ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ: ਜਾਣੋ ਕੀ ਹੈ ਧਰਮਿੰਦਰ ਦੀ ਖਾਹਿਸ਼
ਲੁਧਿਆਣਾ ਦੇ ਪਿੰਡ ਡਾਂਗੋਂ ਦੇ ਬਾਸ਼ਿੰਦਿਆਂ ਦੀ ਦਿਲੀ ਖਾਹਿਸ਼ ਹੈ ਕਿ 8 ਦਸੰਬਰ ਨੂੰ ਉਨ੍ਹਾਂ ਦੇ ਨਾਇਕ ਧਰਮਿੰਦਰ ਦੇ 90ਵੇਂ ਜਨਮਦਿਨ ਮੌਕੇ ‘ਸਰ੍ਹੋਂ ਦੇ ਸਾਗ’ ਨਾਲ ‘ਮੱਕੀ ਦੀ ਰੋਟੀ’ ਖੁਆਈ ਜਾਵੇ। ਪਿੰਡ ਵਾਸੀਆਂ ਨੇ ਕਿਹਾ ਕਿ ਦੋ ਪਹੀਆ ਵਾਹਨ ਨਾਲ ਚੱਲਣ ਵਾਲੀ ਜੁਗਾੜੂ ਰੇਹੜੀ ਮੁੰਬਈ ਭੇਜਣਾ ਭਾਵੇਂ ਮੁਮਕਿਨ ਨਾ ਹੋ ਸਕੇ ਪਰ ਉਹ ਦਿਓਲ ਪਰਿਵਾਰ ਨੂੰ ‘ਸਰ੍ਹੋਂ ਦਾ ਸਾਗ’ ਭੇਜਣ ਲਈ ਚਾਰਾਜੋਈ ਕਰ ਰਹੇ ਹਨ।
ਧਰਮਿੰਦਰ ਦੀ ਸਿਹਤਯਾਬੀ ਲਈ ਪਰਮਾਤਮਾ ਦਾ ਧੰਨਵਾਦ ਕਰਦੇ ਹੋਏ ਸਮਾਜਿਕ ਕਾਰਕੁਨ ਕੁਲਵਿੰਦਰ ਸਿੰਘ ਡਾਂਗੋਂ ਦੀ ਅਗਵਾਈ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਿਹਾ ਕਿ ਹੁਣ ਉਹ ਇਹੀ ਅਰਦਾਸ ਕਰਦੇ ਹਨ ਕਿ ਪਰਮਾਤਮਾ ਉਨ੍ਹਾਂ ਨੂੰ ਧਰਮਿੰਦਰ ਨੂੰ ਆਪਣਾ ਮਨਪਸੰਦ ਪੰਜਾਬੀ ਭੋਜਨ ਦਾ ਸੁਆਦ ਚੱਖਦੇ ਦੇਖਣ ਦਾ ਮੌਕਾ ਦੇਵੇ। ਕੁਲਵਿੰਦਰ ਨੇ ਕਿਹਾ, ‘‘ਜਦੋਂ ਸਾਨੂੰ ਪਤਾ ਲੱਗਾ ਕਿ ਦਿਓਲ ਪਰਿਵਾਰ ਅਗਲੇ ਮਹੀਨੇ ਧਰਮਿੰਦਰ ਦਾ 90ਵਾਂ ਜਨਮਦਿਨ ਮਨਾਉਣ ਦੀ ਉਮੀਦ ਕਰ ਰਿਹਾ ਹੈ, ਸਾਨੂੰ ਅਦਾਕਾਰ ਦੀ ਉਹ ਖਾਹਿਸ਼ ਯਾਦ ਆਈ ਜੋ ਉਨ੍ਹਾਂ ਕਈ ਸਾਲ ਪਹਿਲਾਂ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਜ਼ਾਹਿਰ ਕੀਤੀ ਸੀ। ਧਰਮਿੰਦਰ ਨੇ ਉਦੋਂ ‘ਜੁਗਾੜੂ ਰੇਹੜੀ’ ਦੀ ਸਵਾਰੀ ਕਰਨ ਦੇ ਨਾਲ-ਨਾਲ ਇੱਕ ਰਵਾਇਤੀ ਮਿੱਟੀ ਦੇ ਤੰਦੂਰ (ਚੂਲੇ) ਕੋਲ ਬੈਠ ਕੇ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਦਾ ਆਨੰਦ ਲੈਣ ਦੀ ਇੱਛਾ ਪ੍ਰਗਟਾਈ ਸੀ।’’ ਕੁਲਵਿੰਦਰ ਡਾਂਗੋਂ ਨੇ ਕਿਹਾ ਬਜ਼ੁਰਗ ਅਦਾਕਾਰ ਨੇ ਉਨ੍ਹਾਂ (ਕੁਲਵਿੰਦਰ ਅਤੇ ਉਨ੍ਹਾਂ ਦੇ ਸਾਥੀਆਂ) ਨੂੰ 2013 ਵਿੱਚ ਡਾਂਗੋਂ ਆਉਣ ’ਤੇ ਚੰਡੀਗੜ੍ਹ ਸੱਦਿਆ ਸੀ।
ਧਰਮਿੰਦਰ ਨੇ ਭਾਵੇਂ ਦੋ ਸਾਲ ਬਾਅਦ ਅਪਰੈਲ 2015 ਵਿੱਚ ਡਾਂਗੋਂ ਤੇ ਨੇੜਲੇ ਇਲਾਕਿਆਂ ਦਾ ਦੌਰਾ ਕੀਤਾ, ਪਰ ਰੁਝੇਵਿਆਂ ਕਰਕੇ ਉਨ੍ਹਾਂ ਦੀ ਉਪਰੋਕਤ ਇੱਛਾ ਪੂਰੀ ਨਹੀਂ ਹੋ ਸਕੀ। ਕੁਲਵਿੰਦਰ ਨੇ ਕਿਹਾ ਕਿ ਸ਼ਿੰਗਾਰਾ ਅਤੇ ਮਨਜੀਤ ਸਿੰਘ ਦੇ ਪਰਿਵਾਰਾਂ ਦੇ ਖੇਤਾਂ ਵਿਚ ਲੱਗੀ ਸਰ੍ਹੋਂ ਨਾਲ ਸਾਗ ਤਿਆਰ ਕੀਤਾ ਜਾਵੇਗਾ। ਧਰਮਿੰਦਰ ਨੇ 7 ਅਪਰੈਲ, 2015 ਨੂੰ ਇਨ੍ਹਾਂ ਦੋਵਾਂ ਨੂੰ ਆਪਣੇ ਮਾਪਿਆਂ ਦੀ ਖੇਤੀਬਾੜੀ ਜ਼ਮੀਨ ਦਾਨ ਕੀਤੀ ਸੀ। ਉਕਤ ਤੋਹਫ਼ੇ ਦੀ ਡੀਡ ’ਤੇ ਧਰਮਿੰਦਰ ਨੇ ਸਵਾਮੀ ਗੰਗਾ ਗਿਰੀ ਗਰਲਜ਼ ਕਾਲਜ, ਰਾਏਕੋਟ ਵਿੱਚ ਦਸਤਖਤ ਕੀਤੇ ਸਨ। ਰਾਏਕੋਟ ਵਿਚ ਸਬ-ਰਜਿਸਟਰਾਰ ਦੇ ਦਫ਼ਤਰ ਇਹ ਪੂਰਾ ਅਮਲ ਸਿਰੇ ਚੜ੍ਹਿਆ ਸੀ।
ਪਿੰਡ ਵਾਸੀਆਂ ਨੇ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ ਇੰਨੇ ਰੁਝੇਵਿਆਂ ਦੇ ਬਾਵਜੂਦ ਧਰਮਿੰਦਰ ਆਪਣੇ ਜੱਦੀ ਪਿੰਡ ਨਾਲ ਭਾਵਨਾਤਮਕ ਤੌਰ ’ਤੇ ਜੁੜਿਆ ਰਿਹਾ। ਇਸੇ ਪਿੰਡ ਵਿਚ ਧਰਮਿੰਦਰ ਦੇ ਪਿਤਾ ਕੇਵਲ ਕ੍ਰਿਸ਼ਨ ਅਤੇ ਦਾਦਾ ਨਰਾਇਣ ਦਾ ਜਨਮ ਤੇ ਪਰਵਰਿਸ਼ ਹੋਈ। ਪ੍ਰਸ਼ੰਸਕਾਂ ਦੀ ਭੀੜ ਤੋਂ ਬਚਣ ਲਈ ਧਰਮਿੰਦਰ ਅਕਸਰ ਭੇਸ ਬਦਲ ਕੇ ਇਸ ਪਿੰਡ ਵਿਚ ਆਉਂਦੇ ਸਨ। ਪਿੰਡ ਵਾਸੀ ਧਰਮਿੰਦਰ ਦੇ ਨਿਮਰ ਸੁਭਾਅ, ਡਾਂਗੋਂ ਪਿੰਡ ਦੀ ਮਿੱਟੀ ਪ੍ਰਤੀ ਪਿਆਰ ਅਤੇ ਉਨ੍ਹਾਂ ਪ੍ਰਤੀ ਨਰਮ ਰਵੱਈਏ ਦੀ ਕਦਰ ਕਰਦੇ ਹਨ।
ਧਰਮਿੰਦਰ ਦੇ ਚਚੇਰੇ ਭਰਾ ਮਨਜੀਤ ਸਿੰਘ ਨੇ ਕਿਹਾ, ‘‘ਜਦੋਂ ਵੀ ਅਸੀਂ ਪਿੰਡ ਅਤੇ ਦਿਓਲ ਪਰਿਵਾਰ ਦਾ ਨਾਮ ਰੌਸ਼ਨ ਕਰਨ ਲਈ ਉਸ ਦਾ ਧੰਨਵਾਦ ਕਰਦੇ ਸੀ, ਤਾਂ ਉਹ ਜਵਾਬ ਦਿੰਦਾ ਸੀ ਕਿ ਉਸ ਦੀ ਸਫਲਤਾ ਪਿੰਡ ਵਾਸੀਆਂ ਦੇ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਕਾਰਨ ਹੈ।’’
