ਦਿਵਿਆਂਗਾਂ ਦਾ ਮਜ਼ਾਕ: ਸੁਪਰੀਮ ਕੋਰਟ ਨੇ ਸਮਯ ਰੈਨਾ ਸਮੇਤ ਸੋਸ਼ਲ ਮੀਡੀਆ ਪ੍ਰਭਾਵਕਾਂ ਨੂੰ ਮੁਆਫ਼ੀ ਮੰਗਣ ਲਈ ਕਿਹਾ
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇੰਡੀਆਜ਼ ਗੌਟ ਲੈਟੈਂਟ ਦੇ ਹੋਸਟ ਸਮਯ ਰੈਨਾ ਸਮੇਤ ਪੰਜ ਸੋਸ਼ਲ ਮੀਡੀਆ ਇਨਫ਼ਲੂਐਂਸਰਾਂ ਨੂੰ ਦਿਵਿਆਂਗ ਵਿਅਕਤੀਆਂ ਅਤੇ ਦੁਰਲੱਭ ਜੈਨੇਟਿਕ ਬਿਮਾਰੀਆਂ ਤੋਂ ਪੀੜਤ ਲੋਕਾਂ ਦਾ ਮਜ਼ਾਕ ਉਡਾਉਣ ਲਈ ਆਪਣੇ ਪੋਡਕਾਸਟ ਜਾਂ ਸ਼ੋਅ ’ਤੇ ਬਿਨਾਂ ਸ਼ਰਤ ਮੁਆਫ਼ੀ ਪ੍ਰਦਰਸ਼ਿਤ ਕਰਨ ਲਈ ਕਿਹਾ ਹੈ।
ਜਸਟਿਸ ਸੂਰਿਆ ਕਾਂਤ ਅਤੇ ਜੋਏਮਲਿਆ ਬਾਗਚੀ ਦੀ ਬੈਂਚ ਨੇ ਕੇਂਦਰ ਨੂੰ ਦਿਵਿਆਂਗ, ਔਰਤਾਂ, ਬੱਚਿਆਂ ਅਤੇ ਸੀਨੀਅਰ ਨਾਗਰਿਕਾਂ ਦਾ ਅਪਮਾਨ ਕਰਨ ਜਾਂ ਮਜ਼ਾਕ ਉਡਾਉਣ ਵਾਲੇ ਭਾਸ਼ਣਾਂ ’ਤੇ ਰੋਕ ਲਗਾਉਣ ਲਈ ਦਿਸ਼ਾ-ਨਿਰਦੇਸ਼ ਬਣਾਉਣ ਲਈ ਕਿਹਾ। ਕੋਰਟ ਨੇ ਕਿ ਭਾਸ਼ਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਵਪਾਰਕ ਭਾਸ਼ਣ ’ਤੇ ਲਾਗੂ ਨਹੀਂ ਹੋ ਸਕਦੀ, ਜੋ ਕਿ ਦੂਜੇ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ।
ਇਸ ਨੇ ਕਿਹਾ ਕਿ ਅਦਾਲਤ ਬਾਅਦ ਵਿੱਚ ਸਮਯ ਰੈਨਾ ਸਮੇਤ ਸੋਸ਼ਲ ਮੀਡੀਆ ਇਨਫ਼ਲੂਐਂਸਰਾਂ ਦੁਆਰਾ ਦਿਵਿਆਂਗ ਵਿਅਕਤੀਆਂ ਦਾ ਅਪਮਾਨ ਕਰਨ ਲਈ ਜੁਰਮਾਨਾ ਲਗਾਉਣ 'ਤੇ ਵਿਚਾਰ ਕਰੇਗੀ। ਇਹ ਪੰਜੇ ਦਿਵਿਆਂਗਾਂ ਅਤੇ ਸਪਾਈਨਲ ਮਸਕੂਲਰ ਐਟ੍ਰੋਫੀ (ਐੱਸਐੱਮਏ) ਅਤੇ ਦ੍ਰਿਸ਼ਟੀਹੀਣਤਾ ਤੋਂ ਪੀੜਤ ਲੋਕਾਂ ਦਾ ਮਜ਼ਾਕ ਉਡਾਉਣ ਦੇ ਦੋਸ਼ੀ ਹਨ।
ਸੋਨਾਲੀ ਠੱਕਰ ਉਰਫ਼ ਸੋਨਾਲੀ ਆਦਿਤਿਆ ਦੇਸਾਈ ਨੂੰ ਛੱਡ ਕੇ, ਜਿਸ ਨੂੰ ਇਸ ਸ਼ਰਤ 'ਤੇ ਨਿੱਜੀ ਤੌਰ 'ਤੇ ਪੇਸ਼ ਹੋਣ ਤੋਂ ਛੋਟ ਦਿੱਤੀ ਗਈ ਸੀ ਕਿ ਉਸ ਦੇ ਪ੍ਰੋਗਰਾਮ ਵਿੱਚ ਬਿਨਾਂ ਸ਼ਰਤ ਮੁਆਫ਼ੀ ਦਾ ਪ੍ਰਸਾਰਣ ਕੀਤਾ ਜਾਵੇਗਾ, ਬਾਕੀ ਸੋਸ਼ਲ ਮੀਡੀਆ ਇਨਫ਼ਲੂਐਂਸਰ ਅਦਾਲਤ ਵਿੱਚ ਮੌਜੂਦ ਸਨ।
ਬੈਂਚ ਨੇ ਅਟਾਰਨੀ ਜਨਰਲ ਆਰ ਵੈਂਕਟਾਰਮਨੀ ਨੂੰ ਕਿਹਾ ਕਿ ਸੋਸ਼ਲ ਮੀਡੀਆ ਨਿਯਮਾਂ ਲਈ ਦਿਸ਼ਾ-ਨਿਰਦੇਸ਼ ਇੱਕ ਘਟਨਾ ’ਤੇ ਕਾਹਲੀ ਨਾਲ ਕੀਤੀ ਗਈ ਪ੍ਰਤੀਕਿਰਿਆ ਨਹੀਂ ਹੋਣੀ ਚਾਹੀਦੀ, ਬਲਕਿ ਸਾਰੇ ਹਿੱਸੇਦਾਰਾਂ ਦੇ ਵਿਚਾਰਾਂ ਨੂੰ ਸ਼ਾਮਲ ਕਰਨ ਵਾਲੇ ਵਿਆਪਕ ਆਧਾਰਿਤ ਮਾਪਦੰਡਾਂ 'ਤੇ ਅਧਾਰਤ ਹੋਣੀ ਚਾਹੀਦੀ ਹੈ।
ਸਿਖਰਲੀ ਅਦਾਲਤ ਨੇ ਸਮਯ ਰੈਨਾ ਨੂੰ ਉਸ ਦੀ ਮੁਆਫ਼ੀ ਮੰਗਣ ਵਾਲੇ ਹਲਫ਼ਨਾਮੇ ਲਈ ਵੀ ਝਾੜ ਪਾਈ ਅਤੇ ਕਿਹਾ ਕਿ ਉਸ ਨੇ ਸ਼ੁਰੂ ਵਿੱਚ ਆਪਣਾ ਬਚਾਅ ਕਰਨ ਅਤੇ ਆਪਣੇ ਆਪ ਨੂੰ ਨਿਰਦੋਸ਼ ਦਿਖਾਉਣ ਦੀ ਕੋਸ਼ਿਸ਼ ਕੀਤੀ।