BBC ਵਿਵਾਦ: ਮੁਆਫ਼ੀ ਮੰਗਣ ਦੇ ਬਾਵਜੂਦ ਟਰੰਪ ਵੱਲੋਂ ਕਾਨੂੰਨੀ ਕਾਰਵਾਈ ਜਾਰੀ ਰੱਖਣ ਦਾ ਐਲਾਨ!
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ BBC (ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ) ਖਿਲਾਫ ਕਾਨੂੰਨੀ ਕਾਰਵਾਈ ਅੱਗੇ ਵਧਾਉਣਗੇ, ਭਾਵੇਂ ਕਿ BBC ਨੇ ਉਨ੍ਹਾਂ ਦੇ ਭਾਸ਼ਣ ਦੀ ਐਡੀਟਿੰਗ ਲਈ ਮੁਆਫੀ ਮੰਗ ਲਈ ਹੈ।
BBC ਨੇ ਇੱਕ ਡਾਕੂਮੈਂਟਰੀ ਵਿੱਚ ਟਰੰਪ ਦੇ 6 ਜਨਵਰੀ, 2021 ਦੇ ਭਾਸ਼ਣ ਦੇ ਹਿੱਸਿਆਂ ਨੂੰ ਇਸ ਤਰ੍ਹਾਂ ਜੋੜਿਆ ਕਿ ਇਸ ਨਾਲ ਇੰਝ ਲੱਗ ਰਿਹਾ ਸੀ ਜਿਵੇਂ ਉਹ ਹਿੰਸਾ ਨੂੰ ਸੱਦਾ ਦੇ ਰਹੇ ਹੋਣ।
ਟਰੰਪ ਨੇ ਕਿਹਾ ਕਿ ਉਹ BBC ’ਤੇ 1 ਬਿਲੀਅਨ ਤੋਂ 5 ਬਿਲੀਅਨ ਡਾਲਰ ਤੱਕ ਦਾ ਮੁਕੱਦਮਾ ਕਰਨਗੇ। ਉਨ੍ਹਾਂ ਦਾ ਇਲਜ਼ਾਮ ਹੈ ਕਿ BBC ਨੇ ‘ਧੋਖਾਧੜੀ’ ਕੀਤੀ ਅਤੇ ਉਨ੍ਹਾਂ ਦੇ ਮੂੰਹੋਂ ਨਿਕਲੇ ਸ਼ਬਦਾਂ ਨੂੰ ਬਦਲਿਆ।
ਹਾਲਾਂਕਿ ਇਸ ਪੂਰੇ ਮਾਮਲੇ ਵਿੱਚ BBC ਨੇ ਮੰਨਿਆ ਕਿ ਉਨ੍ਹਾਂ ਦੀ ਐਡੀਟਿੰਗ ਗਲਤੀ ਨਾਲ ਹੋਈ ਅਤੇ ਇਸ ਨਾਲ ‘ਗਲਤ ਪ੍ਰਭਾਵ’ ਪਿਆ। BBC ਨੇ ਭਾਸ਼ਣ ਦਾ ਉਹ ਹਿੱਸਾ ਦੁਬਾਰਾ ਨਾ ਚਲਾਉਣ ਦਾ ਵਾਅਦਾ ਕੀਤਾ ਹੈ ਅਤੇ ਇਸ ਲਈ ਮੁਆਫੀ ਵੀ ਮੰਗੀ। ਇਸ ਵਿਵਾਦ ਕਾਰਨ ਬੀਬੀਸੀ ਦੇ ਡਾਇਰੈਕਟਰ ਜਨਰਲ Tim Davie ਅਤੇ ਨਿਊਜ਼ ਚੀਫ਼ Deborah Turness ਦੋਵਾਂ ਨੇ ਪੱਖਪਾਤ ਦੇ ਇਲਜ਼ਾਮਾਂ ਕਾਰਨ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਭਾਵੇਂ BBC ਨੇ ਮੁਆਫੀ ਮੰਗੀ ਹੈ, ਪਰ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦਾ ਵਿੱਤੀ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਟਰੰਪ ਨੇ ਕਿਹਾ ਕਿ ਉਹ ਮੁਕੱਦਮਾ ਇਸ ਲਈ ਕਰ ਰਹੇ ਹਨ ਕਿਉਂਕਿ ਇਹ ‘ਬਹੁਤ ਗੰਭੀਰ’ ਮਾਮਲਾ ਸੀ ਅਤੇ ਉਹ ਚਾਹੁੰਦੇ ਹਨ ਕਿ ਅੱਗੇ ਤੋਂ ਅਜਿਹਾ ਕਿਸੇ ਹੋਰ ਨਾਲ ਨਾ ਹੋਵੇ।
