ਨੇਪਾਲ ਸਰਕਾਰ 5 ਮਾਰਚ ਨੂੰ ਚੋਣਾਂ ਕਰਾਉਣ ਲਈ ਵਚਨਬੱਧ: ਕਾਰਕੀ
ਨੇਪਾਲ ਦੀ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਨੇ ਕਿਹਾ ਕਿ ਉਨ੍ਹਾਂ ਦੀ ਅੰਤਰਿਮ ਸਰਕਾਰ ਅਗਲੇ ਸਾਲ 5 ਮਾਰਚ ਨੂੰ ਆਮ ਚੋਣਾਂ ਆਜ਼ਾਦਾਨਾ ਤੇ ਨਿਰਪੱਖ ਤਰੀਕੇ ਨਾਲ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਇਹ ਗੱਲ ਭਕਤਪੁਰ ਦੇ ਮੱਧਪੁਰ ਥਿਮੀ ’ਚ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਆਖੀ। ਉਨ੍ਹਾਂ ਕਿਹਾ, ‘‘ਅਸੀਂ ਸੰਵਿਧਾਨ ਮੁਤਾਬਿਕ ‘ਜੈੱਨ ਜ਼ੀ’ ਦੀ ਜਾਇਜ਼ ਆਵਾਜ਼ ਬੁਲੰਦ ਕਰਨ ਲਈ ਵਚਨਬੱਧ ਹਾਂ। ਸਰਕਾਰ ਅਜਿਹਾ ਮਾਹੌਲ ਸਿਰਜੇਗੀ, ਜਿੱਥੇ ਨੇਪਾਲ ਦੇ ਲੋਕ ਬਿਨਾਂ ਕਿਸੇ ਡਰ ਤੋਂ ਮਤਦਾਨ ਕਰ ਸਕਣ, ਜਮਹੂਰੀਅਤ ਨੂੰ ਮਜ਼ਬੂਤ ਬਣਾ ਸਕਣ, ਖੁਸ਼ਹਾਲੀ ਨੂੰ ਹੁਲਾਰਾ ਦੇ ਸਕਣ ਤੇ ਨਾਗਰਿਕਾਂ ਦੇ ਹੱਕਾਂ ਦੀ ਰੱਖਿਆ ਕਰ ਸਕਣ।’’
ਦੱਸਣਯੋਗ ਹੈ ਕਿ ‘ਜੈੱਨ ਜ਼ੀ’ ਉਸ ਪੀੜ੍ਹੀ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਜਨਮ 1997 ਤੋਂ 2012 ਦੇ ਦਰਮਿਆਨ ਹੋਇਆ ਹੈ। ਅੰਤਰਿਮ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਨੇ ਇਹ ਟਿੱਪਣੀ ਪਿਛਲੇ ਮਹੀਨੇ ਕਾਰਜਕਾਰੀ ਸਰਕਾਰ ਦੇ ਗਠਨ ਮਗਰੋਂ ਪਹਿਲੀ ਵਾਰ ਮੁੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਅਤੇ ਆਮ ਚੋਣਾਂ ਦੀਆਂ ਤਿਆਰੀਆਂ ਤੇ ਸੁਰੱਖਿਆ ਮੁੱਦਿਆਂ ’ਤੇ ਚਰਚਾ ਤੋਂ ਇੱਕ ਦਿਨ ਬਾਅਦ ਕੀਤੀ ਹੈ।