ਰਾਸ਼ਟਰਪਤੀ ਟਰੰਪ ਨੇ ਸੋਮਾਲੀਆ ਦੇ ਪਰਵਾਸੀਆਂ ਨੂੰ ‘ਕੂੜਾ’ ਆਖਿਆ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਾਲੀ ਪਰਵਾਸੀਆਂ ਖ਼ਿਲਾਫ਼ ਸਖ਼ਤ ਰਵੱਈਆ ਅਖ਼ਤਿਆਰ ਕਰ ਲਿਆ ਹੈ। ਉਨ੍ਹਾਂ ਸੱਤ ਸਕਿੰਟ ’ਚ ਚਾਰ ਵਾਰ ਸੋਮਾਲੀ ਪਰਵਾਸੀਆਂ ਨੂੰ ‘ਕੂੜਾ’ ਆਖਿਆ। ਅਸਲ ’ਚ ਟਰੰਪ ਵੱਲੋਂ ਪਰਵਾਸੀਆਂ ਖ਼ਿਲਾਫ਼ ਹਮਲੇ ਉਦੋਂ ਤੋਂ ਵਧ ਰਹੇ ਹਨ ਜਦੋਂ ਉਨ੍ਹਾਂ ਦਹਾਕਾ ਪਹਿਲਾਂ ਆਪਣੇ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਮੈਕਸਿਕੋ ਸਰਹੱਦ ਪਾਰ ਤੋਂ ‘ਰੇਪਿਸਟਾਂ’ ਨੂੰ ਅਮਰੀਕਾ ਭੇਜ ਰਿਹਾ ਹੈ। ਉਨ੍ਹਾਂ ਦੇ ਬਿਆਨ ਦੀ ਤੁਲਨਾ ਜਰਮਨ ਤਾਨਾਸ਼ਾਹ ਅਡੋਲਫ ਹਿਟਲਰ ਨਾਲ ਕੀਤੀ ਜਾ ਰਹੀ ਹੈ ਜਿਸ ਨੇ 34 ਅਫਰੀਕੀ ਮੁਲਕਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤੀ ਸੀ। ਕੈਬਨਿਟ ਮੰਤਰੀਆਂ ਦੀ ਮੀਟਿੰਗ ਦੌਰਾਨ ਟਰੰਪ ਨੇ ਕਿਹਾ ਕਿ ਉਹ ਅਮਰੀਕਾ ’ਚ ਸੋਮਾਲੀਅਨ ਲੋਕ ਨਹੀਂ ਚਾਹੁੰਦੇ ਅਤੇ ਉਹ ਜਿਥੋਂ ਆਏ ਹਨ, ਉਨ੍ਹਾਂ ਨੂੰ ਉਥੇ ਵਾਪਸ ਭੇਜਿਆ ਜਾਵੇ। ਉਪ ਰਾਸ਼ਟਰਪਤੀ ਜੇ ਡੀ ਵਾਂਸ ਨੇ ਵੀ ਉਨ੍ਹਾਂ ਦੀ ਹਮਾਇਤ ਕੀਤੀ। ਰੱਖਿਆ ਮੰਤਰੀ ਪੀਟ ਹੇਗਸੇਥ ਨੇ ਟਰੰਪ ਦੇ ਬਿਆਨ ਨੂੰ ਬਹੁਤ ਵਧੀਆ ਕਰਾਰ ਦਿੱਤਾ। ਮਿਨੇਸੋਟਾ ਸੂਬੇ ਦੇ ਡੈਮੋਕਰੈਟਿਕ ਪਾਰਟੀ ਦੇ ਗਵਰਨਰ ਟਿਮ ਵਾਲਜ਼ ਨੇ ਟਰੰਪ ਦੇ ਬਿਆਨ ਦੀ ਨਿਖੇਧੀ ਕਰਦਿਆਂ ਇਸ ਨੂੰ ਭੱਦਾ ਦੱਸਿਆ। ਕਈ ਬੁੱਧੀਜੀਵੀਆਂ ਨੇ ਵੀ ਟਰੰਪ ਦੇ ਬਿਆਨ ਦੀ ਆਲੋਚਨਾ ਕੀਤੀ ਹੈ।
