ਏਸ਼ੀਆ ’ਚ ਪਹਿਲੀ ਵਾਰ ਦਿੱਲੀ ਦੇ ਡਾਕਟਰਾਂ ਨੇ ਅੰਗਦਾਨ ਲਈ ਮ੍ਰਿਤਕ ਮਹਿਲਾ ’ਚ ਖ਼ੂਨ ਦਾ ਸੰਚਾਰ ਮੁੜ ਸ਼ੁਰੂ ਕੀਤਾ
ਗੀਤਾ ਚਾਵਲਾ, ਜੋ ਬਿਸਤਰੇ ’ਤੇ ਸੀ ਤੇ ਜਿਸ ਨੂੰ ਮੋਟਰ ਨਿਊਰੋਨ ਬਿਮਾਰੀ ਕਾਰਨ ਅਧਰੰਗ ਹੋ ਗਿਆ ਸੀ, ਨੂੰ 5 ਨਵੰਬਰ ਨੂੰ ਸਾਹ ਲੈਣ ਵਿੱਚ ਗੰਭੀਰ ਮੁਸ਼ਕਲਾਂ ਕਾਰਨ ਹਸਪਤਾਲ ਲਿਆਂਦਾ ਗਿਆ ਸੀ। ਜਿਵੇਂ ਹੀ ਉਸ ਦੀ ਹਾਲਤ ਵਿਗੜਦੀ ਗਈ, ਪਰਿਵਾਰ ਨੇ ਉਸ ਨੂੰ ਜੀਵਨ ਰੱਖਿਅਕ ਪ੍ਰਣਾਲੀ ’ਤੇ ਨਾ ਰੱਖਣ ਦਾ ਫੈਸਲਾ ਕੀਤਾ। ਉਸ ਦੀ 6 ਨਵੰਬਰ ਨੂੰ ਰਾਤ 8:43 ਵਜੇ ਮੌਤ ਹੋ ਗਈ। ਅੰਗ ਦਾਨ ਕਰਨ ਦੀ ਉਸ (ਚਾਵਲਾ) ਦੀ ਇੱਛਾ ਦਾ ਸਨਮਾਨ ਕਰਦੇ ਹੋਏ, ਮੈਡੀਕਲ ਟੀਮ ਨੇ ਇੱਕ ਦੁਰਲੱਭ ਅਤੇ ਪੇਚੀਦਾ ਪ੍ਰਕਿਰਿਆ ਕੀਤੀ ਜਿਸ ਨੂੰ Normothermic Regional Perfusion (NRP) ਕਿਹਾ ਜਾਂਦਾ ਹੈ। ਭਾਵੇਂ ਮਰੀਜ਼ ਦਾ ਦਿਲ ਬੰਦ ਹੋ ਗਿਆ ਸੀ ਤੇ ਇੱਕ ਫਲੈਟ ECG ਲਾਈਨ ਤੋਂ ਪੰਜ ਮਿੰਟ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ, ਇੱਕ ਐਕਸਟਰਾਕਾਰਪੋਰੀਅਲ ਮੈਮਬ੍ਰੇਨ ਆਕਸੀਜਨੇਟਰ (ECMO) ਦੀ ਵਰਤੋਂ ਕਰਦੇ ਹੋਏ, ਡਾਕਟਰਾਂ ਨੇ ਉਸ ਦੇ ਪੇਟ ਦੇ ਅੰਗਾਂ ਵਿੱਚ ਖੂਨ ਸੰਚਾਰ ਨੂੰ ਸਫਲਤਾਪੂਰਵਕ ਮੁੜ ਸ਼ੁਰੂ ਕੀਤਾ।
ਮਨੀਪਾਲ ਇੰਸਟੀਚਿਊਟ ਆਫ਼ ਕ੍ਰਿਟੀਕਲ ਕੇਅਰ ਮੈਡੀਸਨ ਦੇ ਚੇਅਰਮੈਨ ਡਾ. ਸ਼੍ਰੀਕਾਂਤ ਸ਼੍ਰੀਨਿਵਾਸਨ ਨੇ ਕਿਹਾ, ‘‘ਏਸ਼ੀਆ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਦਾਨ ਲਈ ਅੰਗਾਂ ਨੂੰ ਸੁਰੱਖਿਅਤ ਰੱਖਣ ਲਈ ਮੌਤ ਤੋਂ ਬਾਅਦ ਖੂਨ ਦਾ ਸੰਚਾਰ ਮੁੜ ਸ਼ੁਰੂ ਕੀਤਾ ਗਿਆ ਸੀ।’’
ਉਨ੍ਹਾਂ ਕਿਹਾ, ‘‘ਭਾਰਤ ਵਿੱਚ ਅੰਗ ਦਾਨ ਆਮ ਤੌਰ ’ਤੇ ਦਿਮਾਗ ਦੀ ਮੌਤ ਤੋਂ ਬਾਅਦ ਹੁੰਦਾ ਹੈ, ਜਦੋਂ ਦਿਲ ਅਜੇ ਵੀ ਧੜਕ ਰਿਹਾ ਹੁੰਦਾ ਹੈ। ਸਰਕੁਲੇਟਰੀ ਡੈਥ ਤੋਂ ਬਾਅਦ ਦਾਨ (DCD) ਵਿੱਚ ਦਿਲ ਬੰਦ ਹੋ ਜਾਂਦਾ ਹੈ, ਇਸ ਲਈ ਸਮਾਂ ਬਹੁਤ ਮਹੱਤਵਪੂਰਨ ਹੈ। NRP ਦੀ ਵਰਤੋਂ ਕਰਕੇ, ਅਸੀਂ ਜਿਗਰ ਅਤੇ ਗੁਰਦਿਆਂ ਨੂੰ ਸੁਰੱਖਿਅਤ ਪ੍ਰਾਪਤੀ ਅਤੇ ਵੰਡ ਲਈ ਕਾਫ਼ੀ ਸਮੇਂ ਤੱਕ ਜ਼ਿੰਦਾ ਰੱਖਣ ਦੇ ਯੋਗ ਸੀ।’’
ਇਸ ਅਮਲ ਤੋਂ ਬਾਅਦ, ਰਾਸ਼ਟਰੀ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਸੰਗਠਨ (NOTTO) ਨੇ ਤੁਰੰਤ ਟ੍ਰਾਂਸਪਲਾਂਟ ਲਈ ਅੰਗਾਂ ਨੂੰ ਅਲਾਟ ਕੀਤਾ। ਚਾਵਲਾ ਦਾ ਜਿਗਰ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ (ILBS) ਵਿੱਚ ਇੱਕ 48 ਸਾਲਾ ਵਿਅਕਤੀ ਨੂੰ ਟ੍ਰਾਂਸਪਲਾਂਟ ਕੀਤਾ ਗਿਆ, ਜਦੋਂ ਕਿ ਉਸ ਦੇ ਗੁਰਦੇ ਸਾਕੇਤ ਦੇ ਮੈਕਸ ਹਸਪਤਾਲ ਵਿੱਚ 63 ਅਤੇ 58 ਸਾਲ ਦੀ ਉਮਰ ਦੇ ਦੋ ਹੋਰ ਪੁਰਸ਼ ਮਰੀਜ਼ਾਂ ਨੂੰ ਦਿੱਤੇ ਗਏ। ਉਸ ਦੀਆਂ ਕੌਰਨੀਆ ਅਤੇ ਚਮੜੀ ਵੀ ਦਾਨ ਕੀਤੀ ਗਈ, ਜਿਸ ਨਾਲ ਕਈ ਮਰੀਜ਼ਾਂ ਨੂੰ ਲਾਭ ਹੋਇਆ।
