ਜੱਦੀ ਪਿੰਡ ਬਿਆਸ ਵਿਚ ਹੋਵੇਗਾ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਸਸਕਾਰ
ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਬਿਆਸ ਵਿਚ ਦੁਪਹਿਰੇ 12 ਵਜੇ ਕੀਤਾ ਜਾਵੇਗਾ। ਫੌਜਾ ਸਿੰਘ ਦਾ ਲੰਘੇ ਦਿਨੀਂ 114 ਸਾਲ ਦੀ ਉਮਰ ਵਿਚ ਇਕ ਹਾਦਸੇ ਵਿਚ ਦੇਹਾਂਤ ਹੋ ਗਿਆ ਸੀ। ਪਰਿਵਾਰ ਮੁਤਾਬਕ ਸਿੰਘ ਨੇ ਆਪਣੀਆਂ ਅੰਤਿਮ ਰਸਮਾਂ ਜੱਦੀ ਪਿੰਡ ਵਿਚ ਹੀ ਕੀਤੇ ਜਾਣ ਦੀ ਇੱਛਾ ਜਤਾਈ ਸੀ।
ਫੌਜਾ ਸਿੰਘ ਦੇ ਪੁੱਤਰ ਹਰਵਿੰਦਰ ਸਿੰਘ ਨੇ ਦੱਸਿਆ, ‘‘ਮੇਰੀ ਭੈਣ ਪਹਿਲਾਂ ਹੀ ਆ ਚੁੱਕੀ ਹੈ, ਅਤੇ ਮੇਰਾ ਭਰਾ ਅੱਜ ਪਹੁੰਚ ਜਾਵੇਗਾ। ਉਸ ਤੋਂ ਬਾਅਦ ਸਸਕਾਰ ਕੀਤਾ ਜਾਵੇਗਾ। ਪਰਿਵਾਰ ਬਹੁਤ ਦੁਖੀ ਹੈ।’’ ਹਰਵਿੰਦਰ ਨੇ ਕਿਹਾ ਕਿ ਉਸ ਦੇ ਪਿਤਾ ਨੂੰ ਗੱਡੀ ਦੀ ਫੇਟ ਮਾਰਨ ਵਾਲੇ ਮੁਲਜ਼ਮ ਦਾ ਪਰਿਵਾਰ ਵੀ ਉਸ ਨੂੰ ਮਿਲਣ ਆਇਆ ਸੀ। ਉਸ ਨੇ ਕਿਹਾ, ‘‘ਉਹ ਕੱਲ੍ਹ ਮੈਨੂੰ ਮਿਲਣ ਆਏ ਸਨ ਅਤੇ ਆਪਣੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ ਘਟਨਾ ਤੋਂ ਬਾਅਦ ਮੁਲਜ਼ਮ ਘਬਰਾ ਗਿਆ ਸੀ, ਜਿਸ ਕਾਰਨ ਉਹ ਮੌਕੇ ਤੋਂ ਭੱਜ ਗਿਆ।’’
ਫੌਜਾ ਸਿੰਘ ਨੇ ਮੀਡੀਆ ਨਾਲ ਆਪਣੇ ਪਿਛਲੇ ਇੰਟਰਵਿਊ ਵਿੱਚ ਇਹ ਗੱਲ ਸਾਂਝੀ ਕੀਤੀ ਸੀ ਕਿ ਉਹ ਆਪਣੇ ਪਿੰਡ ਦੇ ਅੰਦਰ ਰੋਜ਼ਾਨਾ ਘੁੰਮ ਕੇ ਸਰਗਰਮ ਰਹਿੰਦਾ ਹੈ। ਬਜ਼ੁਰਗ ਮੈਰਾਥਨ ਨੇ ਕਿਹਾ ਸੀ, ‘‘ਮੈਂ ਸੜਕਾਂ ’ਤੇ ਜਾਣ ਤੋਂ ਬਚਦਾ ਹਾਂ ਕਿਉਂਕਿ ਇਹ ਖ਼ਤਰਨਾਕ ਹੋ ਸਕਦਾ ਹੈ, ਇਸ ਲਈ ਮੈਂ ਪਿੰਡ ਦੇ ਅੰਦਰ ਹੀ ਰਹਿੰਦਾ ਹਾਂ।’’ ਪਰ ਦੁਖਦਾਈ ਗੱਲ ਇਹ ਹੈ ਕਿ ਜਦੋਂ ਉਹ ਪਿੰਡ ਦੇ ਇੱਕ ਸਥਾਨਕ ਢਾਬੇ ਵੱਲ ਪੈਦਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ।