ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੁਣ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਯੂਟਿਊਬ ਦੀ ਵਰਤੋਂ ਕਰਨ ’ਤੇ ਲੱਗੇਗੀ ਪਾਬੰਦੀ

37 ਫੀਸਦੀ ਨਾਬਾਲਗਾਂ ਨੇ ਯੂਟਿਊਬ ’ਤੇ ਨੁਕਸਾਨਦੇਹ ਸਮੱਗਰੀ ਦੇਖਣ ਦੀ ਰਿਪੋਰਟ ਕੀਤੀ; 13 ਤੋਂ 15 ਸਾਲ ਦੇ ਲਗਪਗ ਤਿੰਨ-ਚੌਥਾਈ ਬੱਚੇ ਵਰਤ ਰਹੇ ਯੂਟਿਊਬ
Advertisement

ਨਾਬਾਲਗਾਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਦਾ ਦਾਇਰਾ ਵਧਾਉਂਦਿਆਂ ਹੁਣ ਯੂਟਿਊਬ ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ ਹੈ। ਇਹ ਵੱਡਾ ਫੈਸਲਾ ਆਸਟਲੇਰੀਆ ਸਰਕਾਰ ਵੱਲੋਂ ਲਿਆ ਗਿਆ ਹੈ, ਜਿਸ ਨਾਲ ਸਰਕਾਰ ਵੱਲੋਂ ਪਹਿਲਾਂ ਦਿੱਤੀ ਗਈ ਛੋਟ ਖ਼ਤਮ ਹੋ ਗਈ ਹੈ। ਪ੍ਰਧਾਨ ਮੰਤਰੀ ਐਨਥਨੀ ਅਲਬਾਨੀਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਮਾਪਿਆਂ ਦੇ ਨਾਲ ਹਨ ਅਤੇ ਆਸਟਰੇਲੀਆਈ ਬੱਚਿਆਂ ’ਤੇ ਆਨਲਾਈਨ ਪਲੇਟਫਾਰਮਾਂ ਦੇ ਨਕਾਰਾਤਮਕ ਪ੍ਰਭਾਵ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ।

ਇਹ ਫੈਸਲਾ ਇੰਟਰਨੈਟ ਰੈਗੂਲੇਟਰ ਦੀ ਸਿਫ਼ਾਰਸ਼ ਤੋਂ ਬਾਅਦ ਆਇਆ ਹੈ, ਜਿਸ ਨੇ ਇੱਕ ਸਰਵੇਖਣ ਦਾ ਹਵਾਲਾ ਦਿੱਤਾ ਸੀ ਕਿ 37 ਫੀਸਦੀ ਨਾਬਾਲਗਾਂ ਨੇ ਯੂਟਿਊਬ ’ਤੇ ਨੁਕਸਾਨਦੇਹ ਸਮੱਗਰੀ ਦੇਖਣ ਦੀ ਰਿਪੋਰਟ ਕੀਤੀ, ਜੋ ਕਿ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਵਿੱਚੋਂ ਸਭ ਤੋਂ ਵੱਧ ਸੀ।

Advertisement

ਦਸੰਬਰ ਮਹੀਨੇ ਤੋਂ ਲਾਗੂ ਹੋਣ ਵਾਲੀ ਇਸ ਪਾਬੰਦੀ ਵਿੱਚ ਹੁਣ ਯੂਟਿਊਬ ਵੀ ਸ਼ਾਮਲ ਹੈ।

ਦੂਜੇ ਪਾਸੇ ਯੂਟਿਊਬ ਦਾ ਕਹਿਣਾ ਹੈ ਕਿ ਇਸ ਨੂੰ ਆਸਟਰੇਲੀਆ ਦੇ 13 ਤੋਂ 15 ਸਾਲ ਦੇ ਲਗਭਗ ਤਿੰਨ-ਚੌਥਾਈ ਬੱਚੇ ਵਰਤਦੇ ਹਨ ਅਤੇ ਇਸ ਨੂੰ ਸੋਸ਼ਲ ਮੀਡੀਆ ਵਜੋਂ ਸ਼੍ਰੇਣੀਬੱਧ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਇਸ ਦਾ ਮੁੱਖ ਕੰਮ ਵੀਡੀਓਜ਼ ਹੋਸਟ ਕਰਨਾ ਹੈ।

ਜ਼ਿਕਰਯੋਗ ਹੈ ਕਿ ਪਹਿਲਾਂ ਸਰਕਾਰ ਨੇ ਯੂਟਿਊਬ ਨੂੰ ਇਸ ਦੀ ਅਧਿਆਪਕਾਂ ਵਿੱਚ ਪ੍ਰਸਿੱਧੀ ਕਾਰਨ ਛੋਟ ਦਿੱਤੀ ਸੀ, ਪਰ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ ਅਤੇ ਟਿਕਟੌਕ ਵਰਗੇ ਹੋਰ ਪਲੇਟਫਾਰਮਾਂ ਨੇ ਇਸ ਦਾ ਵਿਰੋਧ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਯੂਟਿਊਬ ਵੀ ਉਨ੍ਹਾਂ ਦੇ ਉਤਪਾਦਾਂ ਵਰਗਾ ਹੈ ਕਿਉਂਕਿ ਇਹ ਵੀ ਉਪਭੋਗਤਾਵਾਂ ਨੂੰ ਆਪਸ ਵਿੱਚ ਗੱਲਬਾਤ ਕਰਨ ਦਿੰਦਾ ਹੈ ਅਤੇ ਐਲਗੋਰਿਦਮ ਰਾਹੀਂ ਸਮੱਗਰੀ ਦੀ ਸਿਫਾਰਸ਼ ਕਰਦਾ ਹੈ।

ਇਸ ਪਾਬੰਦੀ ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਯੂਟਿਊਬ ਖਾਤੇ ਬਣਾਉਣ ਦੀ ਮਨਾਹੀ ਹੋਵੇਗੀ, ਹਾਲਾਂਕਿ ਮਾਪੇ ਅਤੇ ਅਧਿਆਪਕ ਬੱਚਿਆਂ ਨੂੰ ਵੀਡੀਓ ਦਿਖਾ ਸਕਣਗੇ। ਆਸਟਰੇਲੀਅਨ ਪ੍ਰਾਇਮਰੀ ਪ੍ਰਿੰਸੀਪਲਜ਼ ਐਸੋਸੀਏਸ਼ਨ ਨੇ ਇਸ ਪਾਬੰਦੀ ਦਾ ਸਮਰਥਨ ਕੀਤਾ ਹੈ। ਸਾਈਬਰ ਸੁਰੱਖਿਆ ਫਰਮ ਆਰਕਟਿਕ ਵੁਲਫ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਯੂਟਿਊਬ ਵਰਗੇ ਪਲੇਟਫਾਰਮਾਂ ’ਤੇ ਗਲਤ ਜਾਣਕਾਰੀ ਦੇ ਫੈਲਣ ਨੂੰ ਬਹੁਤ ਤੇਜ਼ ਕਰ ਦਿੱਤਾ ਹੈ। ਇਸ ਲਈ ਆਸਟਰੇਲੀਆਈ ਸਰਕਾਰ ਦਾ ਇਹ ਕਦਮ ਬੱਚਿਆਂ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ।

ਇਸ ਫੈਸਲੇ ਨੇ ਗੂਗਲ ਦੀ ਮੂਲ ਕੰਪਨੀ ਐਲਫਾਬੇਟ ਨਾਲ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ, ਜਿਸ ਨੇ ਪਹਿਲਾਂ 2021 ਵਿੱਚ ਇੱਕ ਕਾਨੂੰਨ ਤੋਂ ਬਚਣ ਲਈ ਆਸਟਰੇਲੀਆ ਤੋਂ ਕੁਝ ਸੇਵਾਵਾਂ ਵਾਪਸ ਲੈਣ ਦੀ ਧਮਕੀ ਦਿੱਤੀ ਸੀ। ਯੂਟਿਊਬ ਨੇ ਸਰਕਾਰ ਨੂੰ ਇਸ ਕਾਨੂੰਨੀ ਪ੍ਰਕਿਰਿਆ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ ਅਤੇ ਆਸਟਰੇਲੀਆਈ ਮੀਡੀਆ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਯੂਟਿਊਬ ਅਦਾਲਤੀ ਚੁਣੌਤੀ ਦੇਣ ਦੀ ਤਿਆਰੀ ਕਰ ਰਿਹਾ ਹੈ, ਹਾਲਾਂਕਿ ਯੂਟਿਊਬ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।

ਪਿਛਲੇ ਵਰ੍ਹੇ ਨਵੰਬਰ ਵਿੱਚ ਪਾਸ ਹੋਏ ਕਾਨੂੰਨ ਤਹਿਤ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ 16 ਸਾਲ ਤੋਂ ਘੱਟ ਉਮਰ ਦੇ ਆਸਟਰੇਲੀਆਈ ਬੱਚਿਆਂ ਨੂੰ ਆਪਣੇ ਪਲੇਟਫਾਰਮਾਂ ਤੋਂ ਦੂਰ ਰੱਖਣ ਲਈ "ਵਾਜਬ ਕਦਮ" ਚੁੱਕਣੇ ਪੈਣਗੇ, ਨਹੀਂ ਤਾਂ ਉਨ੍ਹਾਂ ਨੂੰ 49.5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਸਰਕਾਰ ਨੂੰ ਇਸ ਮਹੀਨੇ ਉਮਰ-ਜਾਂਚ ਉਤਪਾਦਾਂ ਦੇ ਟੈਸਟਾਂ ਬਾਰੇ ਇੱਕ ਰਿਪੋਰਟ ਪ੍ਰਾਪਤ ਹੋਣ ਵਾਲੀ ਹੈ, ਜਿਸ ਦੇ ਨਤੀਜੇ ਇਸ ਪਾਬੰਦੀ ਨੂੰ ਲਾਗੂ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕਰਨਗੇ।

Advertisement
Tags :
Australia newsAustralia to ban YouTubeYoutubeyoutube ban