ਪੰਜਾਬੀ ਕਮਿਊਨਿਟੀ ਕਲੱਬ ਵੱਲੋਂ ਐਵਾਰਡ ਸਮਾਗਮ
ਸਮਾਗਮ ਦੀ ਸ਼ੁਰੂਆਤ ਰਵਾਇਤੀ ਪੰਜਾਬੀ ਲੋਕ ਨਾਚਾਂ ਨਾਲ ਹੋਈ। ਬੱਚਿਆਂ, ਨੌਜਵਾਨਾਂ ਅਤੇ ਵੱਡਿਆਂ ਨੇ ਗਿੱਧਾ, ਭੰਗੜਾ ਅਤੇ ਹੋਰ ਸੱਭਿਆਚਾਰਕ ਕਰਤੱਬ ਦਿਖਾਏ। ਸਮਾਰੋਹ ਦੌਰਾਨ ਕਲੱਬ ਵੱਲੋਂ ਵਿਸ਼ੇਸ਼ ਐਵਾਰਡ ਸਮਾਰੋਹ ‘ਚ ਵੱਖ-ਵੱਖ ਸ਼੍ਰੇਣੀਆਂ, ਜਿਵੇਂ ਕਮਿਊਨਿਟੀ ਸੇਵਾ, ਖੇਡਾਂ, ਸੱਭਿਆਚਾਰ ਤੇ ਸਮਾਜ ਸੇਵਾ ਵਿੱਚ ਚੰਗਾ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਸਥਾਨਕ ਸਿਆਸੀ ਲੀਡਰਾਂ ਨੇ ਸਟੇਜ ’ਤੇ ਆ ਕੇ ਜੇਤੂਆਂ ਨੂੰ ਮੈਡਲ, ਟਰਾਫੀਆਂ ਅਤੇ ਸਨਮਾਨ ਪੱਤਰ ਭੇਟ ਕੀਤੇ। ਕਲੱਬ ਦੇ ਪ੍ਰਬੰਧਕ ਦੀਪਿੰਦਰ ਦੀਪਾ, ਡਾ. ਪ੍ਰਵੀ ਸਿੰਘ, ਸੈਮ ਧਾਲੀਵਾਲ, ਰੌਕੀ ਭੁੱਲਰ, ਹੈਪੀ ਧਾਮੀ ਅਤੇ ਬਲਵਿੰਦਰ ਸਿੰਘ ਨੇ ਸਾਰੇ ਸਹਿਯੋਗੀਆਂ, ਪ੍ਰਦਰਸ਼ਨਕਾਰੀਆਂ, ਸਪਾਂਸਰਾਂ ਤੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਸਮਾਜ ਵਿੱਚ ਭਾਈਚਾਰਕ ਏਕਤਾ ਮਜ਼ਬੂਤ ਹੁੰਦੀ ਹੈ। ਸਮਾਗਮ ਵਿੱਚ ਕਮਿਊਨਿਟੀ ਮੈਂਬਰਾਂ ਦੇ ਪਰਿਵਰਾਂ ਨੇ ਇੱਕ ਦੂਜੇ ਨਾਲ ਸਾਂਝ ਪਾਈ, ਤਸਵੀਰਾਂ ਖਿਚਵਾਈਆਂ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਣਿਆ। ਕਮਿਊਨਿਟੀ ਮੈਂਬਰਾਂ ਅਨੁਸਾਰ ਇਹ ਸਮਾਗਮ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਲਈ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਅਤੇ ਨਵੀਂ ਪੀੜ੍ਹੀ ਨੂੰ ਸੱਭਿਆਚਾਰ ਸਿਖਾਉਣ ਦਾ ਮਜ਼ਬੂਤ ਮੰਚ ਹੈ।
