ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੁਨੀਆ ਵਿੱਚ ਹਰ ਸਾਲ ਦੋ ਮਹੀਨੇ ਜ਼ਿਆਦਾ ਗਰਮੀ ਪਵੇਗੀ

ਕਾਰਬਨ ਦੀ ਸਭ ਤੋਂ ਵੱਧ ਨਿਕਾਸੀ ਕਰਨ ਵਾਲੇ ਦੇਸ਼ਾਂ ਨੂੰ ਝੱਲਣੀ ਪਵੇਗੀ ਘੱਟ ਮਾਰ
Advertisement

ਦੁਨੀਆ ਇਸ ਸਦੀ ਦੇ ਅਖ਼ੀਰ ਤੱਕ ਹਰ ਸਾਲ ਲਗਪਗ ਦੋ ਮਹੀਨੇ ਕਾਫੀ ਜ਼ਿਆਦਾ ਗਰਮ ਦਿਨਾਂ ਦਾ ਸਾਹਮਣਾ ਕਰੇਗੀ ਅਤੇ ਇਸ ਦਾ ਸਭ ਤੋਂ ਵੱਧ ਅਸਰ ਛੋਟੇ ਤੇ ਗਰੀਬ ਦੇਸ਼ਾਂ ’ਤੇ ਪਵੇਗਾ; ਕਾਰਬਨ ਦੀ ਸਭ ਤੋਂ ਵੱਧ ਨਿਕਾਸੀ ਕਰਨ ਵਾਲੇ ਦੇਸ਼ਾਂ ਨੂੰ ਇਸ ਦੀ ਮਾਰ ਘੱਟ ਝੱਲਣੀ ਪਵੇਗੀ। ਇਹ ਦਾਅਵਾ ਅੱਜ ਜਾਰੀ ਨਵੇਂ ਅਧਿਐਨ ਵਿੱਚ ਕੀਤਾ ਗਿਆ ਹੈ।

ਸਾਲ 2015 ਤੋਂ ਹੁਣ ਤੱਕ ਦੁਨੀਆ ਵਿੱਚ ਔਸਤ 11 ਕਾਫੀ ਜ਼ਿਆਦਾ ਗਰਮ ਦਿਨ ਵਧ ਚੁੱਕੇ ਹਨ ਜੋ ਸਿਹਤ ਲਈ ਖ਼ਤਰਨਾਕ ਹਨ। ਅਧਿਐਨ ਮੁਤਾਬਿਕ, ਛੋਟੇ ਦੀਪ ਅਤੇ ਸਮੁੰਦਰ ’ਤੇ ਨਿਰਭਰ ਦੇਸ਼ ਜਿਵੇਂ ਸੋਲੋਮਨ ਦੀਪ, ਸਮੋਆ, ਪਨਾਮਾ ਤੇ ਇੰਡੋਨੇਸ਼ੀਆ ਨੂੰ ਸਭ ਤੋਂ ਵੱਧ ਨੁਕਸਾਨ ਹੋਵੇਗਾ। ਪਨਾਮਾ ਨੂੰ 149 ਵਾਧੂ ਗਰਮ ਦਿਨਾਂ ਦਾ ਸਾਹਮਣਾ ਕਰਨਾ ਹੋਵੇਗਾ। ਇਸ ਦੇ ਉਲਟ ਅਮਰੀਕਾ, ਚੀਨ ਤੇ ਭਾਰਤ ਵਰਗੇ ਕਾਰਬਨ ਨਿਕਾਸੀ ਵਾਲੇ ਮੁੱਖ ਦੇਸ਼ਾਂ ਵਿੱਚ ਸਿਰਫ਼ 20 ਤੋਂ 30 ਵਾਧੂ ਗਰਮ ਦਿਨ ਵਧਣਗੇ। ਇਹ ਹਵਾ ਵਿੱਚ 42 ਫੀਸਦ ਕਾਰਬਨ ਡਾਈਆਕਸਾਈਡ ਲਈ ਜ਼ਿੰਮੇਵਾਰ ਹਨ ਪਰ ਇਨ੍ਹਾਂ ਦੇਸ਼ਾਂ ਵਿੱਚ ਕੁੱਲ ਵਧੇ ਦਿਨਾਂ ਵਿੱਚੋਂ ਇੱਕ ਫ਼ੀਸਦ ਦਿਨ ਹੀ ਵਧੇਰੇ ਗਰਮ ਰਹਿਣਗੇ।

Advertisement

ਪੈਰਿਸ ਜਲਵਾਯੂ ਸਮਝੌਤੇ ਨੇ ਗੰਭੀਰ ਹਾਲਾਤ ਨੂੰ ਰੋਕਿਆ

2015 ਦੇ ਪੈਰਿਸ ਜਲਵਾਯੂ ਸਮਝੌਤੇ ਬਾਅਦ ਕਾਰਬਨ ਦੀ ਨਿਕਾਸੀ ਘੱਟ ਕਰਨ ਦੀਆਂ ਕੋਸ਼ਿਸ਼ਾਂ ਨੇ ਗੰਭੀਰ ਹਾਲਾਤ ਨੂੰ ਕੁਝ ਹੱਦ ਤੱਕ ਰੋਕਿਆ ਹੈ। ਅਧਿਐਨ ਮੁਤਾਬਿਕ, ਜੇ ਇਹ ਸਮਝੌਤਾ ਨਾ ਹੋਇਆ ਹੁੰਦਾ ਤਾਂ ਧਰਤੀ ਨੂੰ ਹਰ ਸਾਲ 114 ਹੋਰ ਘਾਤਕ ਗਰਮ ਦਿਨਾਂ ਦਾ ਸਾਹਮਣਾ ਕਰਨਾ ਪੈਂਦਾ। ‘ਵਰਲਡ ਵੈਦਰ ਐਟ੍ਰੀਬਿਊਸ਼ਨ’ ਅਤੇ ਅਮਰੀਕਾ ਸਥਿਤ ‘ਕਲਾਈਮੇਟ ਸੈਂਟਰਲ’ ਦੇ ਵਿਗਿਆਨੀਆਂ ਨੇ ਵੱਖ-ਵੱਖ ਮਾਡਲਾਂ ਦੀ ਅਸਲ ਸਮੇਂ ਨਾਲ ਤੁਲਨਾ ਕਰਦੇ ਹੋਏ ਕੰਪਿਊਟਰ ਰਾਹੀਂ ਇਹ ਗਣਨਾ ਕੀਤੀ ਹੈ ਕਿ ਪੈਰਿਸ ਸਮਝੌਤੇ ਨਾਲ ਕਿੰਨੀ ਰਾਹਤ ਮਿਲੀ ਹੈ। ਅਧਿਐਨ ਮੁਤਾਬਿਕ, ਜੇ ਸਾਰੇ ਦੇਸ਼ ਆਪਣੇ ਵਾਅਦੇ ਪੂਰਾ ਕਰਦੇ ਹਨ ਅਤੇ ਸਾਲ 2100 ਤੱਕ ਤਾਪਮਾਨ 2.6 ਡਿਗਰੀ ਸੈਲਸੀਅਸ ਤੱਕ ਵਧਦਾ ਹੈ ਤਾਂ ਦੁਨੀਆ ਨੂੰ ਹੁਣ ਦੇ ਮੁਕਾਬਲੇ 57 ਵਾਧੂ ਜ਼ਿਆਦਾ ਗਰਮ ਦਿਨ ਝੱਲਣੇ ਪੈਣਗੇ। ਕਲਾਈਮੇਟ ਸੈਂਟਰਲ ਦੀ ਵਿਗਿਆਨੀ ਕ੍ਰਿਸਟਿਨਾ ਡਾਹਲ ਨੇ ਕਿਹਾ, ‘‘ਜਲਵਾਯੂ ਤਬਦੀਲੀ ਨਾਲ ਨੁਕਸਾਨ ਤਾਂ ਹੋਵੇਗਾ ਪਰ ਇਹ ਤਰੱਕੀ ਦਿਖਾਉਂਦੀ ਹੈ ਕਿ ਪਿਛਲੇ 10 ਸਾਲਾਂ ਵਿੱਚ ਕੀਤੀਆਂ ਕੋਸ਼ਿਸ਼ਾਂ ਕਿੰਨੀਆਂ ਅਸਰਦਾਰ ਰਹੀਆਂ ਹਨ।’’

ਅੱਗ ਲੱਗਣ ਦੀਆਂ ਘਟਨਾਵਾਂ ਵਧਣ ਲੱਗੀਆਂ

ਮੈਲਬਰਨ: ਆਸਟਰੇਲੀਆ ਦੀ ਮੈਲਬਰਨ ਯੂਨੀਵਰਸਿਟੀ ਦੇ ਸੀਨੀਅਰ ਰਿਸਰਚ ਫੈਲੋ ਹੈਮਿਸ਼ ਕਲਾਰਕ ਦਾ ਕਹਿਣਾ ਹੈ, ‘‘ਧਰਤੀ ਦੇ ਫੇਫੜੇ ਅਖਵਾਉਣ ਵਾਲੇ ਐਮਾਜ਼ੋਨ ਦੇ ਸੰਘਣੇ ਜੰਗਲਾਂ ਵਿੱਚ ਉੱਠਦੇ ਧੂੰਏਂ ਦੀਆਂ ਚਿੰਤਾ ਪੈਦਾ ਕਰਨ ਵਾਲੀਆਂ ਤਸਵੀਰਾਂ ਅਸੀਂ ਸਾਰਿਆਂ ਨੇ ਦੇਖੀਆਂ ਹਨ। ਜੇਕਰ ਤੁਹਾਨੂੰ ਲੱਗਦਾ ਹੈ ਕਿ ਪਿਛਲੇ ਸਾਲ ਜੰਗਲ ਦੀਆਂ ਅੱਗਾਂ ਅਤੇ ਉਨ੍ਹਾਂ ਦੇ ਪ੍ਰਭਾਵ ਵਧੇਰੇ ਖ਼ਤਰਨਾਕ ਸਨ ਤਾਂ ਤੁਸੀਂ ਸਹੀ ਹੋ।’’ ਉਨ੍ਹਾਂ ਕਿਹਾ, ‘‘ਸਾਡੀ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਜਲਵਾਯੂ ਤਬਦੀਲੀ ਨੇ ਦੁਨੀਆ ਵਿੱਚ ਜੰਗਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਧਾ ਦਿੱਤੀਆਂ ਹਨ।’’

Advertisement
Show comments