ਬਰੇਲੀ: ਜੀਜਾ ਸਾਲੀ ਨੂੰ ਲੈ ਕੇ ਫਰਾਰ, ਅਗਲੇ ਦਿਨ ਸਾਲਾ ਜੀਜੇ ਦੀ ਭੈਣ ਸਮੇਤ ਫਰਾਰ
ਯੂਪੀ ਦੇ ਬਰੇਲੀ ਤੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਬਰੇਲੀ ਜ਼ਿਲ੍ਹੇ ’ਚ ਇੱਕ ਨੌਜਵਾਨ ਆਪਣੀ ਪਤਨੀ ਦੀ ਭੈਣ (ਸਾਲੀ) ਨੂੰ ਲੈ ਕੇ ਫਰਾਰ ਹੋ ਗਿਆ, ਜਿਸ ਤੋਂ ਅਗਲੇ ਹੀ ਦਿਨ ਉਸ ਦੀ ਪਤਨੀ ਦਾ ਭਰਾ (ਸਾਲਾ) ਜੀਜੇ ਦੀ ਭੈਣ ਨੂੰ ਭਜਾ ਲੈ ਗਿਆ।
ਪੁਲੀਸ ਅਨੁਸਾਰ ਬਰੇਲੀ ਜ਼ਿਲ੍ਹੇ ਦੇ ਦੇਵਰਾਨੀਆ ਥਾਣਾ ਖੇਤਰ ਦੇ ਇੱਕ ਪਿੰਡ ਦਾ ਵਸਨੀਕ ਕੇਸ਼ਵ ਕੁਮਾਰ (28) ਆਪਣੀ 19 ਸਾਲਾ ਸਾਲੀ ਨੂੰ ਲੈ ਕੇ ਭੱਜ ਗਿਆ। ਉਸ ਤੋਂ ਅਗਲੇ ਹੀ ਦਿਨ ਉਸਦਾ ਸਾਲਾ ਰਵਿੰਦਰ (22) ਕੇਸ਼ਵ ਦੀ 19 ਸਾਲਾ ਭੈਣ ਨੂੰ ਲੈ ਕੇ ਫਰਾਰ ਹੋ ਗਿਆ। ਕੇਸ਼ਵ ਦਾ ਵਿਆਹ ਛੇ ਸਾਲ ਪਹਿਲਾਂ ਨਵਾਬਗੰਜ ਇਲਾਕੇ ਦੀ ਇੱਕ ਲੜਕੀ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਹਨ।
ਪੁਲੀਸ ਨੇ ਦੱਸਿਆ ਕਿ ਵਿਆਹੁਤਾ ਜੀਵਨ ਦੌਰਾਨ ਨੌਜਵਾਨ(ਕੇਸ਼ਵ) ਨੂੰ ਆਪਣੀ ਸਾਲੀ ਨਾਲ ਪ੍ਰੇਮ ਹੋ ਗਿਆ, ਜਦਕਿ ਕੇਸ਼ਵ ਦੀ ਭੈਣ ਅਤੇ ਉਸਦੇ ਸਾਲੇ ਰਵਿੰਦਰ ਵਿਚਕਾਰ ਵੀ ਨਜ਼ਦੀਕੀਆਂ ਵਧ ਗਈਆਂ। ਪੁਲੀਸ ਨੇ ਦੱਸਿਆ ਕਿ 23 ਅਗਸਤ ਨੂੰ ਨੌਜਵਾਨ ਆਪਣੀ ਸਾਲੀ ਕਲਪਨਾ ਨੂੰ ਭਜਾ ਲੈ ਗਿਆ, ਪਰ ਅਗਲੇ ਹੀ ਦਿਨ ਰਵਿੰਦਰ ਵੀ ਚੁੱਪ-ਚਾਪ ਜੀਜੇ ਦੀ ਭੈਣ ਨੂੰ ਭਜਾ ਕੇ ਲੈ ਗਿਆ।
ਨਵਾਬਗੰਜ ਪੁਲੀਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ। ਪੁਲੀਸ ਨੇ ਨੌਜਵਾਨ ਅਤੇ ਉਸਦੇ ਸਾਲੇ ਨੂੰ ਫੜ ਕੇ ਦੋਵਾਂ ਲੜਕੀਆਂ ਨੂੰ ਵੀ ਬਰਾਮਦ ਕਰ ਲਿਆ, ਪਰ ਥਾਣੇ ਪਹੁੰਚਦੇ ਹੀ ਮਾਮਲਾ ਉਲਟ ਗਿਆ।
ਥਾਣਾ ਨਵਾਬਗੰਜ ਦੇ ਇੰਚਾਰਜ ਅਰੁਣ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਪੁਲੀਸ ਨੇ ਜੀਜਾ-ਸਾਲੀ ਅਤੇ ਉਸਦੀ ਭੈਣ ਨੂੰ ਕ੍ਰਮਵਾਰ 14 ਅਤੇ 15 ਸਤੰਬਰ ਨੂੰ ਬਰਾਮਦ ਕਰ ਲਿਆ ਹੈ। ਪੁਲੀਸ ਨੇ ਮੰਗਲਵਾਰ ਨੂੰ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਵੇਂ ਧਿਰਾਂ ਵਿਚਾਲੇ ਸਮਝੌਤਾ ਹੋਣ ਕਾਰਨ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਦੋਵਾਂ ਪਰਿਵਾਰਾਂ ਨੇ ਆਪਸੀ ਸਹਿਮਤੀ ਨਾਲ ਮਾਮਲਾ ਖਤਮ ਕਰ ਦਿੱਤਾ ਹੈ ਅਤੇ ਕਿਸੇ ਵੀ ਕਾਨੂੰਨੀ ਕਾਰਵਾਈ ਦੀ ਮੰਗ ਨਹੀਂ ਕੀਤੀ।
ਥਾਣਾ ਇੰਚਾਰਜ (ਐਸਐਚਓ) ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਦੇ ਲੋਕਾਂ ਅਤੇ ਸਮਾਜ ਦੇ ਪਤਵੰਤੇ ਲੋਕਾਂ ਵਿਚਕਾਰ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਹੋਈ ਅਤੇ ਦੋਵਾਂ ਧਿਰਾਂ ਵਿਚਕਾਰ ਆਪਸੀ ਸਹਿਮਤੀ ਨਾਲ ਸਮਝੌਤਾ ਹੋ ਗਿਆ।