ਅਮਰੀਕਾ ਨੇ ਰੂਸੀ ਤੇਲ ਕੰਪਨੀਆਂ ’ਤੇ ਪਾਬੰਦੀ ਲਾਈ
ਯੂਕਰੇਨ ਜੰਗ ਰੋਕਣ ਲੲੀ ਰੂਸ ’ਤੇ ਦਬਾਅ ਪਾੳੁਣ ਦੀ ਕੋਸ਼ਿਸ਼; ਜ਼ੇਲੈਂਸਕੀ ਤੇ ਯੂਰੋਪੀਅਨ ਯੂਨੀਅਨ ਨੇ ਸਵਾਗਤ ਕੀਤਾ
Advertisement
ਰੂਸ ’ਤੇ ਯੂਕਰੇਨ ਜੰਗ ਖ਼ਤਮ ਕਰਨ ਦਾ ਦਬਾਅ ਪਾਉਣ ਦੇ ਇਰਾਦੇ ਨਾਲ ਅਮਰੀਕਾ ਨੇ ਮਾਸਕੋ ਦੀਆਂ ਦੋ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਲੁਕਆਇਲ ਅਤੇ ਰੋਸਨੇਫਟ ’ਤੇ ਨਵੀਆਂ ਪਾਬੰਦੀਆਂ ਲਗਾਈਆਂ ਹਨ। ਅਮਰੀਕਾ ਨੇ ਇਹ ਕਦਮ ਉਸ ਸਮੇਂ ਚੁੱਕਿਆ ਜਦੋਂ ਬੁੱਧਵਾਰ ਨੂੰ ਯੂਰੋਪੀਅਨ ਯੂਨੀਅਨ ’ਚ ਸ਼ਾਮਿਲ ਮੁਲਕਾਂ ਨੇ ਰੂਸੀ ਐੱਲ ਐੱਨ ਜੀ ਦੀ ਦਰਾਮਦ ਸਮੇਤ ਪਾਬੰਦੀਆਂ ਦੇ 19ਵੇਂ ਪੈਕੇਜ ਨੂੰ ਪ੍ਰਵਾਨਗੀ ਦਿੱਤੀ। ਬਰਤਾਨੀਆ ਨੇ ਦੋਵੇਂ ਤੇਲ ਕੰਪਨੀਆਂ ’ਤੇ ਪਿਛਲੇ ਹਫ਼ਤੇ ਪਾਬੰਦੀ ਲਗਾਈ ਸੀ। ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਕਿਹਾ ਕਿ ਜੇ ਰੂਸ ਫੌਰੀ ਗੋਲੀਬੰਦੀ ਲਈ ਰਾਜ਼ੀ ਨਾ ਹੋਇਆ ਤਾਂ ਹੋਰ ਸਖ਼ਤ ਕਦਮ ਚੁੱਕੇ ਜਾਣਗੇ। ਅਮਰੀਕਾ ਵੱਲੋਂ ਚੁੱਕੇ ਗਏ ਕਦਮ ਮਗਰੋਂ ਤੇਲ ਦੀਆਂ ਕੀਮਤਾਂ ’ਚ 2 ਡਾਲਰ ਪ੍ਰਤੀ ਬੈਰਲ ਤੋਂ ਵੱਧ ਦਾ ਉਛਾਲ ਦੇਖਿਆ ਗਿਆ। ਬ੍ਰੈਂਟ ਕਰੂਡ ਫਿਊਚਰਜ਼ ਵੀ ਕਰੀਬ 64 ਡਾਲਰ ਤੱਕ ਚੜ੍ਹ ਗਿਆ। ਟਰੰਪ ਨੇ ਆਪਣੀ ਨੀਤੀ ’ਚ ਵੱਡੀ ਤਬਦੀਲੀ ਕੀਤੀ ਹੈ ਜਿਸ ਨੇ ਪਹਿਲਾਂ ਜੰਗ ਲਈ ਰੂਸ ’ਤੇ ਕੋਈ ਪਾਬੰਦੀ ਨਹੀਂ ਲਗਾਈ ਸੀ। ਉਂਝ ਟਰੰਪ ਨੇ ਰੂਸ ਤੋਂ ਤੇਲ ਖਰੀਦਣ ਲਈ ਭਾਰਤ ’ਤੇ 25 ਫ਼ੀਸਦ ਵਾਧੂ ਟੈਰਿਫ ਲਗਾਇਆ ਸੀ।
Advertisement
ਜ਼ੇਲੈਂਸਕੀ ਵੱਲੋਂ ਪਾਬੰਦੀ ਦਾ ਸਵਾਗਤ
ਬ੍ਰਸੱਲਜ਼: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਅਤੇ ਯੂਰੋਪੀਅਨ ਯੂਨੀਅਨ ਦੇ ਆਗੂਆਂ ਨੇ ਅਮਰੀਕਾ ਵੱਲੋਂ ਰੂਸ ਦੀਆਂ ਦੋ ਤੇਲ ਕੰਪਨੀਆਂ ’ਤੇ ਪਾਬੰਦੀ ਲਗਾਏ ਜਾਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਸ੍ਰੀ ਜ਼ੇਲੈਂਸਕੀ ਨੇ ਕਿਹਾ ਕਿ ਉਹ ਇਸ ਦੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ ਅਤੇ ਉਮੀਦ ਹੈ ਕਿ ਇਹ ਨੀਤੀ ਕਾਰਗਰ ਸਾਬਤ ਹੋਵੇਗੀ। ਹੋਰ ਮੁਲਕਾਂ ਨੂੰ ਵੀ ਰੂਸ ’ਤੇ ਪਾਬੰਦੀਆਂ ਲਗਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਉਹ ਯੂਕਰੇਨ ’ਤੇ ਥੋਪੀ ਜੰਗ ਬੰਦ ਕਰਨ ਲਈ ਮਜਬੂਰ ਹੋ ਜਾਵੇ। -ਏਪੀ
Advertisement
