ਅਯੁੱਧਿਆ ਦੀਪ ਉਤਸਵ: 28 ਲੱਖ ਦੀਵਿਆਂ ਨਾਲ ਜਗਮਗਾਉਣਗੇ ਸਰਯੂ ਨਦੀ ਦੇ 56 ਘਾਟ
ਅਯੁੱਧਿਆ ਵਿੱਚ ਦੀਪ ਉਤਸਵ ਦੇ ਨੌਵੇਂ ਸੰਸਕਰਨ ਦੇ ਹਿੱਸੇ ਵਜੋਂ ਸਰਯੂ ਨਦੀ ਦੀਆਂ 56 ਘਾਟਾਂ ਨੂੰ ਲਗਪਗ 28 ਲੱਖ ਦੀਵਿਆਂ ਨਾਲ ਰੌਸ਼ਨ ਕੀਤਾ ਜਾਵੇਗਾ।
ਪਹਿਲੀ ਵਾਰ ਲਕਸ਼ਮਣ ਕਿਲਾ ਘਾਟ ਵੀ ਇਸ ਜਸ਼ਨ ਵਿੱਚ ਸ਼ਾਮਲ ਹੋਵੇਗਾ, ਜਿਸ ਨਾਲ ਇਹ ਸਮਾਗਮ ਹੋਰ ਵੀ ਸ਼ਾਨਦਾਰ ਬਨਣ ਦੀ ਆਸ ਹੈ। ਇਸ ਘਾਟ ਨੂੰ 1.25 ਲੱਖ ਤੋਂ ਵੱਧ ਦੀਵਿਆਂ ਨਾਲ ਜਗਾਇਆ ਜਾਵੇਗਾ।
ਲਗਪਗ 1.5 ਲੱਖ ਦੀਵੇ ਰਾਮ ਕੀ ਪੌੜੀ ਅਤੇ ਚੌਧਰੀ ਚਰਨ ਸਿੰਘ ਘਾਟਾਂ ਨੂੰ ਰੌਸ਼ਨ ਕਰਨਗੇ, ਜਦੋਂ ਕਿ ਭਜਨ ਸੰਧਿਆ ਘਾਟ 1.5 ਲੱਖ ਦੀਵਿਆਂ ਨਾਲ ਚਮਕੇਗਾ। ਜਸ਼ਨ ਦਾ ਮੁੱਖ ਕੇਂਦਰ ਰਾਮ ਕੀ ਪੌੜੀ 15-16 ਲੱਖ ਦੀਵਿਆਂ ਨਾਲ ਜਗਮਗਾਏਗਾ।
ਪਿਛਲੇ ਸਾਲਾਂ ਵਿੱਚ ਅਯੁੱਧਿਆ ਦੇ ਦੀਪ ਉਤਸਵ ਨੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਆਪਣੀ ਜਗ੍ਹਾ ਬਣਾਈ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਪ੍ਰਬੰਧਕ 28 ਲੱਖ ਦੀਵੇ ਜਗਾ ਕੇ ਉਸ ਰਿਕਾਰਡ ਨੂੰ ਤੋੜਨ ਦਾ ਟੀਚਾ ਰੱਖ ਰਹੇ ਹਨ। ਇਸ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ, ਸਰਕਾਰ, ਪ੍ਰਸ਼ਾਸਨ ਅਤੇ ਸਥਾਨਕ ਵਲੰਟੀਅਰ ਸੰਸਥਾਵਾਂ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ।
ਸਜਾਵਟ, ਸੁਰੱਖਿਆ, ਸੱਭਿਆਚਾਰਕ ਪ੍ਰਦਰਸ਼ਨਾਂ ਅਤੇ ਸੈਲਾਨੀਆਂ ਦੀ ਮੇਜ਼ਬਾਨੀ ਲਈ ਵਿਆਪਕ ਤਿਆਰੀਆਂ ਚੱਲ ਰਹੀਆਂ ਹਨ।
ਡਾ. ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ ਦੇ ਦੀਪ ਉਤਸਵ ਲਈ ਨੋਡਲ ਅਫ਼ਸਰ ਪ੍ਰੋ. ਸੰਤ ਸ਼ਰਨ ਮਿਸ਼ਰਾ ਦੀ ਨਿਗਰਾਨੀ ਹੇਠ ਤਿਉਹਾਰ ਦੇ ਹਰ ਪਹਿਲੂ ਦੀ ਦੇਖ-ਰੇਖ ਲਈ 22 ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਇਸ ਸਬੰਧੀ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਮੁੱਖ ਕਮੇਟੀਆਂ ਵਿੱਚ ਤਾਲਮੇਲ, ਅਨੁਸ਼ਾਸਨ, ਸੁਰੱਖਿਆ, ਦੀਵੇ ਗਿਣਨ, ਆਵਾਜਾਈ, ਸਫਾਈ, ਮੀਡੀਆ ਅਤੇ ਫੋਟੋਗ੍ਰਾਫੀ, ਫਸਟ ਏਡ, ਸਜਾਵਟ, ਰੰਗੋਲੀ, ਵਲੰਟੀਅਰ ਆਈ.ਡੀ. ਅਤੇ ਨਿਗਰਾਨੀ ਤੇ ਕੰਟਰੋਲ ਸ਼ਾਮਲ ਹਨ।