ਸੰਭਲ ਹਿੰਸਾ: ਤਿੰਨ ਮੈਂਬਰੀ ਕਮੇਟੀ ਨੇ ਆਦਿੱਤਿਆਨਾਥ ਨੂੰ ਸੌਂਪੀ ਰਿਪੋਰਟ
ਅਰੋੜਾ ਸਣੇ ਪੈਨਲ ਵਿੱਚ ਸ਼ਾਮਲ ਸੇਵਾਮੁਕਤ ਆਈਪੀਐੱਸ ਅਧਿਕਾਰੀ ਅਰਵਿੰਦ ਕੁਮਾਰ ਜੈਨ ਅਤੇ ਸਾਬਕਾ ਆਈਏਐੱਸ ਅਧਿਕਾਰੀ ਅਮਿਤ ਮੋਹਨ ਪ੍ਰਸਾਦ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਪਿਛਲੇ ਸਾਲ 24 ਨਵੰਬਰ ਨੂੰ ਸੰਭਲ ਵਿੱਚ ਸ਼ਾਹੀ ਜਾਮਾ ਮਸਜਿਦ ਨੇੜੇ ਭੜਕੀ ਹਿੰਸਾ ’ਤੇ ਆਪਣੀ ਰਿਪੋਰਟ ਸੌਂਪੀ, ਜਿਸ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ।
ਪ੍ਰਿੰਸੀਪਲ ਸਕੱਤਰ (ਗ੍ਰਹਿ) ਸੰਜੈ ਪ੍ਰਸਾਦ ਨੇ ਦੱਸਿਆ, ‘‘ਸੰਭਲ ਘਟਨਾ ਦੀ ਜਾਂਚ ਲਈ ਗਠਿਤ ਨਿਆਂਇਕ ਕਮਿਸ਼ਨ ਨੇ ਮੁੱਖ ਮੰਤਰੀ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ।’’
ਉਨ੍ਹਾਂ ਰਿਪੋਰਟ ਬਾਰੇ ਵਿਸਥਾਰ ’ਚ ਗੱਲ ਕਰਦਿਆਂ ਕਿਹਾ, ‘‘ਅਸੀਂ ਰਿਪੋਰਟ ਦੇ ਅਧਿਐਨ ਤੋਂ ਬਾਅਦ ਹੀ ਕੁੱਝ ਦੱਸ ਸਕਦੇ ਹਾਂ। ਅਗਲੀ ਕਾਰਵਾਈ ਇਸੇ ਆਧਾਰ ’ਤੇ ਕੀਤੀ ਜਾਵੇਗੀ।’’
ਇਹ ਵਿਵਾਦ ਪਿਛਲੇ ਸਾਲ 19 ਨਵੰਬਰ ਦਾ ਹੈ, ਜਦੋਂ ਹਿੰਦੂ ਪਟੀਸ਼ਨਰਾਂ, ਜਿਨ੍ਹਾਂ ਵਿੱਚ ਵਕੀਲ ਹਰੀ ਸ਼ੰਕਰ ਜੈਨ ਅਤੇ ਵਿਸ਼ਨੂੰ ਸ਼ੰਕਰ ਜੈਨ ਸ਼ਾਮਲ ਸਨ, ਨੇ ਸੰਭਲ ਜ਼ਿਲ੍ਹਾ ਅਦਾਲਤ ਵਿੱਚ ਇੱਕ ਮੁਕੱਦਮਾ ਦਾਇਰ ਕੀਤਾ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸ਼ਾਹੀ ਜਾਮਾ ਮਸਜਿਦ ਇੱਕ ਮੰਦਰ ਉੱਤੇ ਬਣੀ ਸੀ।
ਅਦਾਲਤ ਦੇ ਹੁਕਮਾਂ ਅਨੁਸਾਰ ਉਸੇ ਦਿਨ (19 ਨਵੰਬਰ) ਇੱਕ ਸਰਵੇਖਣ ਕੀਤਾ ਗਿਆ ਸੀ, ਜਿਸ ਤੋਂ ਬਾਅਦ 24 ਨਵੰਬਰ ਨੂੰ ਇੱਕ ਹੋਰ ਸਰਵੇਖਣ ਕੀਤਾ ਗਿਆ ਸੀ। 24 ਨਵੰਬਰ ਨੂੰ ਦੂਜੇ ਸਰਵੇਖਣ ਨੇ ਸੰਭਲ ਵਿੱਚ ਕਾਫ਼ੀ ਅਸ਼ਾਂਤੀ ਪੈਦਾ ਕਰ ਦਿੱਤੀ, ਜਿਸ ਦੇ ਨਤੀਜੇ ਵਜੋਂ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 29 ਪੁਲੀਸ ਵਾਲੇ ਜ਼ਖ਼ਮੀ ਹੋ ਗਏ।
ਪੁਲੀਸ ਨੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ Ziaur Rahman Barq ਅਤੇ ਮਸਜਿਦ ਕਮੇਟੀ ਮੁਖੀ ਜ਼ਫ਼ਰ ਅਲੀ ਨੂੰ ਮਾਮਲੇ ’ਚ ਨਾਮਜ਼ਦ ਕੀਤਾ ਸੀ। ਇਸ ਤੋਂ ਇਲਾਵਾ 2,750 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ।