ਐੱਚ-1ਬੀ ਵੀਜ਼ਾ ਬਾਰੇ ਟਰੰਪ ਦੀ ਰਾਏ ਵਿਹਾਰਕ: ਵ੍ਹਾਈਟ ਹਾਊਸ
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੈਵਿਟ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਐੱਚ-1ਬੀ ਵੀਜ਼ਾ ਮਾਮਲੇ ’ਤੇ ‘ਬਹੁਤ ਡੂੰਘੀ ਤੇ ਵਿਹਾਰਕ ਰਾਇ’ ਹੈ ਅਤੇ ਉਹ ਅਮਰੀਕੀ ਕਰਮਚਾਰੀਆਂ ਦੀ ਥਾਂ ਹੋਰ ਮੁਲਕਾਂ ਦੇ ਕਾਮਿਆਂ ਨੂੰ ਰੁਜ਼ਗਾਰ ਦੇਣ ਦੀ ਹਮਾਇਤ ਨਹੀਂ ਕਰਦੇ। ਅਮਰੀਕੀ ਕਰਮਚਾਰੀਆਂ ਦੀ ਥਾਂ ਐੱਚ-1ਬੀ ਵੀਜ਼ਾਧਾਰਕਾਂ ਨੂੰ ਰੁਜ਼ਗਾਰ ਦੇਣ ਅਤੇ ਇਸ ’ਤੇ ਟਰੰਪ ਦੇ ਰੁਖ਼ ਬਾਰੇ ਪੁੱਛਣ ’ਤੇ ਲੈਵਿਟ ਨੇ ਕਿਹਾ ਕਿ ਇਸ ਬਾਰੇ ਰਾਸ਼ਟਰਪਤੀ ਦੇ ਰੁਖ਼ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਐੱਚ-1ਬੀ ਵੀਜ਼ਾ ਬਾਰੇ ਉਨ੍ਹਾਂ ਕਿਹਾ, ‘‘ਟਰੰਪ ਇਸ ਮੁੱਦੇ ’ਤੇ ਬਹੁਤ ਵਿਹਾਰਕ ਰਾਇ ਰੱਖਦੇ ਹਨ। ਉਹ ਦੇਖਣਾ ਚਾਹੁੰਦੇ ਹਨ ਕਿ ਕੀ ਵਿਦੇਸ਼ੀ ਕੰਪਨੀਆਂ ਅਮਰੀਕਾ ’ਚ ਖਰਬਾਂ ਡਾਲਰਾਂ ਦਾ ਨਿਵੇਸ਼ ਕਰ ਰਹੀਆਂ ਹਨ ਅਤੇ ਕੀ ਉਹ ਬੈਟਰੀ ਜਿਹੀਆਂ ਵਸਤਾਂ ਬਣਾਉਣ ਲਈ ਵਿਦੇਸ਼ੀ ਕਰਮਚਾਰੀ ਆਪਣੇ ਨਾਲ ਲਿਆ ਰਹੀਆਂ ਹਨ। ਉਹ ਇਹ ਦੇਖਣਾ ਚਾਹੁੰਦੇ ਹਨ ਕਿ ਸ਼ੁਰੂਆਤ ’ਚ ਹੀ ਉਨ੍ਹਾਂ ਨਿਰਮਾਣ ਇਕਾਈਆਂ ਤੇ ਕਾਰਖਾਨਿਆਂ ਨੂੰ ਚਾਲੂ ਕਰ ਦਿੱਤਾ ਜਾਵੇ।’’ ਉਨ੍ਹਾਂ ਕਿਹਾ ਕਿ ਟਰੰਪ ਹਮੇਸ਼ਾ ਤੋਂ ਹੀ ਅਮਰੀਕੀ ਕਰਮਚਾਰੀਆਂ ਨੂੰ ਹੀ ਇਨ੍ਹਾਂ ਨੌਕਰੀਆਂ ’ਤੇ ਦੇਖਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੇਸ਼ ’ਚ ਨਿਵੇਸ਼ ਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ਨੂੰ ਕਿਹਾ ਹੈ ਜੇ ਉਨ੍ਹਾਂ ਅਮਰੀਕਾ ’ਚ ਕਾਰੋਬਾਰ ਕਰਨਾ ਹੈ ਤਾਂ ਬਿਹਤਰ ਹੋਵੇਗਾ ਕਿ ਉਹ ਮੇਰੇ ਲੋਕਾਂ ਨੂੰ ਨੌਕਰੀ ’ਤੇ ਰੱਖਣ। ਰਾਸ਼ਟਰਪਤੀ ਦੇ ਰੁਖ਼ ਨੂੰ ਲੈ ਕੇ ਕਾਫੀ ਗਲਤਫਹਿਮੀ ਰਹੀ ਹੈ।
