57 ਮਿਲੀਅਨ ਫਾਲੋਅਰਜ਼ ਵਾਲੇ ਇਨਫਲੂਐਂਸਰ ਨਾਲ 50 ਲੱਖ ਦੀ ਠੱਗੀ...ਇੰਸਟਾਗ੍ਰਾਮ ਪੇਜ ਡਿਲੀਟ ਕਰਨ ਦੀ ਦਿੱਤੀ ਧਮਕੀ
Cyber Crime: ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਸਾਈਬਰ ਅਪਰਾਧ ਦਾ ਇਕ ਨਿਵੇਕਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਸੋਸ਼ਲ ਮੀਡੀਆ ਇਨਫਲੂਐਂਸਰ ਅਜ਼ੀਮ ਅਹਿਮਦ (28) ਨਾਲ ਸਾਈਬਰ ਠੱਗਾਂ ਨੇ 50 ਲੱਖ ਰੁਪਏ ਦੀ ਠੱਗੀ ਮਾਰੀ। ਠੱਗਾਂ ਨੇ ਅਹਿਮਦ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਹ ਉਸ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਕਾਪੀਰਾਈਟ ਦੀ ਉਲੰਘਣਾ ਦੱਸ ਕੇ ਡਿਲੀਟ ਕਰਵਾ ਦੇਣਗੇ।
ਅਜ਼ੀਮ ਅਹਿਮਦ ਸਾਫਟਵੇਅਰ ਇੰਜਨੀਅਰ ਤੋਂ ਡਿਜੀਟਲ ਕ੍ਰਿਏਟਰ ਬਣਿਆ। ਉਸ ਕੋਲ 96 ਇੰਸਟਾਗ੍ਰਾਮ ਪੇਜਾਂ ’ਤੇ ਕੁੱਲ 57 ਮਿਲੀਅਨ ਫਾਲੋਅਰਜ਼ ਹਨ। ਅਹਿਮਦ ਨੇ ਸਾਲ 2017 ਵਿਚ ਸੋਸ਼ਲ ਮੀਡੀਆ ਵਿਚ ਪੈਰ ਧਰਿਆ ਤੇ ਕੋਵਿਡ ਲੌਕਡਾਊਨ (2021) ਦੌਰਾਨ ਉਸ ਦੀ ਆਨਲਾਈਨ ਹਾਜ਼ਰੀ ਤੇਜ਼ੀ ਨਾਲ ਵਧੀ। ਮਗਰੋਂ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ “Whoopy Digital” ਨਾਂ ਦੀ ਡਿਜੀਟਲ ਮਾਰਕੀਟਿੰਗ ਕੰਪਨੀ ਸ਼ੁਰੂ ਕੀਤੀ, ਪਰ ਉਸ ਦੀ ਕਾਮਯਾਬੀ ਹੁਣ ਮੁਸੀਬਤ ਦਾ ਕਾਰਨ ਬਣ ਗਈ।
ਅਹਿਮਦ ਨੇ ਕਿਹਾ, ‘‘ਪਿਛਲੇ ਇੱਕ ਸਾਲ ਤੋਂ ਮੈਨੂੰ ਫ਼ਰਜ਼ੀ ਕਾਪੀਰਾਈਟ ਸਟ੍ਰਾਈਕ ਅਤੇ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਮੇਰੀਆਂ ਪੋਸਟਾਂ ਕਿਸੇ ਦੇ ਕੰਟੈਂਟ ਰਾਈਟਸ (ਸਮੱਗਰੀ ਅਧਿਕਾਰਾਂ) ਦੀ ਉਲੰਘਣਾ ਹਨ। ਉਹ ਪੈਸੇ ਮੰਗਦੇ ਸਨ ਤੇ ਧਮਕੀ ਦਿੱਤੀ ਕਿ ਜੇਕਰ ਮੈਂ ਅਦਾਇਗੀ ਨਾ ਕੀਤੀ ਤਾਂ ਮੇਰਾ ਖਾਤਾ ਡਿਲੀਟ ਕਰ ਦੇਣਗੇ।’’ ਅਹਿਮਦ ਨੇ ਡਰਦੇ ਮਾਰੇ ਨੇ ਕਈ ਵਾਰ ਉਨ੍ਹਾਂ ਦੀ ਮੰਗ ਮੰਨ ਲਈ ਤੇ ਵੱਖ ਵੱਖ ਕਿਸ਼ਤਾਂ ਵਿਚ ਕੁੱਲ 50 ਲੱਖ ਰੁਪਏ ਦੇ ਦਿੱਤੇ। ਠੱਗ ਖ਼ੁਦ ਨੂੰ ‘ਦਲਾਲ’ ਦੱਸਦੇ ਸਨ ਤੇ ਫਰਜ਼ੀ ਈਮੇਲ ਤੇ ਕਾਲਾਂ ਜ਼ਰੀਏ ਰਾਬਤਾ ਕਰਦੇ ਸਨ। ਅਹਿਮਦ ਮੁਤਾਬਕ, ‘‘ਇਕ ਕਾਲਰ ਨੇ ਖੁ਼ਦ ਨੂੰ ਪੁਣੇ ਦਾ ਦੱਸ ਕੇ ਇਕ ਫ਼ਰਜ਼ੀ ਸਟਰਾਈਕ ਹਟਾਉਣ ਲਈ 25 ਤੋਂ 30 ਹਜ਼ਾਰ ਰੁਪਏ ਮੰਗੇ ਸਨ।’’
ਜਬਲਪੁਰ ਸਾਈਬਰ ਸੈੱਲ ਦੇ ਇੰਚਾਰਜ ਨੀਰਜ ਨੇਗੀ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਸਾਈਬਰ ਠੱਗੀ ਦਾ ਨਵਾਂ ਤਰੀਕਾ ਹੈ, ਜਿਸ ਵਿਚ ਅਪਰਾਧੀ ਇੰਸਟਾਗ੍ਰਾਮ ਜਿਹੇ ਮੰਚਾਂ ਦੇ ਆਟੋਮੇਟਿਡ ਸਿਸਟਮ ਦਾ ਗ਼ਲਤ ਲਾਹਾ ਲੈਂਦੇ ਹਨ। ਨੇਗੀ ਨੇ ਕਿਹਾ, ‘‘ਜੇਕਰ ਕਿਸੇ ਦੇ ਅਕਾਊਂਟ ’ਤੇ ਫ਼ਰਜ਼ੀ ਕਾਪੀਰਾਈਟ ਸਟਰਾਈਕ ਹੋ ਜਾਣ ਤਾਂ ਇੰਸਟਾਗ੍ਰਾਮ ਸਿਸਟਮ ਖ਼ੁਦ ਬਖੁ਼ਦ ਉਸ ਖਾਤੇ ਨੂੰ ਮੁਅੱਤਲ ਕਰ ਦਿੰਦਾ ਹੈ। ਠੱਗ ਇਸੇ ਡਰ ਦਾ ਫਾਇਦਾ ਲੈ ਕੇ ਵਸੂਲੀ ਕਰ ਰਹੇ ਹਨ।’’ ਹੁਣ ਸਾਈਬਰ ਸੈੱਲ ਇੰਸਟਾਗ੍ਰਾਮ ਦੀ ਇੰਟਰਨਲ ਸਕਿਓਰਿਟੀ ਨਾਲ ਮਿਲ ਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਵਿਚ ਹੈ ਇਹ ਫ਼ਰਜ਼ੀ ਸਟਰਾਈਕ ਤੇ ਬੈਨ ਕਿੱਥੋਂ ਟ੍ਰਿਗਰ ਕੀਤੇ ਜਾ ਰਹੇ ਹਨ ਤੇ ਇਸ ਪੂਰੇ ਗੋਰਖਧੰਦੇ ਦੇ ਪਿੱਛੇ ਕੌਣ ਲੋਕ ਹਨ।