ਪੂਤਿਨ ’ਤੇ ਦਬਾਅ ਲਈ ਸਖ਼ਤ ਕਦਮ ਚੁੱਕਣ ਦੀ ਲੋੜ: ਜ਼ੇਲੈਂਸਕੀ
ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅਮਰੀਕਾ, ਯੂਰੋਪ, ਜੀ-20 ਅਤੇ ਜੀ-7 ਮੁਲਕਾਂ ਨੂੰ ਅਪੀਲ ਕੀਤੀ ਕਿ ਲੋਕਾਂ ਦੀਆਂ ਜਾਨਾਂ ਬਚਾਉਣ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ‘ਐਕਸ’ ’ਤੇ ਪੋਸਟ ’ਚ ਸ੍ਰੀ ਜ਼ੇਲੈਂਸਕੀ ਨੇ ਕਿਹਾ ਕਿ ਪੂਤਿਨ ਨੂੰ ਬਿਆਨਾਂ ਨਾਲ ਨਹੀਂ ਰੋਕਿਆ ਜਾ ਸਕਦਾ ਹੈ ਅਤੇ ਉਸ ’ਤੇ ਦਬਾਅ ਪਾਉਣ ਦੀ ਲੋੜ ਹੈ। ਦੁਨੀਆ ਦੇਖ ਰਹੀ ਹੈ ਕਿ ਰੂਸ ਤਾਕਤਵਰਾਂ ਤੋਂ ਡਰਦਾ ਹੈ ਅਤੇ ਉਸ ਨੂੰ ਤਾਕਤ ਰਾਹੀਂ ਝੁਕਾ ਕੇ ਹੀ ਸ਼ਾਂਤੀ ਕਾਇਮ ਕੀਤੀ ਜਾ ਸਕਦੀ ਹੈ। ਯੂਕਰੇਨ ਕਦੇ ਵੀ ਹਮਲਾਵਰਾਂ ਨੂੰ ਬਖ਼ਸ਼ੇਗਾ ਨਹੀਂ ਅਤੇ ਅਸੀਂ ਆਪਣੇ ਭਾਈਵਾਲਾਂ ’ਤੇ ਭਰੋਸਾ ਕਰਦੇ ਹਾਂ ਕਿ ਉਹ ਵੀ ਡਟੇ ਰਹਿਣਗੇ। ਉਨ੍ਹਾਂ ਕਿਹਾ ਕਿ ਜ਼ਿੰਦਗੀਆਂ ਨੂੰ ਬਚਾਇਆ ਜਾਣਾ ਚਾਹੀਦਾ ਹੈ ਅਤੇ ਜੋ ਵੀ ਇਸ ਕੋਸ਼ਿਸ਼ ’ਚ ਸਾਥ ਦੇ ਰਿਹਾ ਹੈ, ਉਹ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਰੂਸ ’ਤੇ ਹਵਾਈ ਹਮਲਿਆਂ ਰਾਹੀਂ ਲੋਕਾਂ ਨੂੰ ਡਰਾਉਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਮਾਸਕੋ ਦਾ ਜੰਗ ਖ਼ਤਮ ਦਾ ਕੋਈ ਇਰਾਦਾ ਨਹੀਂ ਜਾਪਦਾ। ਯੂਕਰੇਨ ਜੰਗ ਨਹੀਂ ਚਾਹੁੰਦਾ ਸੀ ਅਤੇ ਉਹ ਬਿਨਾਂ ਸ਼ਰਤ ਗੋਲੀਬੰਦੀ ਲਈ ਰਾਜ਼ੀ ਹੋ ਗਏ ਸਨ ਤਾਂ ਜੋ ਸ਼ਾਂਤੀ ਹੋ ਸਕੇ।