ਰੋਲਜ਼ ਰੌਇਸ ਕਾਰ ਕਾਰਨ ਟੁੱਟਿਆ ਵਿਆਹ
1951 ਮਾਡਲ ਦੀ ਪੁਰਾਣੀ ਹੱਥ ਨਾਲ ਬਣੀ ਕਲਾਸਿਕ Rolls Royce ਕਾਰ, ਜੋ ਕਿ ਅੱਜ ਤੱਕ ਇੱਕ ਸਿੰਗਲ ਮਾਡਲ ਹੈ, ਦੀ ਕੀਮਤ ਇਸ ਸਮੇਂ 2.5 ਕਰੋੜ ਰੁਪਏ ਤੋਂ ਵੱਧ ਹੈ।
ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ 29 ਅਗਸਤ ਨੂੰ ਜੋੜੇ ਵੱਲੋਂ ਇੱਕ-ਦੂਜੇ ਖ਼ਿਲਾਫ਼ ਦਾਇਰ ਕੀਤੇ ਗਏ ਸਾਰੇ ਮਾਮਲਿਆਂ ਨੂੰ ਰੱਦ ਕਰਦਿਆਂ ਕਿਹਾ, ‘‘ਭਾਰਤ ਦੇ ਸੰਵਿਧਾਨ ਦੀ ਧਾਰਾ 142 ਦੁਆਰਾ ਸਾਨੂੰ ਦਿੱਤੀ ਗਈ ਸ਼ਕਤੀ ਦੀ ਵਰਤੋਂ ਕਰਦਿਆਂ ਅਸੀਂ ਪਟੀਸ਼ਨਕਰਤਾ ਅਤੇ ਪ੍ਰਤੀਵਾਦੀ ਨੰਬਰ 1 ਵਿਚਕਾਰ ਵਿਆਹ ਨੂੰ ਭੰਗ ਕਰਦੇ ਹਾਂ। ਉਨ੍ਹਾਂ ਵਿਚਕਾਰ ਹੁਣ ਕੋਈ ਵੀ ਵਿਆਹੁਤਾ ਜਾਂ ਹੋਰ ਰਿਸ਼ਤਾ ਨਹੀਂ ਹੋਵੇਗਾ।’’
ਦੋਵਾਂ ਧਿਰਾਂ ਵਿਚਕਾਰ ਹੋਏ ਸਮਝੌਤੇ ਮੁਤਾਬਕ ਪਤਨੀ ਪਤੀ ਅਤੇ ਉਸ ਦੇ ਪਰਿਵਾਰ ਵੱਲੋਂ ਦਿੱਤੇ ਗਏ ਤੋਹਫ਼ੇ ਆਪਣੇ ਕੋਲ ਰੱਖੇਗੀ, ਜਦੋਂ ਕਿ ਵਿਅਕਤੀ ਉਸ ਨੂੰ ਅਤੇ ਪਤਨੀ ਦੇ ਪਰਿਵਾਰ ਵੱਲੋਂ ਦਿੱਤੇ ਗਏ ਸਾਰੇ ਤੋਹਫ਼ੇ ਜਿਵੇਂ ਕਿ ਮੰਗਣੀ ਦੀ ਅੰਗੂਠੀ, ਅਚਕਨ ਬਟਨ ਅਤੇ 10 ਗ੍ਰਾਮ ਗਿੰਨੀ ਵਾਪਸ ਕਰੇਗਾ।
ਗਵਾਲੀਅਰ ਦੀ ਰਹਿਣ ਵਾਲੀ ਔਰਤ ਨੇ ਦੋਸ਼ ਲਾਇਆ ਸੀ ਕਿ ਉਸ ਦੇ ਪਤੀ ਤੇ ਸਹੁਰਾ ਪਰਿਵਾਰ ਨੇ ਦਾਜ ਵਜੋਂ ਇਸ ਰੋਲਜ਼ ਰੌਇਸ ਕਾਰ ਅਤੇ ਮੁੰਬਈ ਵਿੱਚ ਫਲੈਟ ਦੀ ਮੰਗ ਕੀਤੀ ਸੀ। ਹਾਲਾਂਕਿ ਉਸ ਦੇ ਪਤੀ ਨੇ ਇਹ ਦੋਸ਼ ਨਕਾਰ ਦਿੱਤੇ ਹਨ। ਇਹ ਵਿਵਾਦ ਮੱਧ ਪ੍ਰਦੇਸ਼ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਪਹੁੰਚਿਆ ਸੀ।
ਬੈਂਚ ਨੇ ਨਵੰਬਰ, 2024 ਵਿੱਚ ਧਿਰਾਂ ਨੂੰ ਵਿਚੋਲਗੀ ਰਾਹੀਂ ਸਮਝੌਤੇ ਦੀ ਸੰਭਾਵਨਾ ਦੀ ਪੜਚੋਲ ਕਰਨ ਲਈ ਕਿਹਾ ਸੀ। ਜਸਟਿਸ ਕਾਂਤ ਨੇ ਪਤਨੀ ਦੀ ਨੁਮਾਇੰਦਗੀ ਕਰਨ ਵਾਲੀ ਸੀਨੀਅਰ ਵਕੀਲ ਵਿਭਾ ਦੱਤਾ ਮਖੀਜਾ ਨੂੰ ਕਿਹਾ ਸੀ, ‘‘ਜੇਕਰ ਦੋਵੇਂ ਝਗੜੇ ਨੂੰ ਸੁਲ੍ਹਝਾ ਲੈਂਦੇ ਹਨ, ਤਾਂ ਇਸ ਵਰਗਾ ਕੁੱਝ ਨਹੀਂ ਹੈ। ਅਦਾਤਲ ਨੇ ਸੀਨੀਅਰ ਵਕੀਲ ਆਰ ਬਸੰਤ ਨੂੰ ਵਿਚੋਲਾ ਨਿਯੁਕਤ ਕੀਤਾ ਸੀ।
ਗਵਾਲੀਅਰ ਦੀ ਸਥਾਈ ਵਾਸੀ ਔਰਤ ਨੇ ਦਾਅਵਾ ਕੀਤਾ ਕਿ ਉਹ ਇੱਕ ਬਹੁਤ ਹੀ ਇੱਜ਼ਤਦਾਰ ਪਰਿਵਾਰ ਨਾਲ ਸਬੰਧਤ ਸੀ ਜਿਸ ਦੇ ਪੁਰਖੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਲ ਸੈਨਾ ਵਿੱਚ ਐਡਮਿਰਲ ਸਨ ਅਤੇ ਉਨ੍ਹਾਂ ਨੂੰ ਕੋਂਕਣ ਖੇਤਰ ਦਾ ਸ਼ਾਸਕ ਐਲਾਨਿਆ ਗਿਆ ਸੀ ਜਦੋਂ ਕਿ ਉਸ ਦਾ ਪਤੀ ਫ਼ੌਜੀ ਪਿਛੋਕੜ ਵਾਲੇ ਪਰਿਵਾਰ ਤੋਂ ਸੀ ਅਤੇ ਮੱਧ ਪ੍ਰਦੇਸ਼ ਵਿੱਚ ਇੱਕ ਵਿੱਦਿਅਕ ਸੰਸਥਾ ਚਲਾਉਂਦਾ ਸੀ।