ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਤਿਵਾਦ ਖ਼ਿਲਾਫ਼ ਡਟ ਕੇ ਖੜ੍ਹਨ ਦੀ ਲੋੜ: ਜੈਸ਼ੰਕਰ

ਵਿਦੇਸ਼ ਮੰਤਰੀ ਨੇ ਪਹਿਲਗਾਮ ਹਮਲੇ ਮਗਰੋਂ ਭਾਰਤ ਦੀ ਜਵਾਬੀ ਕਾਰਵਾੲੀ ਨੂੰ ਜਾਇਜ਼ ਠਹਿਰਾਇਆ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲਦੇ ਹੋਏ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ। -ਫੋਟੋ: ਏਐੱਨਆਈ
Advertisement

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਭਾਰਤ ਵੱਲੋਂ ਦਿੱਤੇ ਗਏ ਜਵਾਬ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਜੇ ਭਵਿੱਖ ’ਚ ਕਿਸੇ ਨੇ ਅਜਿਹੀ ਕੋਈ ਹਿਮਾਕਤ ਕੀਤੀ ਤਾਂ ਉਸ ਨੂੰ ਨਵੀਂ ਦਿੱਲੀ ਬਰਦਾਸ਼ਤ ਨਹੀਂ ਕਰੇਗੀ। ਚੀਨ ਦੇ ਤਿਆਨਜਿਨ ’ਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਮੈਂਬਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਬਿਆਨ ਦਾ ਵੀ ਹਵਾਲਾ ਦਿੱਤਾ ਜਿਸ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੀ ਨਿਖੇਧੀ ਕਰਦਿਆਂ ਉਸ ਦੇ ਸਾਜ਼ਿਸ਼ਘਾੜਿਆਂ, ਵਿੱਤੀ ਤੌਰ ’ਤੇ ਸਹਾਇਤਾ ਦੇਣ ਵਾਲਿਆਂ ਅਤੇ ਸਰਪ੍ਰਸਤਾਂ ਨੂੰ ਜਵਾਬਦੇਹ ਠਹਿਰਾ ਕੇ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਸੀ। ਉਨ੍ਹਾਂ ਕਿਹਾ, ‘‘ਅਸੀਂ ਹਮਲੇ ਮਗਰੋਂ ਬਿਲਕੁਲ ਉਹੋ ਕੀਤਾ ਹੈ ਅਤੇ ਅਜਿਹਾ ਕਰਨਾ ਜਾਰੀ ਰੱਖਾਂਗੇ।’’ ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਚੀਨ ਵੀ ਐੱਸਸੀਓ ਦੇ ਮੈਂਬਰ ਹਨ। ਜੈਸ਼ੰਕਰ ਨੇ ਕਿਹਾ ਕਿ ਪਹਿਲਗਾਮ ਦਹਿਸ਼ਤੀ ਹਮਲਾ ਜੰਮੂ ਕਸ਼ਮੀਰ ਦੇ ਅਰਥਚਾਰੇ ਨੂੰ ਢਾਹ ਲਗਾਉਣ ਅਤੇ ਧਾਰਮਿਕ ਵੰਡੀਆਂ ਪਾਉਣ ਦਾ ਯਤਨ ਸੀ। ਉਨ੍ਹਾਂ ਸ਼ੰਘਾਈ ਸਹਿਯੋਗ ਸੰਗਠਨ ਨੂੰ ਅਤਿਵਾਦ ਅਤੇ ਕੱਟੜਵਾਦ ਨਾਲ ਲੜਨ ਦੇ ਆਪਣੇ ਬੁਨਿਆਦੀ ਉਦੇਸ਼ ਪ੍ਰਤੀ ਡਟੇ ਰਹਿਣ ਅਤੇ ਅਜਿਹੀਆਂ ਚੁਣੌਤੀਆਂ ਖ਼ਿਲਾਫ਼ ‘ਅਟੱਲ’ ਰੁਖ਼ ਅਪਣਾਉਣ ਦਾ ਸੱਦਾ ਦਿੱਤਾ। ਜੈਸ਼ੰਕਰ ਨੇ ਚੇਤੇ ਕਰਵਾਇਆ, ‘‘ਅਤਿਵਾਦ, ਵੱਖਵਾਦ ਅਤੇ ਕੱਟੜਵਾਦ ਦੇ ਟਾਕਰੇ ਲਈ ਐੱਸਸੀਓ ਦਾ ਗਠਨ ਕੀਤਾ ਗਿਆ ਸੀ। ਇਸ ’ਚ ਕੋਈ ਹੈਰਾਨੀ ਨਹੀਂ ਹੈ ਕਿ ਤਿੰਨੋਂ ਬੁਰਾਈਆਂ ਅਕਸਰ ਇਕੱਠੀਆਂ ਹੀ ਵਾਪਰਦੀਆਂ ਹਨ। ਅਸੀਂ ਭਾਰਤ ’ਚ ਪਹਿਲਗਾਮ ਦਹਿਸ਼ਤੀ ਹਮਲੇ ਦੇ ਰੂਪ ’ਚ ਇਸ ਦੀ ਮਿਸਾਲ ਦੇਖੀ ਹੈ।’’ ਵਿਦੇਸ਼ ਮੰਤਰੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਅਪਰੇਸ਼ਨ ਸਿੰਧੂਰ ਦੌਰਾਨ ਚੀਨ ਨੇ ਪਾਕਿਸਤਾਨ ਨੂੰ ਪੂਰੀ ਹਮਾਇਤ ਦਿੱਤੀ ਸੀ। ਐੱਸਸੀਓ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਕੋਈ ਸਾਂਝਾ ਐਲਾਨਨਾਮਾ ਜਾਰੀ ਨਹੀਂ ਹੋ ਸਕਿਆ। ਭਾਰਤ ’ਚ ਸੂਤਰਾਂ ਨੇ ਕਿਹਾ ਕਿ ਐੱਸਸੀਓ ਵਿਦੇਸ਼ ਮੰਤਰੀਆਂ ਦੀਆਂ ਪਿਛਲੀਆਂ ਪੰਜ ਮੀਟਿੰਗਾਂ ਦੌਰਾਨ ਕੋਈ ਸਾਂਝੇ ਐਲਾਨਨਾਮੇ ਜਾਰੀ ਨਹੀਂ ਹੋਏ ਹਨ। ਪਿਛਲੇ ਮਹੀਨੇ ਐੱਸਸੀਓ ਰੱਖਿਆ ਮੰਤਰੀਆਂ ਦੀ ਮੀਟਿੰਗ ਦੌਰਾਨ ਖਰੜੇ ’ਚ ਪਾਕਿਸਤਾਨ ਦਾ ਜ਼ਿਕਰ ਨਾ ਹੋਣ ਕਰਕੇ ਸਾਂਝੇ ਐਲਾਨਨਾਮੇ ’ਤੇ ਸਹਿਮਤੀ ਨਹੀਂ ਬਣੀ ਸੀ। ਜੈਸ਼ੰਕਰ ਨੇ ਅਫ਼ਗਾਨਿਸਤਾਨ ਦੇ ਵਿਕਾਸ ’ਚ ਸਹਿਯੋਗ ਵਧਾਉਣ ਲਈ ਵੀ ਸ਼ੰਘਾਈ ਸਹਿਯੋਗ ਸੰਗਠਨ ਨੂੰ ਅਪੀਲ ਕੀਤੀ। ਉਨ੍ਹਾਂ ਇੰਟਰਨੈਸ਼ਨਲ ਨੌਰਥ-ਸਾਊਥ ਟਰਾਂਸਪੋਰਟ ਕੌਰੀਡੋਰ ਬਣਾਏ ਜਾਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

ਜੈਸ਼ੰਕਰ ਵੱਲੋਂ ਚੀਨੀ ਰਾਸ਼ਟਰਪਤੀ ਨਾਲ ਮੁਲਾਕਾਤ

ਪੇਈਚਿੰਗ: ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਮੈਂਬਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੇ ਉਸ ਵਫ਼ਦ ਵਿਚ ਸ਼ਾਮਲ ਸਨ, ਜਿਸ ਨੇ ਚੀਨੀ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਨੇ ‘ਐਕਸ’ ’ਤੇ ਪੋਸਟ ਵਿਚ ਕਿਹਾ, ‘‘ਰਾਸ਼ਟਰਪਤੀ ਸ਼ੀ ਨੂੰ ਭਾਰਤ-ਚੀਨ ਦੁਵੱਲੇ ਸਬੰਧਾਂ ’ਚ ਹੋ ਰਹੇ ਸੁਧਾਰ ਅਤੇ ਹਾਲੀਆ ਘਟਨਾਕ੍ਰਮ ਬਾਰੇ ਜਾਣੂ ਕਰਵਾਇਆ।’’ ਵਿਦੇਸ਼ ਮੰਤਰੀ ਸੋਮਵਾਰ ਨੂੰ ਐੱਸਸੀਓ ਦੇ ਸੰਮੇਲਨ ’ਚ ਹਿੱਸਾ ਲੈਣ ਲਈ ਦੋ ਰੋਜ਼ਾ ਦੌਰੇ ’ਤੇ ਚੀਨ ਪੁੱਜੇ ਸਨ। ਜੂਨ 2020 ’ਚ ਗਲਵਾਨ ਘਾਟੀ ’ਚ ਝੜਪਾਂ ਮਗਰੋਂ ਦੁਵੱਲੇ ਸਬੰਧਾਂ ’ਚ ਆਈ ਗਿਰਾਵਟ ਤੋਂ ਬਾਅਦ ਜੈਸ਼ੰਕਰ ਦਾ ਇਹ ਪਹਿਲਾ ਚੀਨ ਦੌਰਾ ਹੈ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਐੱਸਸੀਓ ਦੇ ਸਾਥੀ ਵਿਦੇਸ਼ ਮੰਤਰੀਆਂ ਨਾਲ ਪੇਈਚਿੰਗ ’ਚ ਅੱਜ ਸਵੇਰੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ, ‘‘ਮੈਂ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੇਜੀਆਂ ਸ਼ੁਭਕਾਮਨਾਵਾਂ ਜਿਨਪਿੰਗ ਤੱਕ ਪਹੁੰਚਾਈਆਂ। ਸਾਡੇ ਦੁਵੱਲੇ ਸਬੰਧਾਂ ਦੇ ਹਾਲੀਆ ਘਟਨਾਕ੍ਰਮ ਬਾਰੇ ਮੈਂ ਰਾਸ਼ਟਰਪਤੀ ਸ਼ੀ ਨੂੰ ਜਾਣਕਾਰੀ ਦਿੱਤੀ। ਇਸ ਬਾਰੇ ਆਪਣੇ ਆਗੂਆਂ ਦੇ ਮਾਰਗਦਰਸ਼ਨ ਦੀ ਅਸੀਂ ਕਦਰ ਕਰਦੇ ਹਾਂ।’’ -ਪੀਟੀਆਈ

Advertisement

Advertisement