71st National Film Awards: ਅਦਾਕਾਰੀ ਸਿਰਫ਼ ਕੰਮ ਨਹੀਂ ਸਗੋਂ ਇੱਕ ਜ਼ਿੰਮੇਵਾਰੀ ਹੈ: ਸ਼ਾਹਰੁਖ਼ ਖ਼ਾਨ
ਬੌਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਕੌਮੀ ਫਿਲਮ ਪੁਰਸਕਾਰਾਂ ’ਚ ਸਰਵੋਤਮ ਅਦਾਕਾਰ ਚੁਣੇ ਮਗਰੋਂ ਕਿਹਾ ਕਿ ਅਦਾਕਾਰੀ ਸਿਰਫ਼ ਕੰਮ ਨਹੀਂ ਹੈ ਸਗੋਂ ਇਹ ਇੱਕ ਜ਼ਿੰਮੇਵਾਰੀ ਹੈ। ਤਿੰਨ ਦਹਾਕਿਆਂ ਤੋਂ ਵੱਧ ਲੰਮੇ ਫ਼ਿਲਮੀ ਕਰੀਅਰ ਸ਼ਾਹਰੁਖ ਖਾਨ ਨੇ ਪਹਿਲੀ ਵਾਰ ਸਰਵੋਤਮ ਅਦਾਕਾਰ ਵਜੋਂ ਕੌਮੀ ਫਿਲਮ ਪੁਰਸਕਾਰ ਜਿੱਤਿਆ ਹੈ। ਇਸ ਨਾਲ ਦੇਸ਼ ਭਰ ਵਿੱਚ ਉਸ ਦੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਤੇ ਉਸ ਨੂੰ ਚੁਫੇਰਿਉਂ ਵਧਾਈਆਂ ਮਿਲ ਰਹੀਆਂ ਹਨ।
ਅਦਾਕਾਰ ਸ਼ਾਹਰੁਖ ਖਾਨ ਨੇ ਵੀ 71ਵੇਂ ਕੌਮੀ ਫਿਲਮ ਪੁਰਸਕਾਰਾਂ ਵਿੱਚ ਸਰਵੋਤਮ ਅਦਾਕਾਰ ਚੁਣੇ ਜਾਣ ਤੋਂ ਬਾਅਦ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਕਿਹਾ ਕਿ ਉਹ ਅੱਜ ਮਾਣ ਅਤੇ ਨਿਮਰਤਾ ਨਾਲ ਭਰ ਗਿਆ ਹੈ। ਦੱਸ ਦਈਏ ਕਿ ਸ਼ਾਹਰੁਖ਼ ਖ਼ਾਨ ਦੇ ਤਿੰਨ ਦਹਾਕਿਆਂ ਤੋਂ ਵੱਧ ਲੰਬੇ ਕਰੀਅਰ ’ਚ ਉਸ ਨੂੰ ਪਹਿਲੀ ਵਾਰ ਸਰਵੋਤਮ ਅਦਾਕਾਰ ਦੇ ਐਵਾਰਡ ਦਾ ਜੇਤੂ ਐਲਾਨਿਆ ਗਿਆ ਹੈ।
ਸ਼ਾਹਰੁਖ ਖਾਨ ਨੇ ਵੀਡੀਓ ਸੰਦੇਸ਼ ਵਿੱਚ ਕਿਹਾ, ‘‘ਮੈਂ ਸ਼ੁਕਰਗੁਜ਼ਾਰੀ, ਮਾਣ ਅਤੇ ਨਿਮਰਤਾ ਨਾਲ ਭਰਿਆ ਹੋਇਆ ਹਾਂ। ਕੌਮੀ ਪੁਰਸਕਾਰ ਨਾਲ ਸਨਮਾਨਿਤ ਹੋਣਾ ਇੱਕ ਅਜਿਹਾ ਪਲ ਹੈ ਜਿਸ ਨੂੰ ਮੈਂ ਜ਼ਿੰਦਗੀ ਭਰ ਸੰਭਾਲ ਕੇ ਰੱਖਾਂਗਾ। ਸ਼ੋਰ ਨਾਲ ਭਰੀ ਦੁਨੀਆਂ ਵਿੱਚ ਸੱਚਮੁੱਚ ਸੁਣਿਆ ਜਾਣਾ, ਇੱਕ ਵਰਦਾਨ ਹੈ। ਮੈਂ ਇਸ ਮਾਨਤਾ ਨੂੰ ਇੱਕ ਅੰਤਿਮ ਰੇਖਾ ਵਜੋਂ ਨਹੀਂ, ਸਗੋਂ ਕੋਸ਼ਿਸ਼ ਕਰਦੇ ਰਹਿਣ, ਸਿੱਖਣ ਵਜੋਂ ਵਰਤਣ ਦਾ ਵਾਅਦਾ ਕਰਦਾ ਹਾਂ। ਇਹ ਪੁਰਸਕਾਰ ਮੈਨੂੰ ਯਾਦ ਦਿਵਾਉਂਦਾ ਹੈ ਕਿ ਅਦਾਕਾਰੀ ਸਿਰਫ਼ ਕੰਮ ਨਹੀਂ ਹੈ ਸਗੋਂ ਇੱਕ ਜ਼ਿੰਮੇਵਾਰੀ ਹੈ ਜਿਸ ਰਾਹੀਂ ਪਰਦੇ ’ਤੇ ਸੱਚਾਈ ਦਿਖਾਉਣੀ ਹੈ। ਮੈਂ ਸਾਰਿਆਂ ਦੇ ਇਸ ਪਿਆਰ ਲਈ ਧੰਨਵਾਦੀ ਹਾਂ।’’
ਉਸ ਨੇ ਕਿਹਾ, "ਮੈਂ ਆਪਣੀ ਟੀਮ ਅਤੇ ਪ੍ਰਬੰਧਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਮੇਰੇ ਨਾਲ ਅਣਥੱਕ ਮਿਹਨਤ ਕਰਦੇ ਹਨ। ਉਹ ਮੇਰੇ ਨਾਲ, ਮੇਰੀਆਂ ਅਜੀਬ ਗੱਲਾਂ ਅਤੇ ਬੇਸਬਰੀ ਨੂੰ ਸਹਿਣ ਕਰਦੇ ਹਨ ਅਤੇ ਮੈਨੂੰ ਆਪਣਾ ਪੂਰਾ ਧਿਆਨ ਦਿੰਦੇ ਹਨ ਅਤੇ ਮੈਨੂੰ ਮੇਰੇ ਨਾਲੋਂ ਕਿਤੇ ਬਿਹਤਰ ਦਿਖਾਉਂਦੇ ਹਨ। ਇਹ ਪੁਰਸਕਾਰ ਉਨ੍ਹਾਂ ਦੀ ਲਗਨ ਅਤੇ ਪਿਆਰ ਤੋਂ ਬਿਨਾਂ ਬਿਲਕੁਲ ਵੀ ਸੰਭਵ ਨਹੀਂ ਸੀ।’’
ਇੰਡਸਟਰੀ ਦੇ ਬਹੁਤ ਸਾਰੇ ਲੋਕਾਂ ਨੇ ਅਦਾਕਾਰ ਦੀ ਸ਼ਾਨਦਾਰ ਪ੍ਰਾਪਤੀ ਲਈ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਕਾਜੋਲ ਅਤੇ ਫਰਾਹ ਖਾਨ ਵਰਗੇ ਉਸ ਦੇ ਕਰੀਬੀ ਦੋਸਤ ਵੀ ਸ਼ਾਮਲ ਹਨ। ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਕਾਜੋਲ ਨੇ "ਜਵਾਨ" ਦਾ ਇੱਕ ਪੋਸਟਰ ਸਾਂਝਾ ਕੀਤਾ ਅਤੇ ਲਿਖਿਆ, "ਤੁਹਾਡੀ ਵੱਡੀ ਜਿੱਤ 'ਤੇ ਵਧਾਈਆਂ।"
ਇਸ ਦੇ ਨਾਲ ਹੀ ਫਰਾਹ ਖਾਨ ਨੇ ਵੀ ਲਿਖਿਆ, "ਮੇਰੇ ਪਿਆਰੇ @iamsrk ਨੂੰ ਕੌਮੀ ਪੁਰਸਕਾਰ ਜਿੱਤਣ 'ਤੇ ਵਧਾਈਆਂ, ਇਸ ਵਾਰ ਸ਼ਿੱਦਤ ਸੇ ਕੋਸ਼ਿਸ਼ ਸੱਚਮੁੱਚ ਸਫਲ ਹੋ ਗਈ।"
ਦੱਸ ਦਈਏ ਕਿ ਸ਼ਾਹਰੁਖ਼ ਖ਼ਾਨ ਨੂੰ ਅਦਾਕਾਰ ਵਿਕਰਾਂਤ ਮੈਸੀ Vikrant Massey ਨਾਲ ਸਾਂਝੇ ਤੌਰ ’ਤੇ ਸਰਵੋਤਮ ਅਦਾਕਾਰ ਚੁਣਿਆ ਗਿਆ ਹੈ। ਮੈਸੀ ਨੂੰ ਫ਼ਿਲਮ ‘12ਵੀਂ ਫੇਲ੍ਹ’ ਵਧੀਆ ਅਦਾਕਾਰੀ ਲਈ ਸਰਵੋਤਮ ਅਦਾਕਾਰ ਦੇ ਐਵਾਰਡ ਲਈ ਚੁਣਿਆ ਗਿਆ ਹੈ।