ਪੰਜਾਬ ਹੜ੍ਹਾਂ ਬਾਰੇ ਟੁੱਟੀ ਫੁੱਟੀ ਅੰਗਰੇਜ਼ੀ ’ਚ ਜਵਾਬ...ਵੀਡੀਓ ਦੇਖ ਸੋਸ਼ਲ ਮੀਡੀਆ ਯੂਜ਼ਰਜ਼ ਦੇ ਪਈਆਂ ਢਿੱਡੀਂ ਪੀੜਾਂ
ਭਾਸ਼ਾ ਦਾ ਘੱਟ ਗਿਆਨ ਜਾਂ ਟੁੱਟੀ ਫੁੱਟੀ ਅੰਗਰੇਜ਼ੀ ਬੋਲਣ ਵਾਲੇ ਵਿਅਕਤੀਆਂ ਦੀਆਂ ਮਜ਼ਾਹੀਆ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲਦੀਆਂ ਹਨ, ਬਲਕਿ ਕਈ ਨਾਟਕਾਂ ਵਿੱਚ ਜਾਣ ਬੁੱਝ ਕੇ ਗਲਤ ਅੰਗਰੇਜ਼ੀ ਬੋਲ ਕੇ ਮਜ਼ਾਹੀਆ ਕਿਰਦਾਰ ਉਭਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸੇ ਲੜੀ ਵਿਚ ਹੁਣ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇੱਕ ਵਿਅਕਤੀ ਪੰਜਾਬ ਦੇ ਹੜ੍ਹਾਂ ਬਾਰੇ ਪੁੱਛੇ ਸਵਾਲ ਦਾ ਅੰਗਰੇਜ਼ੀ ਵਿਚ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਇਸ ਵਿਅਕਤੀ ਦੀ ਬੋਲ ਬਾਣੀ ਤੋਂ ਇਹ ਤਾਂ ਸਾਫ਼ ਹੈ ਕਿ ਉਸ ਨੂੰ ਅੰਗਰੇਜ਼ੀ ਭਾਸ਼ਾ ਦੀ ਬਹੁਤੀ ਸਮਝ ਨਹੀਂ ਹੈ।
ਉਸ ਨੇ ਆਪਣੀ ਗੱਲਬਾਤ ਵਿਚ ਹਿਮਾਲਿਆ ਪਰਬਤ, ਚੀਨ, ਆਲਮੀ ਜੰਗ, ਜਾਪਾਨ ਤੇ ਰੂਸ ਤੱਕ ਦਾ ਵੀ ਜ਼ਿਕਰ ਕੀਤਾ, ਜਿਸ ਨਾਲ ਹਰ ਕੋਈ ਹੈਰਾਨ ਰਹਿ ਗਿਆ ਤੇ ਲੋਕਾਂ ਦੇ ਹੱਸ ਹੱਸ ਕੇ ਢਿੱਡੀਂ ਪੀੜਾਂ ਪੈ ਗਈਆਂ। ਸੋਸ਼ਲ ਮੀਡੀਆ ਯੂਜ਼ਰਜ਼ ਇਸ ਮਜ਼ੇਦਾਰ ਕਲਿੱਪ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਵੀਡੀਓ ਕਦੋਂ ਅਤੇ ਕਿੱਥੋਂ ਦਾ ਹੈ, ਪਰ ਕਿਉਂਕਿ ਪੰਜਾਬ ਅੱਜਕਲ੍ਹ ਹੜ੍ਹਾਂ ਨਾਲ ਜੂਝ ਰਿਹਾ ਹੈ, ਇਸ ਲਈ ਲੱਗਦਾ ਹੈ ਕਿ ਇਹ ਵੀਡੀਓ ਹਾਲ ਫ਼ਿਲਹਾਲ ਦਾ ਹੋਣਾ ਚਾਹੀਦਾ ਹੈ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰ ਵੱਖ ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ‘‘He speaks very fluent 'broken english.' 😂(ਉਸ ਨੇ ਪੂਰੀ ਰਵਾਨਗੀ ਨਾਲ ਟੁੱਟੀ ਹੋਈ ਅੰਗਰੇਜ਼ੀ ਬੋਲੀ)’’। ਇੱਕ ਹੋਰ ਯੂਜ਼ਰ ਨੇ ਲਿਖਿਆ, ‘‘ ਵਿਅਕਤੀ ਨੇ ਭਾਸ਼ਾ ਤੋਂ ਪਹਿਲਾਂ ਬ੍ਰਿਟਿਸ਼ ਲਹਿਜ਼ਾ (accent) ਸਿੱਖ ਲਿਆ ਹੈ।’’ ਇਹ ਵੀਡੀਓ ਅਸਲੀ ਹੈ ਜਾਂ ਜਾਣ ਬੁੱਝ ਕੇ ਬਣਾਈ ਗਈ ਹੈ ਇਹ ਤਾਂ ਸਪੱਸ਼ਟ ਨਹੀ ਹੋ ਸਕਿਆ ਪਰ ਵਾਇਰਲ ਵੀਡੀਓ ਲੋਕਾਂ ਦੇ ਢਿੱਡੀਂ ਪੀੜਾਂ ਜ਼ਰੂਰ ਪਾ ਰਿਹਾ ਹੈ।