਨ ਕਥਿਤ ਤੌਰ ’ਤੇ ਆਪਣੇ ਪੁੱਤ ਨੂੰ 50,000 ਰੁਪਏ ਵਿੱਚ ਵੇਚ ਦਿੱਤਾ।
ਉਨ੍ਹਾਂ ਦੱਸਿਆ ਕਿ ਜਿਵੇਂ ਹੀ ਇਹ ਮਾਮਲਾ ਸਾਹਮਣੇ ਆਇਆ, ਪਲਾਮੂ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਵਿੱਚ ਦਖ਼ਲ ਦਿੱਤਾ ਅਤੇ ਲੋਟਵਾ ਪਿੰਡ ਵਿੱਚ ਪਰਿਵਾਰ ਨੂੰ 20 ਕਿਲੋ ਅਨਾਜ ਮੁਹੱਈਆ ਕਰਵਾਇਆ, ਜਦੋਂ ਕਿ ਉਨ੍ਹਾਂ ਨੂੰ ਵੱਖ-ਵੱਖ ਭਲਾਈ ਯੋਜਨਾਵਾਂ ਅਧੀਨ ਦਰਜ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਰਾਮਚੰਦਰ ਰਾਮ ਨੇ ਦੱਸਿਆ ਕਿ ਉਸ ਦੀ ਪਤਨੀ ਜਣੇਪੇ ਤੋਂ ਬਾਅਦ ਲਗਾਤਾਰ ਬਿਮਾਰ ਸੀ ਅਤੇ ਉਸ ਕੋਲ ਇਲਾਜ ਲਈ ਪੈਸੇ ਨਹੀਂ ਸਨ, ਇਸ ਲਈ ਪਤਨੀ ਨੂੰ ਦਵਾਈ ਦਿਵਾਉਣ ਲਈ ਉਸ ਨੇ ਆਪਣੇ ਪੁੱਤਰ ਨੂੰ ਗੁਆਂਢੀ ਪਿੰਡ ਦੇ ਇੱਕ ਦਲਾਲ ਜੋੜੇ ਨੂੰ ਵੇਚ ਦਿੱਤਾ।
ਦਿਹਾੜੀ ਕਰਕੇ ਗੁਜ਼ਾਰਾ ਕਰਦੇ ਰਾਮ ਦਾ ਕੰਮ-ਕਾਜ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਠੱਪ ਪਿਆ ਸੀ। ਰਾਮ ਨੇ ਦੱਸਿਆ, ‘‘ਮੇਰੇ ਕੋਲ ਪਤਨੀ ਦੇ ਇਲਾਜ ਅਤੇ ਭੋਜਨ ਦਾ ਪ੍ਰਬੰਧ ਲਈ ਵੀ ਪੈਸੇ ਨਹੀਂ ਸਨ।’’
ਰਕਮ ਦੀ ਅਦਾਇਗੀ ਮਗਰੋਂ ਦਲਾਲ ਜੋੜਾ ਬੱਚੇ ਨੂੰ ਲਾਤੇਹਰ ਜ਼ਿਲ੍ਹੇ ’ਚ ਲੈ ਗਿਆ।
ਰਾਮ ਨੇ ਦੱਸਿਆ, ‘‘ਅਸੀਂ ਬੇਘਰ ਹਾਂ ਅਤੇ ਆਪਣੇ ਚਾਰ ਹੋਰ ਬੱਚਿਆਂ ਨਾਲ ਖਸਤਾ ਹਾਲ ਸ਼ੈੱਡ ਥੱਲੇ ਰਾਤਾਂ ਲੰਘਾਉਂਦੇ ਹਾਂ।’’
ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੇ ਰਹਿਣ ਵਾਲਾ ਰਾਮ ਪਿਛਲੇ ਡੇਢ ਦਹਾਕੇ ਤੋਂ ਆਪਣੀ ਪਤਨੀ ਨਾਲ ਲੋਟਵਾ ਵਿੱਚ ਰਹਿ ਰਿਹਾ ਹੈ। ਸਰਕਾਰੀ ਸੂਤਰਾਂ ਅਨੁਸਾਰ ਉਹ ਮਜ਼ਦੂਰੀ ਕਰਦੇ ਹਨ ਅਤੇ ਜਦੋਂ ਕੰਮ ਨਹੀਂ ਮਿਲਦਾ ਤਾਂ ਉਹ ਪਿੰਡ ਵਿੱਚ ਭੀਖ ਵੀ ਮੰਗਦੇ ਹਨ।
ਪਰਿਵਾਰ ਦਾ ਕੋਈ ਆਧਾਰ ਕਾਰਡ ਜਾਂ ਰਾਸ਼ਨ ਕਾਰਡ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਸਰਕਾਰੀ ਸਹੂਲਤ ਦਾ ਲਾਭ ਮਿਲ ਰਿਹਾ ਹੈ।
ਪਿੰਕੀ ਦੇਵੀ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਨ੍ਹਾਂ ਨੂੰ ਝੁੱਗੀ ਬਣਾਉਣ ਲਈ ਥੋੜੀ ਜਿਹੀ ਜਗ੍ਹਾਂ ਦਿੱਤੀ ਸੀ ਅਤੇ ਹੁਣ ਲਗਾਤਾਰ ਮੀਂਹ ਕਾਰਨ ਝੁੱਗੀ ਵੀ ਤਬਾਹ ਹੋ ਗਈ ਹੈ।
ਰਾਮ ਨੇ ਦੱਸਿਆ, ‘‘ਸਾਡੇ ਕੋਲ ਸ਼ੈੱਡ ਥੱਲੇ ਰਹਿਣ ਤੋਂ ਸਿਵਾਂ ਕੋਈ ਚਾਰਾ ਨਹੀਂ ਬਚਿਆ।’’
ਪਿੰਕੀ ਦੇਵੀ ਨੇ ਸ਼ੈੱਡ ਥੱਲੇ ਹੀ ਲੜਕੇ ਨੂੰ ਜਨਮ ਦਿੱਤਾ ਅਤੇ ਉਦੋਂ ਤੋਂ ਉਹ ਬਿਮਾਰ ਹੈ।
ਲੇਸਲੀਗੰਜ ਪੁਲੀਸ ਥਾਣੇ ਦੇ ਇੰਚਾਰਜ ਉੱਤਮ ਕੁਮਾਰ ਰਾਏ ਨੇ ਦੱਸਿਆ ਕਿ ਬੱਚੇ ਦਾ ਪਤਾ ਲਗਾਉਣ ਲਈ ਇੱਕ ਪੁਲੀਸ ਟੀਮ ਲਾਤੇਹਰ ਭੇਜੀ ਗਈ ਸੀ, ਜਿਸ ਨੇ ਬੱਚੇ ਨੂੰ ਅੱਜ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਪਲਾਮੂ ਦੇ ਡਿਪਟੀ ਕਮਿਸ਼ਨਰ ਨੂੰ ਮਾਮਲੇ ਦੀ ਸਹੀ ਜਾਂਚ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ।
ਪਲਾਮੂ ਦੇ ਡਿਪਟੀ ਡਿਵੈੱਲਪਮੈਂਟ ਕਮਿਸ਼ਨਰ ਜਾਵੇਦ ਹੁਸੈਨ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਮੀਡੀਆ ਰਿਪੋਰਟਾਂ ਤੋਂ ਮਾਮਲੇ ਬਾਰੇ ਪਤਾ ਲੱਗਿਆ ਅਤੇ ਬਾਅਦ ਵਿੱਚ ਬੱਚੇ ਨੂੰ ਉਸ ਦੇ ਮਾਪਿਆਂ ਨਾਲ ਮੁੜ ਮਿਲਾਉਣ ਲਈ ਕਦਮ ਚੁੱਕੇ ਗਏ ਹਨ।