ਸ੍ਰੀਗੰਗਾਨਗਰ ਦੀ ਮਨਿਕਾ ਵਿਸ਼ਵਕਰਮਾ ਬਣੀ ਮਿਸ ਯੂਨੀਵਰਸ ਇੰਡੀਆ 2025
ਰਾਜ ਸਦੋਸ਼
ਅਬੋਹਰ: ਮਿਸ ਯੂਨੀਵਰਸ ਇੰਡੀਆ 2025 ਦਾ ਤਾਜ ਐਤਕੀਂ ਮਨਿਕਾ ਵਿਸ਼ਵਕਰਮਾ ਦੇ ਸਿਰ ਸਜਿਆ ਹੈ। ਮਨਿਕਾ ਸ੍ਰੀਗੰਗਾਨਗਰ ਦੀ ਵਸਨੀਕ ਹੈ ਤੇ ਉਸ ਦੇ ਮਾਪੇ ਕਮਲ ਕਾਂਤ ਸੁਥਾਰ ਅਤੇ ਸ਼ਕੁੰਤਲਾ ਸੁਥਾਰ ਇਥੇ ਚੈਤਾਲੀ ਕਲੋਨੀ ਵਿਚ ਰਹਿੰਦੇ ਹਨ। ਮਨਿਕਾ ਦੀ ਇਹ ਉਪਲੱਬਧੀ ਸ੍ਰੀਗੰਗਾਨਗਰ ਲਈ ਵੱਡੇ ਮਾਣ ਵਾਲੀ ਗੱਲ ਹੈ।
ਮਿਸ ਯੂਨੀਵਰਸ ਇੰਡੀਆ 2025 ਦਾ ਗ੍ਰੈਂਡ ਫਿਨਾਲੇ ਸੋਮਵਾਰ ਨੂੰ ਜੈਪੁਰ ਵਿਚ ਆਯੋਜਿਤ ਕੀਤਾ ਗਿਆ ਸੀ। ਮਨਿਕਾ, ਜਿਸ ਨੇ ਪਹਿਲਾਂ ਮਿਸ ਯੂਨੀਵਰਸ ਰਾਜਸਥਾਨ 2024 ਦਾ ਖਿਤਾਬ ਜਿੱਤਿਆ ਸੀ, ਨੂੰ ਮਿਸ ਯੂਨੀਵਰਸ ਇੰਡੀਆ 2024 ਰੀਆ ਸਿੰਘਾ ਨੇ ਤਾਜ ਪਹਿਨਾਇਆ। ਮਨਿਕਾ ਹੁਣ 21 ਨਵੰਬਰ ਨੂੰ ਥਾਈਲੈਂਡ ਵਿੱਚ ਹੋਣ ਵਾਲੇ 74ਵੇਂ ਮਿਸ ਯੂਨੀਵਰਸ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ।
ਮਨਿਕਾ ਨੇ ਕਿਹਾ, ‘‘ਮੇਰਾ ਸਫ਼ਰ ਮੇਰੇ ਜੱਦੀ ਸ਼ਹਿਰ ਸ੍ਰੀਗੰਗਾਨਗਰ ਤੋਂ ਸ਼ੁਰੂ ਹੋਇਆ ਸੀ। ਮੈਂ ਦਿੱਲੀ ਆਈ ਅਤੇ ਮੁਕਾਬਲੇ ਦੀ ਤਿਆਰੀ ਕੀਤੀ। ਸਾਨੂੰ ਖ਼ੁਦ ਵਿੱਚ ਆਤਮਵਿਸ਼ਵਾਸ ਅਤੇ ਹਿੰਮਤ ਪੈਦਾ ਕਰਨ ਦੀ ਲੋੜ ਹੈ। ਇਸ ਵਿੱਚ ਸਾਰਿਆਂ ਨੇ ਵੱਡੀ ਭੂਮਿਕਾ ਨਿਭਾਈ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਅਤੇ ਮੈਨੂੰ ਬਣਾਇਆ ਜੋ ਮੈਂ ਅੱਜ ਹਾਂ। ਮੁਕਾਬਲਾ ਸਿਰਫ਼ ਇੱਕ ਖੇਤਰ ਨਹੀਂ ਹੈ; ਇਹ ਆਪਣੀ ਇੱਕ ਦੁਨੀਆ ਹੈ ਜੋ ਇੱਕ ਵਿਅਕਤੀ ਦੇ ਕਿਰਦਾਰ ਦਾ ਨਿਰਮਾਣ ਕਰਦੀ ਹੈ।’’
ਜੈਪੁਰ ਵਿੱਚ ਲਗਾਤਾਰ ਦੂਜੇ ਸਾਲ ਆਯੋਜਿਤ ਮਿਸ ਯੂਨੀਵਰਸ ਇੰਡੀਆ 2025 ਮੁਕਾਬਲੇ ਵਿੱਚ 48 ਪ੍ਰਤੀਯੋਗੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਸਾਰੇ ਭਾਰਤੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧ ਸ਼ਾਮਲ ਸਨ। ਜਿਊਰੀ ਜਿਸ ਵਿੱਚ ਅਦਾਕਾਰਾ ਉਰਵਸ਼ੀ ਰੌਤੇਲਾ ਸ਼ਾਮਲ ਸੀ, ਨੇ ਮਨਿਕਾ ਦੇ ਪ੍ਰਦਰਸ਼ਨ ਦੀ ਸੰਜਮ ਅਤੇ ਪ੍ਰਮਾਣਿਕਤਾ ਲਈ ਪ੍ਰਸ਼ੰਸਾ ਕੀਤੀ। ਮਨਿਕਾ ਦੀ ਜਿੱਤ ਨਾਲ ਸ੍ਰੀਗੰਗਾਨਗਰ ਵਿੱਚ ਜਸ਼ਨ ਦਾ ਮਾਹੌਲ ਹੈ। ਦੋਸਤ ਮਿੱਤਰਾਂ ਵੱਲੋਂ ਪਰਿਵਾਰ ਨੂੰ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਵਧਾਈ ਦਿੱਤੀ ਜਾ ਰਹੀ ਹੇ।