ਸਿਰੇ ਨਾ ਚੜ੍ਹੀ ਟਰੰਪ-ਪੂਤਿਨ ਦੀ ਗੱਲਬਾਤ
ਅਲਾਸਕਾ ਵਿੱਚ ਦੋਵਾਂ ਨੇਤਾਵਾਂ ਦਰਮਿਆਨ ਮੀਟਿੰਗ ਮਗਰੋਂ ਪੁੂਤਿਨ ਨੇ ਦਾਅਵਾ ਕੀਤਾ ਕਿ ਯੂਕਰੇਨ ਬਾਰੇ ‘ਸਹਿਮਤੀ’ ਬਣੀ ਹੈ। ਉਨ੍ਹਾਂ ਨਾਲ ਹੀ ਯੂਰਪ ਨੂੰ ਚਿਤਾਵਨੀ ਦਿੱਤੀ ਕਿ ਉਹ ਤਰੱਕੀ ’ਚ ਕੋਈ ਰੁਕਾਵਟ ਨਾ ਪਾਵੇ।
ਪੂਤਿਨ ਦੇ ਦਾਅਵੇ ਮਗਰੋਂ ਟਰੰਪ ਨੇ ਕਿਹਾ, ‘‘ਜਦੋਂ ਤੱਕ ਕੋਈ ਸਮਝੌਤਾ ਨਹੀਂ ਹੋ ਜਾਂਦਾ, ਉਦੋਂ ਤੱਕ ਕੁੱਝ ਵੀ ਪੱਕੇ ਤੌਰ ’ਤੇ ਨਹੀਂ ਕਿਹਾ ਜਾ ਸਕਦਾ।’’
ਟਰੰਪ ਨੇ ਕਿਹਾ ਕਿ ਉਹ ਪੂਤਿਨ ਅਤੇ ਉਨ੍ਹਾਂ ਦਰਮਿਆਨ ਹੋਈ ਗੱਲਬਾਤ ਦੀ ਜਾਣਕਾਰੀ ਦੇਣ ਲਈ ਯੂਕਰੇਨ ਦੇ ਰਾਸ਼ਟਰਪਤੀ ਵਾਲੋਦੀਮੀਰ ਜ਼ੈਲੈਂਸਕੀ ਅਤੇ ਯੂਰਪੀਅਨ ਨੇਤਾਵਾਂ ਨੂੰ ਸੱਦਣਗੇ।
ਰੂਸ ਅਤੇ ਯੂਕਰੇਨ ਦਰਮਿਅਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਪੂਤਿਨ ਅਤੇ ਅਮਰੀਕੀ ਰਾਸ਼ਟਰਪਤੀ ਵਿਚਕਾਰ ਇਹ ਪਹਿਲੀ ਮੁਲਾਕਾਤ ਹੈ।
ਟਰੰਪ ਨੇ ਵਾਰ-ਵਾਰ ਯੂਕਰੇਨ ਨੂੰ ਅਮਰੀਕਾ ਦੇ ਸਮਰਥਨ ’ਤੇ ਆਪਣਾ ਇਤਰਾਜ਼ ਜਤਾ ਚੁੱਕੇ ਹਨ ਅਤੇ ਪੂਤਿਨ ਦੀ ਪ੍ਰਸ਼ੰਸਾ ਕੀਤੀ ਹੈ। ਵ੍ਹਾਈਟ ਹਾਊਸ ਵਾਪਸੀ ਦੇ ਪਹਿਲੇ ਦਿਨ ਹੀ ਉਨ੍ਹਾਂ ਵਿਸ਼ਵਾਸ ਨਾਲ ਕਿਹਾ ਸੀ ਕਿ ਉਹ ਦੋਵਾਂ ਦੇਸ਼ਾਂ ਵਿਚਕਾਰ ਜੰਗ ਖਤਮ ਕਰਵਾਉਣਗੇ। ਹਾਲਾਂਕਿ ਆਪਣੇ ਕਾਰਜਕਾਲ ਦੇ ਸੱਤ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਹ ਪੂਤਿਨ ਨੂੰ ਲੜਾਈ ਰੋਕਣ ਲਈ ਰਾਜ਼ੀ ਨਹੀਂ ਕਰ ਸਕੇ ਹਨ।
ਰੂਸ ਅਤੇ ਯੁੂਕਰੇਨ ਦਰਮਿਆਨ ਚਾਰ ਸਾਲ ਤੋਂ ਜਾਰੀ ਯੁੱਧ ਨੂੰ ਰੋਕਣ ਲਈ ਟਰੰਪ ਹਰ ਹੱਥਕੰਢਾ ਅਪਣਾ ਰਹੇ ਹਨ। ਕਦੇ ਉਹ ਰੂਸ ’ਤੇ ਸਖ਼ਤ ਆਰਥਿਕ ਪਾਬੰਦੀਆਂ ਲਗਾਉਣ ਦੀਆਂ ਧਮਕੀਆਂ ਦਿੰਦੇ ਹਨ, ਜਦੋਂ ਦੁੂਜੇ ਪਾਸੇ ਉਨ੍ਹਾਂ ਐਲਮੇਨਡੋਰਫ-ਰਿਚਰਡਸਨ ਦੇ ਜੁਆਇੰਟ ਬੇਸ ’ਤੇ ਪੂਤਿਨ ਦਾ ਨਿੱਘਾ ਸਵਾਗਤ ਵੀ ਕੀਤਾ।
ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੀਟਿੰਗ ਦੇ ਟਰੰਪ ਅਨੁਸਾਰ ਸਾਰਥਿਕ ਸਿੱਟੇ ਨਹੀਂ ਨਿਕਲੇ ਅਤੇ ਦੋਵਾਂ ਨੇਤਾਵਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ।
ਇਸ ਸਬੰਧੀ ਜਿੱਥੇ ਅਮਰੀਕੀ ਰਾਸ਼ਟਰਪਤੀ ਆਪਣੇ ਸਮਝੌਤਾ ਕਰਨ ਦੇ ਹੁਨਰ ਦਾ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ, ਉੱਥੇ ਦੂਜੇ ਪਾਸੇ ਪੂਤਿਨ ਇੱਕ ਅਜਿਹੇ ਸਮਝੌਤੇ ’ਤੇ ਗੱਲਬਾਤ ਕਰਨਾ ਚਾਹੁੰਦੇ ਸਨ ਜੋ ਰੂਸ ਦੇ ਪੱਖ ਵਿੱਚ ਹੋਵੇ, ਯੂਕਰੇਨ ਦੀ ਨਾਟੋ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਨੂੰ ਰੋਕੇ ਅਤੇ ਅੰਤ ਵਿੱਚ ਯੂਕਰੇਨ ਨੂੰ ਮਾਸਕੋ ਦੇ ਪ੍ਰਭਾਵ ਦੇ ਖੇਤਰ ਵਿੱਚ ਵਾਪਸ ਲਿਆਵੇ।
ਮੀਟਿੰਗ ਮਗਰੋਂ ਟਰੰਪ ਨੇ ਕਿਹਾ, ‘‘ਸਾਡੀ ਮੀਟਿੰਗ ਬੇਹੱਦ ਸਫ਼ਲ ਰਹੀ, ਕਈ ਮੁੱਦਿਆਂ ’ਤੇ ਸਹਿਮਤੀ ਬਣੀ ਹੈ, ਕੁੱਝ ਬਾਕੀ ਹਨ। ਕੁੱਝ ਉਨ੍ਹੇ ਮਹੱਤਵਪੂਰਨ ਨਹੀਂ ਹਨ। ਇੱਕ ਸਭ ਤੋਂ ਮਹੱਤਵਪੂਰਨ ਹੈ ਅਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਅਸੀਂ ਉਸ ਨੂੰ ਵੀ ਸੁਲਝਾ ਲਵਾਂਗੇ।’’
ਦੂਜੇ ਪਾਸੇ ਪੁੂਤਿਨ ਨੇ ਕਿਹਾ ਕਿ ਟਰੰਪ ਇਸ ਗੱਲ ਨੂੰ ਸਮਝਦੇ ਹਨ ਕਿ ਰੂਸ ਦੇ ਆਪਣੇ ਹਿੱਤ ਹਨ। ਉਨ੍ਹਾਂ ਕਿਹਾ ਕਿ ਰੂਸ ਅਤੇ ਅਮਰੀਕਾ ਨੂੰ ‘ਪੁਰਾਣਾ ਅਧਿਆਏ ਬੰਦ ਕਰਨਾ ਚਾਹੀਦਾ ਹੈ ਅਤੇ ਸਹਿਯੋਗ ਦੇ ਰਾਹ ’ਤੇ ਅੱਗੇ ਵਧਣਾ ਚਾਹੀਦਾ ਹੈ।’
ਪੂਤਿਨ ਨੇ ਟਰੰਪ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਉਹ ‘ਇਸ ਬਾਰੇ ਸਪੱਸ਼ਟ ਹਨ ਕਿ ਉਹ ਕੀ ਪ੍ਰਾਪਤ ਕਰਨਾ ਚਾਹੁੰਦੇ ਹਨ ਅਤੇ ਆਪਣੇ ਦੇਸ਼ ਦੀ ਖੁਸ਼ਹਾਲੀ ਦੀ ਪਰਵਾਹ ਕਰਦੇ ਹਨ, ਨਾਲ ਹੀ ਇਹ ਵੀ ਸਮਝਦੇ ਹਨ ਕਿ ਰੂਸ ਦੇ ਆਪਣੇ ਰਾਸ਼ਟਰੀ ਹਿੱਤ ਹਨ।’’
ਉਨ੍ਹਾਂ ਕਿਹਾ, ‘‘ਮੈਨੂੰ ਉਮੀਦ ਹੈ ਕਿ ਅੱਜ ਦੇ ਸਮਝੌਤੇ ਨਾ ਸਿਰਫ਼ ਯੂਕਰੇਨੀ ਸਮੱਸਿਆ ਦੇ ਹੱਲ ਲਈ ਇੱਕ ਸੰਦਰਭ ਬਿੰਦੂ ਬਣ ਜਾਣਗੇ, ਸਗੋਂ ਰੂਸ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਵਪਾਰਕ, ਵਿਹਾਰਕ ਸਬੰਧਾਂ ਦੀ ਬਹਾਲੀ ਦੀ ਸ਼ੁਰੂਆਤ ਵੀ ਕਰਨਗੇ।’’
ਲਗਭਗ ਢਾਈ ਤੋਂ ਤਿੰਨ ਘੰਟੇ ਤੱਕ ਚੱਲੀ ਮੀਟਿੰਗ ਵਿੱਚ ਕੋਈ ਠੋਸ ਫ਼ੈਸਲੇ ਤੱਕ ਨਾ ਪਹੁੰਚਣ ਦੇ ਬਾਵਜੂਦ ਟਰੰਪ ਨੇ ਪੂਤਿਨ ਦਾ ਧੰਨਵਾਦ ਕਰਦਿਆਂ ਕਿਹਾ, ‘‘ਅਸੀਂ ਤੁਹਾਡੇ ਨਾਲ ਬਹੁਤ ਜਲਦੀ ਗੱਲ ਕਰਾਂਗੇ ਅਤੇ ਸ਼ਾਇਦ ਤੁਹਾਨੂੰ ਬਹੁਤ ਜਲਦੀ ਦੁਬਾਰਾ ਮਿਲਾਂਗੇ।’’ ਜਦੋਂ ਪੂਤਿਨ ਨੇ ਮੁਸਕਰਾਉਂਦਿਆਂ ਕਿਹਾ, ‘‘ਅਗਲੀ ਵਾਰ ਮਾਸਕੋ ਵਿੱਚ,’’ ਟਰੰਪ ਨੇ ਕਿਹਾ, ‘‘ਇਹ ਦਿਲਚਸਪ ਹੈ।’’