ਕੈਪ'ਸ ਕੈਫੇ ਗੋਲੀਬਾਰੀ ਕਾਂਡ: ਲੁਧਿਆਣਾ ਦਾ ਨੌਜਵਾਨ ਮਾਸਟਰਮਾਈਂਡ ਵਜੋਂ ਨਾਮਜ਼ਦ
ਲੁਧਿਆਣਾ (ਦਿਹਾਤੀ) ਅਧੀਨ ਆਉਂਦੇ ਰਾਏਕੋਟ ਸਬ-ਡਿਵੀਜ਼ਨ ਦੇ ਬ੍ਰਹਮਪੁਰ ਪਿੰਡ ਦੇ ਇੱਕ ਨੌਜਵਾਨ ਦਾ ਨਾਂ ਕੈਨੇਡਾ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਪ'ਸ ਕੈਫੇ ’ਤੇ ਤਿੰਨ ਗੋਲੀਬਾਰੀ ਦੀਆਂ ਘਟਨਾਵਾਂ ਦੇ ਮਾਸਟਰਮਾਈਂਡ ਵਜੋਂ ਸਾਹਮਣੇ ਆਇਆ ਹੈ।
ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਵੱਲੋਂ ਲੁਧਿਆਣਾ ਸ਼ਹਿਰ ਦੇ ਬਾਹਰਵਾਰ ਜਵੱਦੀ ਪਿੰਡ ਦੇ ਗੋਲਡੀ ਢਿੱਲੋਂ ਗੈਂਗ ਦੇ ਇੱਕ ਹੋਰ ਆਪਰੇਟਰ ਬੰਧੂ ਮਾਨ ਸਿੰਘ ਸੇਖੋਂ ਨੂੰ 28 ਨਵੰਬਰ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਬ੍ਰਹਮਪੁਰ ਦੇ ਸੁਖਵਿੰਦਰ ਸਿੰਘ ਸੀਪੂ, ਦੋ ਹੋਰ ਪੰਜਾਬੀ ਨੌਜਵਾਨਾਂ ਸ਼ੈਰੀ ਅਤੇ ਦਿਲਜੋਤ ਸਮੇਤ, ਨੂੰ ਕੈਨੇਡੀਅਨ ਪੁਲੀਸ ਅਤੇ ਕੇਂਦਰੀ ਏਜੰਸੀਆਂ ਨੇ ਨਾਮਜ਼ਦ ਕੀਤਾ ਹੈ।
ਹਾਲਾਂਕਿ ਲੁਧਿਆਣਾ (ਦਿਹਾਤੀ) ਪੁਲੀਸ ਇਸ ਘਟਨਾਕ੍ਰਮ ਬਾਰੇ ਚੁੱਪ ਹੈ, ਪਰ ਰਾਏਕੋਟ ਪੁਲੀਸ ਦੇ ਸੀਨੀਅਰ ਕਰਮਚਾਰੀਆਂ ਨੂੰ ਸੀਪੂ ਦੇ ਸਾਥੀਆਂ ਦੀਆਂ ਗਤੀਵਿਧੀਆਂ 'ਤੇ ਨੇੜਿਓਂ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਛੇ ਮਹੀਨੇ ਪਹਿਲਾਂ ਮਾਲੇਰਕੋਟਲਾ ਅਧੀਨ ਅਹਿਮਦਗੜ੍ਹ ਸਿਟੀ ਪੁਲੀਸ ਸਟੇਸ਼ਨ ਵਿੱਚ ਦਰਜ ਹੋਏ ਇੱਕ ਮਾਮਲੇ ਵਿੱਚ ਸੀਪੂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਸ ਵਿੱਚ ਸ਼ਿਕਾਇਤਕਰਤਾ ਨੂੰ ਉਸ ਦੇ ਭਣਵਈਏ ਖ਼ਿਲਾਫ਼ ਕੇਸ ਦਰਜ ਕਰਾਉਣ 'ਤੇ ਅੜੇ ਰਹਿਣ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ ਸੀ।
ਜਦੋਂ ਸੀਪੂ ਦਾ ਨਾਂ ਇਸ ਹਾਈ-ਪ੍ਰੋਫਾਈਲ ਮਾਮਲੇ ਦੇ ਮਾਸਟਰਮਾਈਂਡ ਵਜੋਂ ਸਾਹਮਣੇ ਆਇਆ, ਮਾਲੇਰਕੋਟਲਾ ਜ਼ਿਲ੍ਹਾ ਪੁਲੀਸ ਮੁਲਜ਼ਮਾਂ ਦੀ ਬੇਨਤੀ 'ਤੇ ਕੇਸ ਦੀ ਮੁੜ ਜਾਂਚ ਕਰ ਰਹੀ ਸੀ। ਇਸ ਕਾਰਨ ਸੀਨੀਅਰ ਅਧਿਕਾਰੀਆਂ ਨੇ ਕੇਸ ਦੀ ਫਾਈਲ ਅਹਿਮਦਗੜ੍ਹ ਸਿਟੀ ਪੁਲੀਸ ਸਟੇਸ਼ਨ ਨੂੰ ਵਾਪਸ ਭੇਜ ਦਿੱਤੀ।
ਜਾਂਚ ਤੋਂ ਪਤਾ ਲੱਗਾ ਹੈ ਕਿ ਸੀਪੂ ਅਤੇ ਬੰਧੂ ਮਾਨ ਸੇਖੋਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਨਹੀਂ ਸਨ, ਪਰ ਉਨ੍ਹਾਂ ਨੇ ਅਪਰਾਧ ਦੀ ਯੋਜਨਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਜਿੱਥੇ ਸੀਪੂ ਨੇ ਡਰਾਫਟ ਯੋਜਨਾਵਾਂ ਤਿਆਰ ਕੀਤੀਆਂ ਅਤੇ ਪਰਦੇ ਪਿੱਛੇ ਹਮਲਿਆਂ ਦੀ ਨਿਗਰਾਨੀ ਕੀਤੀ, ਉੱਥੇ ਸੇਖੋਂ ਨੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਹਥਿਆਰ ਅਤੇ ਵਾਹਨ ਮੁਹੱਈਆ ਕਰਵਾਏ।
ਕੈਪ'ਸ ਕੈਫੇ ’ਤੇ 10 ਜੁਲਾਈ ਨੂੰ ਖੁੱਲ੍ਹਣ ਤੋਂ ਤੁਰੰਤ ਬਾਅਦ ਹਮਲਾ ਹੋਇਆ ਸੀ, ਜਿਸ ਤੋਂ ਬਾਅਦ 7 ਅਗਸਤ ਅਤੇ 16 ਅਕਤੂਬਰ ਨੂੰ ਦੋ ਹੋਰ ਗੋਲੀਬਾਰੀ ਦੀਆਂ ਘਟਨਾਵਾਂ ਹੋਈਆਂ ਸਨ। ਲਾਰੈਂਸ ਬਿਸ਼ਨੋਈ ਗੈਂਗ ਨੇ ਹਰ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਕੈਨੇਡਾ ਪੁਲੀਸ ਅਤੇ ਭਾਰਤ ਦੀਆਂ ਕੇਂਦਰੀ ਏਜੰਸੀਆਂ ਵੱਲੋਂ ਕੀਤੀ ਗਈ ਤਾਜ਼ਾ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਪੰਜਾਬੀ ਮੂਲ ਦੇ ਸ਼ੈਰੀ ਅਤੇ ਦਿਲਜੋਤ ਰੇਹਲ ਨੇ ਬ੍ਰਹਮਪੁਰ ਪਿੰਡ ਦੇ ਸੀਪੂ ਦੇ ਕਹਿਣ ’ਤੇ ਗੋਲੀਬਾਰੀ ਕੀਤੀ ਸੀ।
ਘਬਰਾਹਟ ਵਿੱਚ ਪੰਜਾਬ ਪਰਤੇ ਬੰਧੂ ਮਾਨ ਸੇਖੋਂ ਨੂੰ ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ 28 ਨਵੰਬਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਸ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਤਿੰਨ ਪੰਜਾਬੀ ਨੌਜਵਾਨਾਂ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਬਾਰੇ ਜਾਣਕਾਰੀ ਸਾਹਮਣੇ ਆਈ। ਸੇਖੋਂ, ਜੋ ਕਿ ਗੋਲਡੀ ਢਿੱਲੋਂ ਦੇ ਆਪਰੇਟਰ ਵਜੋਂ ਜਾਣਿਆ ਜਾਂਦਾ ਹੈ, ਨੇ ਜਾਂਚ ਏਜੰਸੀਆਂ ਨੂੰ ਦੱਸਿਆ ਕਿ ਉਸ ਨੇ ਵੱਖ-ਵੱਖ ਸਮਿਆਂ 'ਤੇ ਕੈਪ'ਸ ਕੈਫੇ 'ਤੇ ਹਮਲੇ ਲਈ ਹਥਿਆਰ ਅਤੇ ਵਾਹਨ ਮੁਹੱਈਆ ਕਰਵਾਏ ਸਨ।
