ਭੋਪਾਲ ਵਿਚ 90 ਡਿਗਰੀ ਫਲਾਈਓਵਰ ਮਗਰੋਂ ਹੁਣ ਨਾਗਪੁਰ ’ਚ ‘ਅਜੂਬਾ’, ਬਾਲਕਨੀ ’ਚੋਂ ਲੰਘਦਾ ਫਲਾਈਓਵਰ
Nagpur Flyover: ਭੋਪਾਲ ਦੇ 90 ਡਿਗਰੀ ਮੋੜ ਵਾਲੇ ਫਲਾਈਓਵਰ ਤੋਂ ਬਾਅਦ ਹੁਣ ਨਾਗਪੁਰ ਦਾ ਇੱਕ ਹੋਰ ਫਲਾਈਓਵਰ ਸੁਰਖੀਆਂ ਵਿਚ ਹੈ। ਦਿਘੋਰੀ ਤੋਂ ਇੰਦੌਰਾ ਜਾਣ ਵਾਲਾ ਇਹ ਫਲਾਈਓਵਰ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਿਹਾ ਹੈ। ਇਸ ਫਲਾਈਓਵਰ ਦੀ ਖਾਸੀਅਤ ਇਹ ਹੈ ਕਿ ਇਹ ਅਸ਼ੋਕ ਚੌਕ ਨੇੜੇ ਇੱਕ ਘਰ ਦੀ ਬਾਲਕਨੀ ਵਿੱਚੋਂ ਹੋ ਕੇ ਲੰਘਦਾ ਹੈ।
ਸੋਸ਼ਲ ਮੀਡੀਆ ’ਤੇ ਕੁਝ ਲੋਕ ਇਸ ਫਲਾਈਓਵਰ ਨੂੰ ਦੁਨੀਆ ਦਾ ‘ਅੱਠਵਾਂ ਅਜੂਬਾ’ ਕਹਿ ਰਹੇ ਹਨ, ਜਦੋਂ ਕਿ ਕੁਝ ਲੋਕ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਅਤੇ ਨਾਗਪੁਰ ਨਗਰ ਨਿਗਮ ’ਤੇ ਸਵਾਲ ਉਠਾ ਰਹੇ ਹਨ।
ਲੋਕ ਸਵਾਲ ਉਠਾ ਰਹੇ ਹਨ ਕਿ ਜਦੋਂ ਫਲਾਈਓਵਰ ਬਣਾਇਆ ਜਾ ਰਿਹਾ ਸੀ, ਤਾਂ ਘਰ ਦੇ ਮਾਲਕ ਨੂੰ ਮੁਆਵਜ਼ਾ ਦੇ ਕੇ ਘਰ ਦਾ ਕਬਜ਼ਾ ਕਿਉਂ ਨਹੀਂ ਲਿਆ ਗਿਆ। ਜੇਕਰ ਇਹ ਘਰ ਗੈਰ-ਕਾਨੂੰਨੀ ਹੈ, ਤਾਂ ਇਸ ਨੂੰ ਕਿਉਂ ਨਹੀਂ ਢਾਹਿਆ ਗਿਆ। ਇਸ ਦੇ ਨਾਲ ਹੀ ਬਹੁਤ ਸਾਰੇ ਯੂਜ਼ਰਜ਼ ਨੇ ਤਨਜ਼ ਕਸਦਿਆਂ ਪੁੱਛਿਆ ਕਿ ਉਹ ‘ਮਹਾਨ ਇੰਜਨੀਅਰ’ ਕੌਣ ਹੈ, ਜਦੋਂ ਕਿ ਕੋਈ ਲਿਖ ਰਿਹਾ ਹੈ ਕਿ ਤੁਹਾਨੂੰ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਬਣਿਆ ਇਹ ਸ਼ਾਨਦਾਰ ਫਲਾਈਓਵਰ ਵੀ ਦੇਖਣਾ ਚਾਹੀਦਾ ਹੈ। ਇਹ ਕਿਸੇ ਵਿਸ਼ਵ ਵਿਰਾਸਤ ਤੋਂ ਘੱਟ ਨਹੀਂ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਇਹ ਘਰ ਪ੍ਰਵੀਨ ਪਾਤਰੇ ਦਾ ਹੈ। ਉਨ੍ਹਾਂ ਦਾ ਪਰਿਵਾਰ ਇੱਥੇ ਕਰੀਬ 150 ਸਾਲਾਂ ਤੋਂ ਰਹਿ ਰਿਹਾ ਹੈ। ਪਾਤਰੇ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬਾਲਕਨੀ ਵਿੱਚੋਂ ਲੰਘਦੇ ਫਲਾਈਓਵਰ ’ਤੇ ਕੋਈ ਇਤਰਾਜ਼ ਨਹੀਂ ਹੈ ਅਤੇ ਉਹ ਸੁਰੱਖਿਆ ਬਾਰੇ ਵੀ ਚਿੰਤਤ ਨਹੀਂ ਹਨ। ਹਾਲਾਂਕਿ, ਜਦੋਂ ਉਨ੍ਹਾਂ ਨੂੰ ਘਰ ਅਤੇ ਬਾਲਕਨੀ ਦੀ ਵੈਧਤਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ।
998 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਇਹ 9.2 ਕਿਲੋਮੀਟਰ ਲੰਮਾ ਫਲਾਈਓਵਰ NHAI ਦੀ ਨਿਗਰਾਨੀ ਹੇਠ ਬਣ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਗਰ ਨਿਗਮ ਨੂੰ ਇਸ ਮੁੱਦੇ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ, ਪਰ ਕਾਰਵਾਈ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਦੱਖਣੀ ਨਾਗਪੁਰ ਦੇ ਵਿਧਾਇਕ ਮੋਹਨ ਮਤੇ ਨੇ ਵੀ ਇਸ ’ਤੇ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗਲਤੀਆਂ ਨਾਗਪੁਰ ਦੀ ਸਾਖ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਅਧਿਕਾਰੀਆਂ ਨੂੰ ਸਮੇਂ ਸਿਰ ਕਾਰਵਾਈ ਕਰਨੀ ਚਾਹੀਦੀ ਸੀ।