ਸਾਨੂੰ ਜੱਜ ਨਾ ਕਰੋ, ਇਹ ਸਾਡੀ ਜ਼ਿੰਦਗੀ...ਅਸੀਂ ਸੁਰਖੀਆਂ ਬਟੋਰਨ ਲਈ ਇਕ ਕੁੜੀ ਨਾਲ ਵਿਆਹ ਨਹੀਂ ਕਰਵਾਇਆ
ਇਕ ਲਾੜੀ ਨਾਲ ਵਿਆਹ ਕਰਵਾਉਣ ਕਰਕੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਸੁਰਖੀਆਂ ਵਿਚ ਆਏ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਸ਼ਿਲਾਈ ਪਿੰਡ ਦੇ ਦੋ ਭਰਾਵਾਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਹੈ ਤੇ ਉਨ੍ਹਾਂ ਨੂੰ ਜੱਜ ਨਾ ਕੀਤਾ ਜਾਵੇ। ਦੋਵਾਂ ਭਰਾਵਾਂ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਸੁਰਖੀਆਂ ਵਿਚ ਆਉਣ ਲਈ ਨਹੀਂ ਬਲਕਿ ਇਕ ਸਦੀਆਂ ਪੁਰਾਣੀ ਰਵਾਇਤ ‘ਜੋੜੀਦਾਰ ਪ੍ਰਥਾ’ ਤਹਿਤ ਹੀ ਇਕੋ ਕੁੜੀ ਨਾਲ ਵਿਆਹ ਕੀਤਾ ਹੈ। ਸ਼ਿਲਾਈ ਖਿੱਤੇ ਦੇ ਥਿੰਦੋ ਪਿੰਡ ਦੇ ਵਸਨੀਕ ਪ੍ਰਦੀਪ ਤੇ ਕਪਿਲ ਨੇਗੀ ਨੇ ਪਿਛਲੇ ਮਹੀਨੇ ਨੇੜਲੇ ਪਿੰਡ ਕੁਨਹਾਟ ਦੀ ਸੁਨੀਤਾ ਨਾਲ ਵਿਆਹ ਕਰਵਾਇਆ ਸੀ। ਇਹ ਵਿਆਹ ਦੋਵਾਂ ਪਰਿਵਾਰਾਂ ਦੀ ਸਹਿਮਤੀ ਤੇ ਸਥਾਨਕ ਰੀਤੀ ਰਿਵਾਜਾਂ ਤੇ ਰਵਾਇਤਾਂ ਮੁਤਾਬਕ ਹੋਇਆ ਸੀ।
ਇਸ ਅਨੋਖੇ ਵਿਆਹ ਦੇ ਸੁਰਖੀਆਂ ਵਿਚ ਆਉਣ ਮਗਰੋਂ ਪਹਿਲੀ ਵਾਰ ਜਨਤਕ ਤੌਰ ’ਤੇ ਬੋਲਦਿਆਂ ਨੇਗੀ ਭਰਾਵਾਂ ਨੇ ਕਿਹਾ ਕਿ ਇਹ ਵਿਆਹ ‘ਜੋੜੀਦਾਰ ਪ੍ਰਥਾ’ ਦਾ ਹਿੱਸਾ ਹੈ, ਜੋ ਹਿਮਾਚਲ ਪ੍ਰਦੇਸ਼ ਤੇ ਗੁਆਂਢੀ ਸੂਬੇ ਉੱਤਰਾਖੰਡ ਵਿਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ। ਇਸ ਪ੍ਰਥਾ ਵਿੱਚ ਕਈ ਭਰਾਵਾਂ ਦਾ ਇੱਕ ਹੀ ਮਹਿਲਾ ਨਾਲ ਵਿਆਹ ਹੁੰਦਾ ਹੈ ਅਤੇ ਇਹ ਰਵਾਇਤ ਇਤਿਹਾਸਕ ਤੌਰ ’ਤੇ ਪਰਿਵਾਰਕ ਜਾਇਦਾਦ ਦੀ ਵੰਡ ਨੂੰ ਰੋਕਣ ਲਈ ਕੰਮ ਕਰਦੀ ਰਹੀ ਹੈ।
ਪ੍ਰਦੀਪ ਨੇਗੀ, ਜੋ ਉੱਤਰਾਖੰਡ ਦੇ ਜਲ ਸ਼ਕਤੀ ਵਿਭਾਗ ਵਿਚ ਕੰਮ ਕਰਦਾ ਹੈ, ਨੇ ਕਿਹਾ, ‘‘ਇਸ ਰਵਾਇਤ ਦਾ ਸਦੀਆਂ ਤੋਂ ਪਾਲਣ ਕੀਤਾ ਜਾ ਰਿਹਾ ਹੈ ਤੇ ਸਾਡੇ ਖਿੱਤੇ ਤੇ ਜੌਨਸਰ-ਬਵਾਰ ਵਿਚ ਇਹ ਅੱਜ ਵੀ ਜਾਰੀ ਹੈ। ਅਜਿਹੇ ਕਈ ਵਿਆਹਾਂ ਵਿਚ ਦੋਵੇਂ ਭਰਾ ਲਾੜੀ ਦੇ ਗਲੇ ਵਿਚ ਵਰਮਾਲਾ ਪਾਉਂਦੇ ਹਨ। ਇਹ ਸਾਡੇ ਸਭਿਆਚਾਰ ਦਾ ਹਿੱਸਾ ਹੈ।’’ ਕਪਿਲ ਨੇਗੀ, ਜੋ ਵਿਦੇਸ਼ ਵਿਚ ਖਾਨਸਾਮੇ ਵਜੋਂ ਕੰਮ ਕਰਦਾ ਹੈ, ਨੇ ਜ਼ੋਰ ਦੇ ਕੇ ਆਖਿਆ ਕਿ ਇਸ ਵਿਆਹ ’ਚ ਸਾਰਿਆਂ ਦੀ ਸਹਿਮਤੀ ਸੀ। ਉਸ ਨੇ ਕਿਹਾ, ‘‘ਕੋਈ ਜ਼ੋਰ ਜ਼ਬਰਦਸਤੀ ਨਹੀਂ ਹੋਈ। ਅਸੀਂ ਤਿੰਨਾਂ ਨੇ ਇਸ ਬਾਰੇ ਸਹਿਮਤੀ ਦਿੱਤੀ, ਅਤੇ ਦੋਵਾਂ ਪਰਿਵਾਰਾਂ ਨੇ ਫੈਸਲੇ ਦੀ ਹਮਾਇਤ ਕੀਤੀ।’’
ਸੋਸ਼ਲ ਮੀਡੀਆ ’ਤੇ ਆਲੋਚਨਾ ਅਤੇ ਪ੍ਰਤੀਕਿਰਿਆ ਦੇ ਬਾਵਜੂਦ ਦੋਵੇਂ ਭਰਾ ਬੇਪਰਵਾਹ ਹਨ। ਪ੍ਰਦੀਪ ਨੇ ਕਿਹਾ, ‘‘ਕੁਝ ਲੋਕ ਸਾਨੂੰ ਆਨਲਾਈਨ ਗਾਲ੍ਹਾਂ ਕੱਢ ਰਹੇ ਹਨ, ਪਰ ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।’’ ਉਸ ਨੇ ਕਿਹਾ, ‘‘ਸਾਨੂੰ ਆਪਣੇ ਸਭਿਆਚਾਰ ’ਤੇ ਮਾਣ ਹੈ। ਜੋ ਲੋਕ ਸਾਡੀਆਂ ਰਵਾਇਤਾਂ ਨੂੰ ਨਹੀਂ ਸਮਝਦੇ ਉਨ੍ਹਾਂ ਨੂੰ ਫੈਸਲਾ ਨਹੀਂ ਕਰਨਾ ਚਾਹੀਦਾ। ਅਸੀਂ ਪਿਆਰ ਅਤੇ ਇਕੱਠੇ ਰਹਿਣ ਲਈ ਇਹ ਰਸਤਾ ਚੁਣਿਆ ਹੈ।’’ ਜੋੜੇ ਨੇ ਸਪੱਸ਼ਟ ਕੀਤਾ ਕਿ ਇਸ ਵਿਆਹ ਪਿਛਲਾ ਇਰਾਦਾ ਸੁਰਖੀਆਂ ਬਟੋਰਨਾ ਨਹੀਂ ਸੀ।