‘ਟੋਟਕੇ’ ਦੇ ਚੱਕਰ ’ਚ ਨਵੀਂ ਥਾਰ ਗੱਡੀ ਸ਼ੋਅਰੂਮ ਦੀ ਪਹਿਲੀ ਮੰਜ਼ਿਲ ਤੋਂ ਹੇਠਾਂ ਡਿੱਗੀ
ਦਿੱਲੀ ਵਿੱਚ 29 ਸਾਲਾ ਮਹਿਲਾ ਨੇ ਥਾਰ ਗੱਡੀ ਦੀ ਡਲਿਵਰੀ ਲੈਣ ਮੌਕੇ ਇੱਕ ਰਵਾਇਤੀ ਰਸਮ ‘ਟੋਟਕਾ’ ਦੌਰਾਨ ਗਲਤੀ ਨਾਲ ਆਪਣੀ ਬਿਲਕੁਲ ਨਵੀਂ ਮਹਿੰਦਰਾ ਥਾਰ ਨੂੰ ਸ਼ੋਅਰੂਮ ਦੀ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਇਹ ਘਟਨਾ ਸੋਮਵਾਰ ਸ਼ਾਮ ਨੂੰ ਨਿਰਮਾਣ ਵਿਹਾਰ ਦੇ ਮਹਿੰਦਰਾ ਸ਼ੋਅਰੂਮ ਦੀ ਹੈ। ਗਾਜ਼ੀਆਬਾਦ ਦੇ ਇੰਦਰਾਪੁਰਮ ਦੀ ਰਹਿਣ ਵਾਲੀ ਮਾਨੀ ਪਵਾਰ ਥਾਰ ਗੱਡੀ ਦੀ ਡਲਿਵਰੀ ਲੈਣ ਲਈ ਸ਼ੋਅਰੂਮ ਪਹੁੰਚੀ ਸੀ। ਨਵੀਂ ਗੱਡੀ ਨੂੰ ਸੜਕ ’ਤੇ ਲਿਜਾਣ ਤੋਂ ਪਹਿਲਾਂ ਉਸ ਨੇ ਇੱਕ ਰਵਾਇਤੀ ਰਸਮ ਪੂਰੀ ਕਰਨ ਲਈ ਜ਼ੋਰ ਪਾਇਆ। ਟੋਟਕੇ ਵਿਚ ਅਗਲੇ ਪਹੀਏ ਹੇਠਾਂ ਇੱਕ ਨਿੰਬੂ ਰੱਖਣਾ ਅਤੇ ਹੌਲੀ-ਹੌਲੀ ਉਸ ਉੱਤੇ ਗੱਡੀ ਚਲਾਉਣਾ ਸ਼ਾਮਲ ਸੀ। ਪਵਾਰ ਮੁਤਾਬਕ ਇਹ ਟੋਟਕਾ ਚੰਗੀ ਕਿਸਮਤ ਲਿਆਉਂਦਾ ਹੈ।
ਪਵਾਰ ਨੇ ਹਾਲਾਂਕਿ ਗੱਡੀ ਨੂੰ ਹੌਲੀ ਹੌਲੀ ਅੱਗੇ ਵਧਾਉਣ ਦੀ ਥਾਂ ਗਲਤੀ ਨਾਲ ਐਕਸਲੇਟਰ (ਰੇਸ) ਦਬਾ ਦਿੱਤਾ, ਜਿਸ ਕਾਰਨ SUV ਤੇਜ਼ ਰਫ਼ਤਾਰ ਨਾਲ ਅੱਗੇ ਵਧ ਗਈ। ਗੱਡੀ ਪਹਿਲੀ ਮੰਜ਼ਿਲ ’ਤੇ ਸ਼ੋਅਰੂਮ ਦੀ ਸ਼ੀਸ਼ੇ ਦੀ ਕੰਧ ਨਾਲ ਟਕਰਾਉਣ ਮਗਰੋਂ ਹੇਠਾਂ ਫੁੱਟਪਾਥ ’ਤੇ ਡਿੱਗ ਗਈ। ਸ਼ੋਅਰੂਮ ਦਾ ਇੱਕ ਕਰਮਚਾਰੀ, ਜਿਸ ਦੀ ਪਛਾਣ ਵਿਕਾਸ ਵਜੋਂ ਹੋਈ ਹੈ, ਹਾਦਸੇ ਸਮੇਂ ਪਵਾਰ ਨਾਲ ਕਾਰ ਵਿੱਚ ਬੈਠਾ ਸੀ। ਦੋਵਾਂ ਸਵਾਰਾਂ ਦੇ ਹਾਲਾਂਕਿ ਗੰਭੀਰ ਸੱਟਾਂ ਤੋਂ ਬਚਾਅ ਰਿਹਾ। ਥਾਰ ਦੇ ਏਅਰਬੈਗ ਖੁੱਲ੍ਹ ਗਏ ਅਤੇ ਦੋਵਾਂ ਨੂੰ ਤੁਰੰਤ ਨੇੜਲੇ ਮਲਿਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ ਅਤੇ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।
ਡਿਪਟੀ ਕਮਿਸ਼ਨਰ ਆਫ਼ ਪੁਲੀਸ (ਪੂਰਬੀ) ਅਭਿਸ਼ੇਕ ਧਨੀਆ ਨੇ ਪੁਸ਼ਟੀ ਕੀਤੀ ਕਿ ਘਟਨਾ ਤੋਂ ਬਾਅਦ ਇੱਕ ਮੈਡੀਕੋ-ਲੀਗਲ ਕੇਸ (ਐਮਐਲਸੀ) ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮਾਨੀ ਅਤੇ ਉਸ ਦੇ ਪਤੀ ਪ੍ਰਦੀਪ ਨੇ ਸ਼ੋਅਰੂਮ ਤੋਂ ਥਾਰ ਰੌਕਸ ਵੇਰੀਐਂਟ ਖਰੀਦਿਆ ਸੀ।