ਹਮਲਿਆਂ ਲਈ ਪੱਕੇ ਨਿਸ਼ਾਨੇ ਵਾਲੇ ਡਰੋਨ ਵਰਤ ਰਿਹੈ ਰੂਸ
ਰੂਸ ਵੱਲੋਂ ਯੂਕਰੇਨ ਦੇ ਰੇਲ ਨੈੱਟਵਰਕ ਨੂੰ ਨਿਸ਼ਾਨਾ ਬਣਾਉਣ ਲਈ ਪੱਕੇ ਨਿਸ਼ਾਨੇ ਵਾਲੇ ਡਰੋਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਡਰੋਨ ਲੰਬੀ ਦੂਰੀ ਤੱਕ ਵਧੇਰੇ ਪੱਕੇ ਨਿਸ਼ਾਨੇ ਲਗਾਉਂਦੇ ਹਨ।
ਇਸ ਮਹੀਨੇ ਦੇ ਸ਼ੁਰੂ ਵਿੱਚ ਰੂਸ ਵੱਲੋਂ ਡਰੋਨਾਂ ਰਾਹੀਂ ਉੱਤਰ-ਪੂਰਬੀ ਯੂਕਰੇਨ ਦੇ ਸ਼ੋਸਤਕਾ ਰੇਲਵੇ ਸਟੇਸ਼ਨ ’ਤੇ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ 71 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਅੱਠ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਹਮਲਿਆਂ ਵਿੱਚ ਰੇਲਗੱਡੀਆਂ ਦੀਆਂ ਬੋਗੀਆਂ ਬੁਰੀ ਤਰ੍ਹਾਂ ਝੁਲਸ ਗਈਆਂ। ਯੂਕਰੇਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਮਲੇ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀ ਰੂਸ ਦੀ ਵਿਆਪਕ ਰਣਨੀਤੀ ਦਾ ਹਿੱਸਾ ਹਨ। ਇਨ੍ਹਾਂ ਡਰੋਨਾਂ ਵਿੱਚ ਆਨਬੋਰਡ ਵੀਡੀਓ ਫੀਡ ਸ਼ਾਮਲ ਹੈ, ਜਿਸ ਕਾਰਨ ਪੱਕੇ ਨਿਸ਼ਾਨੇ ਲਗਾਏ ਜਾ ਸਕਦੇ ਹਨ। ਰੂਸ ਦੀ ਸਰਹੱਦ ਤੋਂ 70 ਕਿਲੋਮੀਟਰ ਤੋਂ ਵੀ ਘੱਟ ਦੂਰੀ ’ਤੇ ਸਥਿਤ ਸ਼ੋਸਤਕਾ ਵਿੱਚ ਧਮਾਕਾਖੇਜ਼ ਸਮੱਗਰੀ ਨਾਲ ਲੈਸ ਦੋ ਡਰੋਨਾਂ ਨੇ ਲਗਾਤਾਰ ਦੋ ਯਾਤਰੀ ਰੇਲਗੱਡੀਆਂ ’ਤੇ ਹਮਲੇ ਕੀਤੇ। ਯੂਕਰੇਨ ਰੇਲਵੇ ਦੇ ਸੀ ਈ ਓ ਓਲੈਗਜ਼ੈਂਡਰ ਪਰਤਸੋਵਸਕੀ ਨੇ ਦੱਸਿਆ ਕਿ ਰੂਸ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਰੇਲ ਨੈੱਟਵਰਕ ’ਤੇ ਹਮਲੇ ਤੇਜ਼ ਕੀਤੇ ਹਨ, ਜਿਸ ਨਾਲ ਉਹ ਸਰਹੱਦੀ ਖੇਤਰਾਂ ਵਿੱਚ ਰੇਲ ਸੰਪਰਕ ਤਬਾਹ ਕਰ ਕੇ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਯੂਕਰੇਨੀ ਰੇਲਵੇ ਪ੍ਰਬੰਧਕਾਂ ਨੇ ਤੁਰੰਤ ਮੁਰੰਮਤ ਕਰਨ ਅਤੇ ਵਾਰ-ਵਾਰ ਹਮਲਿਆਂ ਦੇ ਬਾਵਜੂਦ ਹੁਣ ਤੱਕ ਰੇਲਗੱਡੀਆਂ ਚਾਲੂ ਰੱਖਣ ਦਾ ਦਾਅਵਾ ਕੀਤਾ ਹੈ, ਪਰ ਅਧਿਕਾਰੀ ਅਤੇ ਵਿਸ਼ਲੇਸ਼ਕ ਚਿਤਾਵਨੀ ਦੇ ਰਹੇ ਹਨ ਕਿ ਰੂਸੀ ਡਰੋਨ ਸਮਰੱਥਾਵਾਂ ਵਿੱਚ ਹੋ ਰਹੀ ਤਰੱਕੀ ਅਤੇ ਹਮਲਿਆਂ ਦੀ ਵਧਦੀ ਰਫ਼ਤਾਰ ਗੰਭੀਰ ਖ਼ਤਰਾ ਪੈਦਾ ਕਰ ਰਹੀ ਹੈ।