ਅਪਰੇਸ਼ਨ ਸਿੰਧੂਰ ਮਗਰੋਂ ਦਹਿਸ਼ਤਗਰਦਾਂ ਲਈ ਕੋਈ ਥਾਂ ਸੁਰੱਖਿਅਤ ਨਹੀਂ: ਸ਼ਾਹ
ਅਤਿਵਾਦ ਵਿਰੋਧੀ ‘ਬਲੈਕ ਕੈਟ’ ਕਮਾਂਡੋ ਫੋਰਸ ਨੈਸ਼ਨਲ ਸਕਿਉਰਿਟੀ ਗਾਰਡ (ਐੱਨ ਐੱਸ ਜੀ) ਦੇ 41ਵੇਂ ਸਥਾਪਨਾ ਦਿਵਸ ਮੌਕੇ ਇਸ ਦੇ ਹੈੱਡਕੁਆਰਟਰ ’ਚ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਇਹ ਵੀ ਆਖਿਆ ਕਿ ਭਾਰਤੀ ਸੁਰੱਖਿਆ ਬਲ ਪਤਾਲ ’ਚ ਜਾ ਕੇ ਵੀ ਦਹਿਸ਼ਤੀ ਸਰਗਰਮੀਆਂ ਲਈ ਸਜ਼ਾ ਦੇਣ ਲਈ ਦ੍ਰਿੜ ਹਨ। ਐੱਨ ਐੱਸ ਜੀ ਦੀ ਸਥਾਪਨਾ 1984 ਵਿੱਚ ਕੀਤੀ ਗਈ ਸੀ ਤੇ ਮੌਜੂਦਾ ਸਮੇਂ ਇਸ ਦੇ ਪੰਜ ਕੇਂਦਰ ਮੁੰਬਈ, ਚੇਨੱਈ, ਕੋਲਕਾਤਾ, ਹੈਦਰਾਬਾਦ ਤੇ ਗਾਂਧੀਨਗਰ ਵਿੱਚ ਹਨ।
ਉਨ੍ਹਾਂ ਕਿਹਾ, ‘‘ਅਪਰੇਸ਼ਨ ਸਿੰਧੂਰ ਨੇ ਪਾਕਿਸਤਾਨ ’ਚ ਦਹਿਸ਼ਤਗਰਦਾਂ ਦੇ ਹੈੱਡਕੁਆਰਟਰਾਂ, ਸਿਖਲਾਈ ਕੇਂਦਰਾਂ ਤੇ ਲਾਂਚਪੈਡਾਂ ਦੀ ਤਬਾਹ ਕੀਤਾ ਹੈ। ਆਪਰੇਸ਼ਨ ਮਹਾਦੇਵ ਵਿੱਚ ਸਾਡੇ ਸੁਰੱਖਿਆ ਬਲਾਂ ਨੇ ਪਹਿਲਗਾਮ ਹਮਲੇ ’ਚ ਸ਼ਾਮਿਲ ਦਹਿਸ਼ਤਗਰਦਾਂ ਨੂੰ ਖਤਮ ਕਰਨ ਲਈ ਸਟੀਕ ਕਾਰਵਾਈ ਕੀਤੀ। ਇਸ ਨਾਲ ਦੇਸ਼ ਵਾਸੀਆਂ ਦਾ ਸੁਰੱਖਿਆ ਬਲਾਂ ’ਚ ਭਰੋਸਾ ਵਧਿਆ ਹੈ।’’ ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ’ਚ ਦਹਿਸ਼ਤੀ ਹਮਲੇ ਜਿਸ ਵਿੱਚ ਸੈਲਾਨੀ ਮਾਰੇ ਗਏ ਸਨ, ਮਗਰੋਂ ਭਾਰਤ ਨੇ ਅਪਰੇਸ਼ਨ ਸਿੰਧੂਰ ਤਹਿਤ ਮਈ ਮਹੀਨੇ ਪਾਕਿਸਤਾਨ ’ਚ ਅਤਿਵਾਦੀਆਂ ਦੇ ਬੁਨਿਆਦੀ ਢਾਂਚੇ ਅਤੇ ਰੱਖਿਆ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਸੀ।
ਗ੍ਰਹਿ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦਹਿਸ਼ਤਗਰਦੀ ਖ਼ਿਲਾਫ਼ ‘ਬਰਦਾਸ਼ਤ ਨਹੀਂ’ ਦੀ ਨੀਤੀ ਅਪਣਾਈ ਹੈ। ਸਰਕਾਰ ਨੇ 2019 ਤੋਂ ਲੇ ਕੇ ਹੁਣ ਤੱਕ ਦੇਸ਼ ਦੀ ਸੁਰੱਖਿਆ ਲਈ ਕਈ ਕਦਮ ਚੁੱਕੇ ਹਨ, ਜਿਨ੍ਹਾਂ ’ਚ ਯੂ ਏ ਪੀ ਏ ਤੇ ਕੌਮੀ ਜਾਂਚ ਏਜੰਸੀ ਕਾਨੂੰਨ ’ਚ ਸੋਧਾਂ ਸ਼ਾਮਲ ਹਨ।
ਉਨ੍ਹਾਂ ਆਖਿਆ ਕਿ ਲੰਘੇ ਕੁਝ ਵਰ੍ਹਿਆਂ ’ਚ ਐੱਨ ਐੱਸ ਜੀ ਨੇ ਮੁਲਕ ’ਚ ਸੰਗਠਤ ਅਪਰਾਧ ਤੇ ਅਤਿਵਾਦ ਖ਼ਿਲਾਫ਼ ਅਹਿਮ ਲੜਾਈ ਲੜੀ ਹੈ। ਐੱਨ ਐੱਸ ਜੀ ਨੇ 1984 ਤੋਂ ਲੈ ਕੇ ਕਈ ਗੰਭੀਰ ਹਮਲਿਆਂ ਤੋਂ ਬਹਾਦਰੀ ਨਾਲ ਦੇਸ਼ ਦੀ ਰੱਖਿਆ ਕੀਤੀ ਹੈ। ਇਨ੍ਹਾਂ ਵਿੱਚ ਅਪਰੇਸ਼ਨ ਅਸ਼ਵਮੇਧ, ਅਪਰੇਸ਼ਨ ਵਜਰਾ ਸ਼ਕਤੀ ਅਤੇ ਆਪਰੇਸ਼ਨ ਧਾਂਗੂ ਸ਼ੁਰਕਸ਼ਾ ਸ਼ਾਮਲ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਸਰਕਾਰ ਐੱਨ ਐੱਸ ਜੀ ਦਾ ਛੇਵਾਂ ਕੇਂਦਰ ਅਯੁੱਧਿਆ (ਉੱਤਰ ਪ੍ਰਦੇਸ਼) ਵਿੱਚ ਸਥਾਪਤ ਕਰੇਗੀ। ਇਸ ਮੌਕੇ ਉਨ੍ਹਾਂ ਐੱਨ ਐੱਸ ਜੀ ਦੇ ਵਿਸ਼ੇਸ਼ ਸਿਖਲਾਈ ਕੇਂਦਰ ਦਾ ਨੀਂਹ ਪੱਥਰ ਵੀ ਰੱਖਿਆ।