ਰੌਫ਼ ਦੇ ਮਖੌਲ ਤੇ ਅਬਰਾਰ ਦੇ ‘ਇਸ਼ਾਰੇ’ ਨੂੰ ਨਹੀਂ ਭੁੱਲੇ ਭਾਰਤੀ ਪ੍ਰਸ਼ੰਸਕ; ਗਰਬਾ ਵਿਚ ਨਜ਼ਰ ਆਇਆ ‘ਪਲੇਨਡਾਊਨ’ ਸਟੈੱਪ
ਦੁਬਈ ਵਿਚ ਖੇਡੇ ਏਸ਼ੀਆ ਕੱਪ ਟੀ20 ਦੌਰਾਨ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਤਿੰਨ ਵਾਰ ਆਹਮੋ ਸਾਹਮਣੇ ਹੋਈਆਂ। ਇਸ ਦੌਰਾਨ Handshake row (ਭਾਰਤੀ ਖਿਡਾਰੀਆਂ ਵੱਲੋਂ ਪਾਕਿਸਤਾਨੀ ਟੀਮ ਨਾਲ ਹੱਥ ਨਾ ਮਿਲਾਉਣ) ਤੇ ‘ਪਲੇਨ ਡਾਊਨ’ ਭਾਵ ‘ਜਹਾਜ਼ ਡੇਗਣ’ ਦਾ ਇਸ਼ਾਰਾ ਸੁਰਖੀਆਂ ਵਿਚ ਰਿਹਾ।
ਇਸ ਇਸ਼ਾਰੇ ਦੀ ਸ਼ੁਰੂਆਤ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹੈਰਿਸ ਰੌਫ਼ ਨੇ ਕੀਤੀ ਸੀ। ਪਾਕਿਸਤਾਨੀ ਸਪਿੰਨਰ ਅਬਰਾਰ ਅਹਿਮਦ ਵੱਲੋਂ ਧੌਣ ਵਾਲੇ ਇਸ਼ਾਰਿਆਂ ਨੂੰ ਕੌਣ ਭੁੱਲਿਆ ਹੈ। ਭਾਰਤੀ ਖਿਡਾਰੀਆਂ ਨੇ ਰੌਫ਼ ਤੇ ਅਬਰਾਰ ਨੂੰ ਮੈਦਾਨ ’ਤੇ ਜਦੋਂਕਿ ਭਾਰਤੀ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਢੁੱਕਵਾਂ ਜਵਾਬ ਦਿੱਤਾ ਗਿਆ।
‘ਪਲੇਨ ਡਾਊਨ’ ਤੇ ‘ਧੌਣ ਮਾਰਨ’ ਦਾ ਇਹ ਇਸ਼ਾਰਾ ਨਵਰਾਤਿਆਂ ਦੌਰਾਨ ਗਰਬਾ ਵਿਚ ਵੀ ਨਜ਼ਰ ਆਇਆ। ਕ੍ਰਿਕਟ ਦੇ ਮੈਦਾਨ ਵਿਚ ਤਨਜ਼ ਦੇ ਰੂਪ ਵਿਚ ਸ਼ੁਰੂ ਹੋਇਆ ਇਹ ਵਾਕਿਆ ਡਾਂਡੀਆ ਦੌਰਾਨ ਗਰਬਾ ਚਾਲ ਵਿਚ ਬਦਲ ਗਿਆ।
ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਹਿੱਸਾ ਰਹੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਨੌਜਵਾਨ ਮੁੰਡੇ ਕੁੜੀਆਂ ਦੀ ਗਰਬਾ ਕਰਦਿਆਂ ਦੀ ਇਕ ਮਜ਼ੇਦਾਰ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ‘ਪਲੇਨ ਡਾਊਨ’ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਵੀਡੀਓ ਦੇਖਣ ਮਗਰੋਂ ਖ਼ੁਸ਼ੀ ’ਚ ਖੀਵੇ ਹੋਏ ਇਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ, ‘‘ਭਾਅਜੀ, ਤੁਸੀਂ ਤਾਂ ਗਰਬਾ ਲਈ ਨਵਾਂ ਸਟੈੱਪ ਕ੍ਰਿਏਟ ਕਰ ਦਿੱਤਾ।’’ ਇਕ ਹੋਰ ਪ੍ਰਸ਼ੰਸਕ ਨੇ ਮਖੌਲੀਆ ਲਹਿਜ਼ੇ ਵਿਚ ਕਿਹਾ, ‘‘ਅਰਸ਼ਦੀਪ ਜੇਕਰ ਕਦੇ ਪ੍ਰਧਾਨ ਮੰਤਰੀ ਬਣਿਆ ਤਾਂ ਉਸ ਦੀ ਪਹਿਲੀ ਵਿਦੇਸ਼ ਫੇਰੀ ਪਾਕਿਸਤਾਨ ਦੀ ਹੋਵੇਗੀ!’’ #PlaneDownStep ਉਦੋਂ ਦਾ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਕ ਹੋਰ ਨੇ ਲਿਖਿਆ, ‘‘ਭਾਅਜੀ ਨੇ ਤਾਂ ਪੂਰੇ ਦੇ ਪੂਰੇ ਪਾਕਿਸਤਾਨ ਨੂੰ ਟ੍ਰਿਗਰ ਕਰ ਦਿੱਤਾ।’’
ਗੁਜਰਾਤ, ਮੁੰਬਈ, ਦਿੱਲੀ, ਅਤੇ ਇੱਥੋਂ ਤੱਕ ਕਿ ਨਿਊ ਜਰਸੀ, ਲੰਡਨ ਅਤੇ ਦੁਬਈ ’ਚੋਂ ਵੀ ਭਾਰਤੀ ਪਰਵਾਸੀਆਂ ਦੇ ਗਰਬਾ ਦੌਰਾਨ ਨੱਚਦਿਆਂ ਤੇ ‘ਪਲੇਨ ਡਾਊਨ’ ਸਟੈੱਪ ਕਰਦਿਆਂ ਦੇ ਵੀਡੀਓ ਸਾਹਮਣੇ ਆਏ ਹਨ।